ਸਦਗੁਰੂ ਦੀ ਈਸ਼ਾ ਫਾਊਂਡੇਸ਼ਨ ਨੂੰ Supreme Court ਤੋਂ ਮਿਲੀ ਰਾਹਤ, ਮਦਰਾਸ ਹਾਈ ਕੋਰਟ ਦੇ ਹੁਕਮਾਂ ‘ਤੇ ਲਗਾਈ ਰੋਕ
ਦਿੱਲੀ, 3 ਅਕਤੂਬਰ (ਵਿਸ਼ਵ ਵਾਰਤਾ) : ਸਦਗੁਰੂ ਦੀ ਈਸ਼ਾ ਫਾਊਂਡੇਸ਼ਨ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਈਸ਼ਾ ਫਾਊਂਡੇਸ਼ਨ ਮਦਰਾਸ ਹਾਈ ਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਪਹੁੰਚੀ ਸੀ। ਮਦਰਾਸ ਹਾਈ ਕੋਰਟ ਨੇ ਸੋਮਵਾਰ ਨੂੰ ਪੁਲਿਸ ਨੂੰ ਅਧਿਆਤਮਕ ਗੁਰੂ ਜੱਗੀ ਵਾਸੂਦੇਵ ਦੀ ਈਸ਼ਾ ਫਾਊਂਡੇਸ਼ਨ ਦੇ ਖਿਲਾਫ ਦਰਜ ਸਾਰੇ ਅਪਰਾਧਿਕ ਮਾਮਲਿਆਂ ਦੀ ਜਾਣਕਾਰੀ ਦੇਣ ਦਾ ਨਿਰਦੇਸ਼ ਦਿੱਤਾ ਸੀ। ਹਾਈਕੋਰਟ ਨੇ ਇਹ ਹੁਕਮ ਸੇਵਾਮੁਕਤ ਪ੍ਰੋਫੈਸਰ ਐਸ. ਕਾਮਰਾਜ ਵਲੋਂ ਹਾਈ ਕੋਰਟ ‘ਚ ਦਾਇਰ ਪਟੀਸ਼ਨ ‘ਤੇ ਸੁਣਵਾਈ ਦੌਰਾਨ ਦਿੱਤੇ ਸਨ। ਪਟੀਸ਼ਨਕਰਤਾ ਨੇ ਹਾਈ ਕੋਰਟ ਵਿੱਚ ਦਾਅਵਾ ਕੀਤਾ ਸੀ ਕਿ ਉਸ ਦੀਆਂ ਦੋ ਪੜ੍ਹੀਆਂ-ਲਿਖੀਆਂ ਧੀਆਂ ਦਾ ਬ੍ਰੇਨਵਾਸ਼ ਕਰਕੇ ਈਸ਼ਾ ਫਾਊਂਡੇਸ਼ਨ ਦੇ ਯੋਗ ਕੇਂਦਰ ਵਿੱਚ ਰੱਖਿਆ ਗਿਆ ਸੀ। ਇਸ ਮਾਮਲੇ ‘ਤੇ ਟਿੱਪਣੀ ਕਰਦਿਆਂ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ ਕਿ ਤੁਸੀਂ ਅਜਿਹੀ ਸੰਸਥਾ ‘ਚ ਪੁਲਿਸ ਵਾਲਿਆਂ ਦੀ ਫ਼ੌਜ ਨਹੀਂ ਭੇਜ ਸਕਦੇ। ਸੁਪਰੀਮ ਕੋਰਟ ਨੇ ਹਾਈਕੋਰਟ ਵਿੱਚ ਲੰਬਿਤ ਇਸ ਕੇਸ ਨੂੰ ਆਪਣੇ ਕੋਲ ਟਰਾਂਸਫਰ ਕਰ ਲਿਆ ਹੈ। ਹੁਣ ਜਾਂਚ ਦੀ ਸਟੇਟਸ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪੀ ਜਾਵੇਗੀ। ਸੁਪਰੀਮ ਕੋਰਟ ਅਗਲੀ ਸੁਣਵਾਈ 18 ਅਕਤੂਬਰ ਨੂੰ ਕਰੇਗਾ।
ਪੂਰਾ ਮਾਮਲਾ ਕੀ ਹੈ
ਚੀਫ਼ ਜਸਟਿਸ ਨੇ ਰਿਟਾਇਰਡ ਪ੍ਰੋਫੈਸਰ ਐਸ ਕਾਮਰਾਜ ਦੀਆਂ ਦੋਹਾਂ ਧੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਹੁਕਮ ਜਾਰੀ ਕੀਤਾ ਗਿਆ। ਫੋਨ ‘ਤੇ ਗੱਲਬਾਤ ਦੌਰਾਨ ਕਾਮਰਾਜ ਦੀਆਂ ਬੇਟੀਆਂ ਨੇ ਚੀਫ ਜਸਟਿਸ ਨੂੰ ਦੱਸਿਆ ਕਿ ਉਹ ਆਪਣੀ ਮਰਜ਼ੀ ਦੇ ਆਸ਼ਰਮ ‘ਚ ਰਹਿ ਰਹੀਆਂ ਹਨ, ਅਤੇ ਉਹ ਆਪਣੀ ਇੱਛਾ ਅਨੁਸਾਰ ਆਸ਼ਰਮ ਤੋਂ ਬਾਹਰ ਆ ਸਕਦੀਆਂ ਹਨ। ਕਾਮਰਾਜ ਨੇ ਹਾਈ ਕੋਰਟ ‘ਚ ਦਾਇਰ ਹੈਬੀਅਸ ਕਾਰਪਸ ਪਟੀਸ਼ਨ ‘ਚ ਦੋਸ਼ ਲਗਾਇਆ ਸੀ ਕਿ ਉਸ ਦੀਆਂ ਬੇਟੀਆਂ ਨੂੰ ਈਸ਼ਾ ਫਾਊਂਡੇਸ਼ਨ ਦੇ ਆਸ਼ਰਮ ‘ਚ ਬੰਧਕ ਬਣਾ ਕੇ ਰੱਖਿਆ ਗਿਆ ਹੈ। ਜਿਸ ਤੋਂ ਬਾਅਦ ਹਾਈਕੋਰਟ ਨੇ ਆਸ਼ਰਮ ਖਿਲਾਫ ਜਾਂਚ ਦੇ ਹੁਕਮ ਦਿੱਤੇ ਸਨ। ਫ਼ਿਲਹਾਲ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਹੁਕਮਾਂ ‘ਤੇ ਰੋਕ ਲਾ ਦਿੱਤੀ ਹੈ।