Supreme Court ਦੇ ਯੂਟੀਊਬ ਚੈਨਲ ‘ਤੇ ਹੈਕਰਾਂ ਦਾ ਡਿਜੀਟਲ ਹਮਲਾ
ਨਵੀਂ ਦਿੱਲੀ, 20 ਸਤੰਬਰ (ਵਿਸ਼ਵ ਵਾਰਤਾ)Supreme Court: ਹੈਕਰਾਂ ਵੱਲੋਂ ਸੁਪਰੀਮ ਕੋਰਟ ਦੇ ਯੂਟੀਊਬ ਚੈਨਲ ਨੂੰ ਹੈਕ ਕਰਕੇ ਇਸ ਦੇ ਉੱਪਰ ਕ੍ਰਿਪਟੋ ਦੇ ਵੀਡੀਓ ਚਲਾਉਣ ਦਾ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ। ਹੈਕਰਾਂ ਵੱਲੋਂ ਇਸ ਯੂਟੀਊਬ ਚੈਨਲ ਦਾ ਨਾਮ ਵੀ ਬਦਲ ਦਿੱਤਾ ਗਿਆ। ਤਕਨੀਕ ਦੌਰ ਦੇ ਵਿੱਚ ਸਾਈਬਰ ਅਪਰਾਧੀਆਂ ਦੇ ਹੌਸਲੇ ਇੰਨੇ ਵੱਧ ਚੁੱਕੇ ਹਨ ਕਿ ਉਹਨਾਂ ਨੇ ਭਾਰਤ ਦੀ ਸੁਪਰੀਮ ਕੋਰਟ ਦੇ ਯੂਟੀਊਬ ਚੈਨਲ ਨੂੰ ਵੀ ਨਹੀਂ ਬਖਸ਼ਿਆ। ਸੁਪਰੀਮ ਕੋਰਟ ਦਾ ਯੂਟੀਊਬ ਚੈਨਲ ਹੈਕ ਕੀਤੇ ਜਾਣ ਤੋਂ ਬਾਅਦ ਇਸ ਦੇ ਉੱਪਰ ਸੁਪਰੀਮ ਕੋਰਟ ਆਫ ਇੰਡੀਆ ਦੀ ਜਗ੍ਹਾ ਰਿਪਲ ਲਿਖਿਆ ਆ ਰਿਹਾ ਹੈ। ਇਸ ਚੈਨਲ ਤੇ ਸੁਪਰੀਮ ਕੋਰਟ ਦੇ ਵੀਡੀਓ ਦੀ ਜਗ੍ਹਾ ਕ੍ਰਿਪਟੋ ਵੀਡੀਓ ਦਿਖਾਏ ਜਾ ਰਹੇ ਹਨ। ਸਾਈਬਰ ਅਪਰਾਧ ਦਾ ਇਹ ਮਾਮਲਾ ਆਪਣੇ ਆਪ ਦੇ ਵਿੱਚ ਖਾਸ ਇਸ ਕਰਕੇ ਹੈ ਕਿ ਸੁਪਰੀਮ ਕੋਰਟ ਦੇ ਵੱਡੇ ਮਾਮਲਿਆਂ ਦੀ ਸੁਣਵਾਈ ਦੇ ਨਾਲ ਜੁੜੇ ਦਸਤਾਵੇਜ ਅਤੇ ਹੋਰ ਵੇਰਵੇ ਇਸ ਚੈਨਲ ਤੇ ਦਿਖਾਏ ਜਾਂਦੇ ਹਨ। ਹੈਕਰਸ ਵੱਲੋਂ ਅਜਿਹੀਆਂ ਕਾਰਵਾਈਆਂ ਸੁਪਰੀਮ ਕੋਰਟ ਨਾਲ ਜੁੜੇ ਸੰਵੇਦਨਸ਼ੀਲ ਦਸਤਾਵੇਜਾਂ ਦੇ ਲੀਕ ਹੋਣ ਦਾ ਖਤਰਾ ਵੀ ਬਣ ਸਕਦੇ ਹਨ। ਹੈਕਰਾਂ ਦੇ ਵਧਦੇ ਹੋਏ ਦਾਇਰੇ ਨੂੰ ਦੇਖਦਿਆਂ ਕੇਂਦਰੀ ਏਜੰਸੀਆਂ ਸਤਰਕ ਹੋ ਗਈਆਂ ਹਨ ਅਤੇ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਬੇਹਦ ਸੰਜੀਦਗੀ ਦੇ ਨਾਲ ਤਫਤੀਸ਼ ਕੀਤੀ ਜਾ ਰਹੀ ਹੈ। ਸੁਪਰੀਮ ਕੋਰਟ ਦੇ ਯੂਟੀਊਬ ਚੈਨਲ ਨੂੰ ਹੈਕ ਕੀਤੇ ਜਾਣ ਦੇ ਇਸ ਮਾਮਲੇ ਦੀ ਜਿੰਮੇਵਾਰੀ ਅਜੇ ਕਿਸੇ ਵੀ ਹੈਕਰ ਗਰੁੱਪ ਨੇ ਨਹੀਂ ਹੈ। ਕੇਂਦਰੀ ਏਜੰਸੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਜਗ੍ਹਾ ਤੇ ਬੈਠ ਕੇ ਇਸ ਸਾਈਬਰ ਅਪਰਾਧ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ 2018 ਦੇ ਵਿੱਚ ਹੈਕਰਾਂ ਨੇ ਸੁਪਰੀਮ ਕੋਰਟ ਦੀ ਵੈਬਸਾਈਟ ਨੂੰ ਹੈਕ ਕਰ ਲਿਆ ਸੀ। ਇਸ ਦੀ ਪੁਸ਼ਟੀ ਨਹੀਂ ਹੋ ਸਕੀ ਸੀ ਕਿ ਕਿਸ ਹੈਕਰ ਗਰੁੱਪ ਨੇ ਕਿੱਥੇ ਬੈਠ ਕੇ ਸੁਪਰੀਮ ਕੋਰਟ ਦੀ ਇਸ ਵੈਬਸਾਈਟ ਨੂੰ ਹੈਕ ਕੀਤਾ ਸੀ।