Chandigarh ਦੇ ਮੁੱਖ ਸਕੱਤਰ ਬਾਰੇ ਫੈਸਲਾ ਵਾਪਸ ਲਵੋ: ਸੁਖਬੀਰ ਸਿੰਘ ਬਾਦਲ
ਅਕਾਲੀ ਆਗੂ ਨੇ ਸਿੱਖਾਂ ਨੂੰ ਵੰਡਣ ਲਈ ਪੰਥਕ ਮੁਖੌਟੇ ਤਹਿਤ ਕੰਮ ਕਰਨ ਲਈ ਅਖੌਤੀ ਆਗੂਆਂ ਦੀ ਕੀਤੀ ਨਿਖੇਧੀ
ਚੰਡੀਗੜ੍ਹ, 8 ਜਨਵਰੀ (ਵਿਸ਼ਵ ਵਾਰਤਾ):- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਵਿਚ ਪੰਜਾਬ ਦੇ ਰਾਜਪਾਲ ਕਮ ਯੂ ਟੀ ਦੇ ਪ੍ਰਸ਼ਾਸਕ ਦੇ ਸਲਾਹਕਾਰ ਦੇ ਅਹੁਦੇ ਨੂੰ ਮੁੱਖ ਸਕੱਤਰ ਵਿਚ ਬਦਲਣ ਦੇ ਫੈਸਲੇ ਦੀ ਜ਼ੋਰਦਾਰ ਨਿਖੇਧੀ ਕੀਤੀ।
ਸਰਦਾਰ ਬਾਦਲ ਇਸ ਬਾਰੇ ਕੇਂਦਰ ਸਰਕਾਰ ਵੱਲੋਂ ਲਏ ਫੈਸਲੇ ਬਾਰੇ ਮੀਡੀਆ ਰਿਪੋਰਟਾਂ ’ਤੇ ਪ੍ਰਤੀਕਰਮ ਦੇ ਰਹੇ ਸਨ।
ਉਹਨਾਂ ਕਿਹਾ ਕਿ ਸਰਦਾਰ ਭਗਵੰਤ ਸਿੰਘ ਮਾਨ ਨੇ ਖੁਦ ਚੰਡੀਗੜ੍ਹ ’ਤੇ ਹਰਿਆਣਾ ਦੇ ਹੱਕ ਨੂੰ ਸਵੀਕਾਰ ਕੀਤਾ ਜਦੋਂ ਉਹਨਾਂ ਨੇ ਹਰਿਆਣਾ ਵਿਚ ਵੱਖਰੀ ਵਿਧਾਨ ਸਭਾ ਇਮਾਰਤ ਬਣਾਉਣ ਲਈ ਰਜ਼ਾਮੰਦੀ ਦਿੱਤੀ। ਉਹਨਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਤੇ ਪੀ ਜੀ ਆਈ ਦੇ ਮਾਮਲੇ ’ਤੇ ਵੀ ਮੁੱਖ ਮੰਤਰੀ ਪੰਜਾਬ ਦਾ ਇਹੋ ਸਟੈਂਡ ਰਿਹਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਮਸਲਾ ਪਹਿਲਾਂ ਹੀ ਨਿਬੜਿਆ ਹੋਇਆ ਹੈ ਤੇ ਦੇਸ਼ ਦੇ ਦੋ ਪ੍ਰਧਾਨ ਮੰਤਰੀਆਂ ਦੇ ਨਾਲ-ਨਾਲ ਕੇਂਦਰੀ ਮੰਤਰੀ ਮੰਡਲ ਅਤੇ ਸੰਸਦ ਦੇ ਦੋਵਾਂ ਸਦਨਾਂ ਨੇ ਮਤਾ ਵਾਪਸ ਕਰ ਕੇ 1985 ਦਾ ਉਹ ਮਤਾ ਪ੍ਰਵਾਨ ਕੀਤਾ ਹੈ ਜਿਸ ਤਹਿਤ ਚੰਡੀਗੜ੍ਹ ਪੰਜਾਬ ਹਵਾਲੇ ਕੀਤਾ ਜਾਣਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਹਰਿਆਣਾ ਦੇ ਪੰਜਾਬੀ ਬੋਲਦੇ ਇਲਾਕੇ ਵੀ ਚੰਡੀਗੜ੍ਹ ਦੇ ਨਾਲ ਨਾਲ ਪੰਜਾਬ ਨੂੰ ਦੇਣੇ ਾਕੀ ਹਨ ਤੇ ਇਸ ਬਾਰੇ ਕੋਈ ਵਿਵਾਦ ਨਹੀਂ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਥਾਪਿਤ ਕੀਤੇ ਦੋ ਕਮਿਸ਼ਨਾਂ ਨੇ ਵੀ ਸਪਸ਼ਟ ਤੌਰ ’ਤੇ ਪੰਜਾਬ ਦੇ ਹੱਕ ਵਿਚ ਫਤਵਾ ਦਿੱਤਾ ਹੈ ਤੇ ਕਿਹਾ ਹੈ ਕਿ ਪੰਜਾਬ ਵਿਚ ਹਿੰਦੀ ਬੋਲਦੇ ਅਜਿਹੇ ਕੋਈ ਇਲਾਕੇ ਨਹੀਂ ਹਨ ਜੋ ਹਰਿਆਣਾ ਨੂੰ ਦੇਣੇ ਰਹਿੰਦੇ ਹਨ।
ਸਰਦਾਰ ਬਾਦਲ ਨੇ ਕਿਹਾ ਕਿ ਇਸ ਵਾਸਤੇ1966 ਦੇ ਪੰਜਾਬ ਪੁਨਰਗਠਨ ਐਕਟ ਤਹਿਤ ਇਕੋ ਇਕ ਏਜੰਡਾ ਪੂਰਾ ਕਰਨਾ ਬਾਕੀ ਹੈ ਜੋ ਕਿ ਸਾਡੇ ਸੰਵਿਧਾਨਿਕ ਹੱਕ ਮੁਤਾਬਕ ਸਾਨੂੰ ਰਾਈਪੇਰੀਅਨ ਸੂਬਾ ਹੋਣ ਦੇ ਨਾਅਤੇ ਸਾਨੂੰ ਸਾਡੇ ਦਰਿਆਈ ਪਾਣੀਆਂ ਦਾ ਹੱਕ ਦੇਣਾ ਤੇ ਸੂਬੇ ਵਿਚੋਂ ਬਾਹਰ ਰਹਿ ਪੰਜਾਬੀ ਬੋਲਦੇ ਇਲਾਕੇ ਸਾਨੂੰ ਦੇਣਾ ਬਾਕੀ ਹੈ ਅਤੇ ਨਾਲ ਹੀ ਸਾਨੂੰ ਬੀ ਬੀ ਐਮ ਬੀ, ਵਿਦਿਅਕ ਤੇ ਸਭਿਆਚਾਰਕ ਅਦਾਰਿਆਂ ’ਤੇ ਸੰਸਥਾਗਤ ਕੰਟਰੋਲ ਮਿਲਣਾ ਚਾਹੀਦਾਹੈ। ਉਹਨਾਂ ਕਿਹਾ ਕਿ ਪੰਜਾਬ ਸਿਰਫ ਸੰਵਿਧਾਨ ਤਹਿਤ ਆਪਣੇ ਹੱਕ ਮੰਗ ਰਿਹਾ ਹੈ ਤੇ ਹੋਰ ਕੁਝ ਨਹੀਂ ਮੰਗ ਰਿਹਾ।
ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਇਹਨਾਂ ਮਸਲਿਆਂ ’ਤੇ ਹੋ ਰਹੇ ਗੈਰ ਸੰਵਿਧਾਨਕ ਵਿਤਕਰੇ ਤੋਂ ਇਲਾਵਾ ਨਵੀਂ ਦਿੱਲੀ ਵਿਚ ਸਮੇਂ ਦੀਆਂ ਸਰਕਾਰਾਂ ਨੇ ਸਾਡੇ ਸੂਬੇ ਨਾਲ ਸਿਆਸੀ ਤੌਰ ’ਤੇ ਧੋਖਾ ਕੀਤਾ ਅਤੇ ਸਾਡੇ ਦੇਸ਼ਪ੍ਰਸਤ ਲੋਕਾਂ ਨਾਲ ਹਮੇਸ਼ਾ ਧੋਖਾ ਕੀਤਾ ਹੈ ਜਦੋਂ ਕਿ ਸਾਡੇ ਲੋਕਾਂ ਨੇ ਹਮੇਸ਼ਾ ਸਰਹੱਦੀ ਸੂਬਾ ਹੋਣ ਦੇ ਨਾਅਤੇ ਕੌਮੀ ਸੁਰੱਖਿਆ ਲਈ ਹਮੇਸ਼ਾ ਵੱਧ ਚੜ੍ਹ ਕੇ ਕੁਰਬਾਨੀ ਦਿੱਤੀ ਹੈ। ਉਹਨਾਂਕਿਹਾ ਕਿ ਅਸੀਂ ਕਦੇ ਵੀ ਦੇਸ਼ ਪ੍ਰਤੀ ਆਪਣੇ ਫਰਜ਼ ਵਿਚ ਕੁਤਾਹੀ ਨਹੀਂ ਵਰਤੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਪੰਜਾਬ ਵਿਰੋਧੀ ਫੈਸਲਿਆਂ ਦੀ ਬਦੌਲਤ ਪੰਜਾਬ ਹਮੇਸ਼ਾ ਵਿਲਕਦਾ ਰਿਹਾ ਹੈ ਤੇ ਇਹ ਵਿਤਕਰਾ ਤੁਰੰਤ ਬੰਦ ਹੋਣਾ ਚਾਹੀਦਾ ਹੈ।
ਸਰਦਾਰ ਬਾਦਲ ਨੇ ਅਕਾਲੀ ਦਲ ਦੇ ਵਿਰੋਧੀਆਂ ਖਿਲਾਫ ਵੀ ਤਿੱਖਾ ਹਮਲਾ ਬੋਲਿਆ ਤੇ ਕਿਹਾ ਕਿ ਦਿੱਲੀ ਆਧਾਰਿਤ ਸਿਆਸੀ ਪਾਰਟੀਆਂ ਤੇ ਕੁਝ ਪੀਪਣੀਆਂ ਵਜਾਉਣ ਵਾਲੇ ਤੇ ਨਿਸ਼ਚਿਤ ਏਜੰਡੇ ’ਤੇ ਕੰਮ ਕਰਨ ਵਾਲੇ ਅਜਿਹਾ ਕਰ ਰਹੇ ਹਨ, ਜਿਹਨਾਂ ਦਾ ਮਕਸਦ ਪੰਜਾਬ ਦੇ ਮਾਮਲੇ ਨੂੰ ਕਮਜ਼ੋਰ ਕਰਨਾ ਹੈ ਤੇ ਇਸ ਵਾਸਤੇ ਉਹ ਸੂਬੇ ਖਿਲਾਫ ਪੂਰਾ ਜ਼ੋਰ ਲਗਾ ਰਹੇ ਹਨ। ਉਹਨਾਂ ਕਿਹਾ ਕਿ ਬਜਾਏ ਸੂਬੇ ਲਈ ਨਿਆਂ ਹਾਸਲ ਕਰਨ ਦੇ ਅਜਿਹੇ ਲੋਕਾਂ ਦਾ ਇਕਨੁਕਾਤੀ ਏਜੰਡਾ ਦਿਨ ਰਾਤ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਣਾ ਹੈ। ਉਹਨਾਂ ਕਿਹਾ ਕਿ ਇਹ ਲੋਕ ਪੰਜਾਬ ਵਿਰੋਧੀ ਤਾਕਤਾਂ ਦਾ ਤਰਾਣਾ ਗਾਉਂਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਇਹ ਲੋਕ ਵਾਰ-ਵਾਰ ਇਕੋ ਗੱਲ ਕਹਿੰਦੇ ਹਨ ਕਿ ਅਕਾਲੀ ਦਲ ਦੇ ਸੱਤਾ ਵਿਚ ਹੁੰਦਿਆਂ ਪਾਰਟੀ ਨੇ ਕਦੇ ਵੀ ਪੰਜਾਬ ਦੇ ਹੱਕ ਦੀ ਗੱਲ ਨਹੀਂ ਕੀਤੀ।
ਉਹਨਾਂ ਕਿਹਾ ਕਿ ਇਹ ਲੋਕ ਜਾਣਦੇ ਹਨ ਕਿ ਉਹ ਝੂਝ ਬੋਲ ਰਹੇ ਹਨ ਕਿਉਂਕਿ ਇਹ ਜਾਣਦੇ ਹਨ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਹੁੰਦਿਆਂ ਪੰਜਾਬ ਨਾਲ ਦਰਿਆਈ ਪਾਣੀਆਂ ਦੇ ਮਾਮਲੇ ’ਤੇ ਹੋ ਰਹੇ ਵਿਤਕਰੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਹੁੰਦਿਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੁਪਰੀਮ ਕੋਰਟ ਦੇ ਉਹਨਾਂ ਹੁਕਮਾਂ ਦੀ ਵੀ ਉਲੰਘਣਾ ਕੀਤੀ ਜਿਹਨਾਂ ਵਿਚ ਕਿਹਾ ਗਿਆ ਸੀ ਕਿ ਸਤਲੁਜ ਯਮੁਨਾਂ ਲਿੰਕ ਨਹਿਰ (ਐਸ ਵਾਈ ਐਲ) ਦੀ ਉਸਾਰੀ ਕੀਤੀ ਜਾਵੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਹੁੰਦਿਆਂ ਉਹਨਾਂ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਤੇ ਜਿਹੜੇ ਕਿਸਾਨਾਂ ਦੀ ਜ਼ਮੀਨ ਐਸ ਵਾਈ ਐਲ ਪ੍ਰਾਜੈਕਟ ਵਾਸਤੇ ਐਕਵਾਇਰ ਕੀਤੀ ਗਈ ਸੀ, ਉਹ ਸਾਰੀ ਉਹਨਾਂ ਨੂੰ ਮੁਫਤ ਵਾਪਸ ਕੀਤੀ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਹੁੰਦਿਆ ਯਰਦਾਰ ਬਾਦਲ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਲਾਉਣ ਤੋਂ ਨਾਂਹ ਕੀਤੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਹੁੰਦਿਆਂ ਸਰਦਾਰ ਬਾਦਲ ਨੇ ਸਰਦਾਰ ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਵਿਚ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਅਤੇ ਇਹ ਕੇਸ ਪੰਜਾਬ ਤੋਂ ਬਾਹਰ ਟਰਾਂਸਫਰ ਕਰਵਾਇਆ। ਉਹਨਾਂ ਕਿਹਾ ਕਿ ਅਸੀਂ ਇਹਨਾਂ ਲੋਕਾਂ ਦੀ ਬਦੌਲਤ ਕੇਸ ਵਿਚ ਕਮਜ਼ੋਰੀਆਂ ਦਾ ਲਾਭ ਉਠਾਉਂਦੇ ਰਹਾਂਗੇ। ਉਹਨਾਂ ਕਿਹਾ ਕਿ ਭਾਵੇਂ ਅਕਾਲੀਆਂ ਪ੍ਰਤੀ ਜਿੰਨੀ ਨਫਰਤ ਹੋਵੇ, ਬਹੁਤੇ ਲੋਕ ਹੁਣ ਪੰਥਕ ਮੁਖੌਟੇ ਧਾਰ ਕੇ ਪੰਥ ਲਈ ਸੇਵਾ ਕਰਨ ਦੇ ਦਾਅਵੇ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੇ ਤਾਂ ਧਰਮਯੁੱਧ ਮੋਰਚੇ ਤੇ ਹੋਰ ਮੋਰਿਆਂ ਸਮੇਂ ਵੀ ਅਕਾਲੀਆਂ ਨੂੰ ਬਖਸ਼ਿਆ ਨਹੀਂ ਸੀ। ਉਹਨਾਂ ਕਿਹਾ ਕਿ ਅਕਾਲੀ ਦਲ ਅਜਿਹੇ ਤੱਤਾਂ ਖਿਲਾਫ ਡੱਟ ਕੇ ਖੜ੍ਹਾ ਹੋਵੇਗਾ ਤੇ ਹਮੇਸ਼ਾ ਪੰਜਾਬ ਤੇ ਸਿੱਖਾਂ ਵਾਸਤੇ ਸਿਧਾਂਤਾਂ ਦੀ ਲੜਾਈ ਲੜਦਾ ਰਹੇਗਾ।