Sunil jakhar resign: ਪੰਜਾਬ ‘ਚ ਜ਼ਿਮਨੀ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਭੂਚਾਲ
ਸੁਨੀਲ ਜਾਖੜ ਨੇ ਅਸਤੀਫੇ ‘ਤੇ ਦਿਤਾ ਸਪੱਸ਼ਟੀਕਰਨ
ਪੰਜਾਬ ਭਾਜਪਾ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ,ਪੜ੍ਹੋ ਪੂਰੀ ਖ਼ਬਰ
ਚੰਡੀਗੜ੍ਹ, 14 ਨਵੰਬਰ (ਵਿਸ਼ਵ ਵਾਰਤਾ): ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਦੀ ਖ਼ਬਰ ਸਾਹਮਣੇ ਆਈ ਹੈ। ਇਸ ਖੁਲਾਸੇ ਨੇ ਪੰਜਾਬ ਭਾਜਪਾ ਵਿੱਚ ਭਾਰੀ ਹਲਚਲ ਮਚਾ ਦਿੱਤੀ ਹੈ। ਇਸ ਦੇ ਨਾਲ ਹੀ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਪੰਜਾਬ ਭਾਜਪਾ ਨੂੰ ਜਲਦ ਨਵਾਂ ਪ੍ਰਧਾਨ ਮਿਲ ਸਕਦਾ ਹੈ ਅਤੇ ਰਵਨੀਤ ਸਿੰਘ ਬਿੱਟੂ ਦਾ ਨਾਮ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਹੈ।
ਦੱਸ ਦਈਏ ਕਿ ਪੰਜਾਬ ਵਿੱਚ ਬਰਨਾਲਾ, ਗਿੱਦੜਬਾਹਾ, ਚੱਬੇਵਾਲ, ਡੇਰਾ ਬਾਬਾ ਨਾਨਕ ਵਿਧਾਨ ਸੀਟਾਂ ਉਪਰ ਜ਼ਿਮਨੀ ਚੋਣਾਂ ਹੋਣੀਆਂ ਹਨ। 20 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ 23 ਨਵੰਬਰ ਨੂੰ ਨਤੀਜੇ ਐਲਾਨੇ ਜਾਣੇ ਹਨ। ਪਰ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਤਕਰੀਬਨ ਤਿੰਨ ਮਹੀਨਿਆਂ ਤੋਂ ਪਾਰਟੀ ਦੇ ਪ੍ਰੋਗਰਾਮਾਂ ਤੋਂ ਦੂਰੀ ਬਣਾਈ ਹੋਈ ਹੈ। ਅਜਿਹੇ ‘ਚ ਹਾਲ ਹੀ ‘ਚ ਦਿੱਤੇ ਇਕ ਇੰਟਰਵਿਊ ਦੌਰਾਨ ਸੁਨੀਲ ਜਾਖੜ ਨੇ ਆਪਣੇ ਅਸਤੀਫੇ ਬਾਰੇ ਸਪਸ਼ਟੀਕਰਨ ਦਿੱਤਾ ਹੈ।
ਉਨ੍ਹਾਂ ਕਿਹਾ “ਬੇਸ਼ੱਕ ਲੋਕ ਸਭਾ ਚੋਣਾਂ ’ਚ ਭਾਜਪਾ ਦਾ ਵੋਟ ਪ੍ਰਤੀਸ਼ਤ ਵਧਿਆ ਹੈ ਪਰ ਇਹ ਕੌੜਾ ਸੱਚ ਹੈ ਕਿ ਸਾਨੂੰ ਪੰਜਾਬ ’ਚ ਇਕ ਵੀ ਸੀਟ ਨਹੀਂ ਮਿਲੀ। ਕਿਤੇ ਨਾ ਕਿਤੇ ਮੈਨੂੰ ਇਹ ਮੇਰੀ ਇਹ ਨਾਕਾਮੀ ਜਾਪਦੀ ਹੈ। ਇਹੀ ਕਾਰਨ ਹੈ ਕਿ ਮੈਂ ਆਪਣਾ ਅਸਤੀਫ਼ਾ ਹਾਈਕਮਾਂਡ ਨੂੰ ਦਿੱਤਾ। ਮੈਂ ਹਾਈਕਮਾਂਡ ਕੋਲ ਪੰਜਾਬ ਦੇ ਕਈ ਮੁੱਦੇ ਰੱਖੇ ਤੇ ਉਨ੍ਹਾਂ ’ਤੇ ਚਰਚਾ ਵੀ ਕੀਤੀ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਜਾਵੇ। ਇਹੀ ਕਾਰਨ ਹੈ ਕਿ ਮੈਂ ਪਿਛਲੇ ਕੁਝ ਸਮੇਂ ਤੋਂ ਚੋਣਾਂ ’ਚ ਸਰਗਰਮ ਨਹੀਂ ਹਾਂ। ਮੈਂ ਆਪਣੇ-ਆਪ ’ਤੇ ਫੇਲੀਅਰ ਦਾ ਠੱਪਾ ਨਹੀਂ ਲੱਗਣ ਦੇਣਾ ਚਾਹੁੰਦਾ।
ਇਸ ਤੋਂ ਇਲਾਵਾ ਰਵਨੀਤ ਸਿੰਘ ਬਿੱਟੂ ਵੱਲੋਂ ਆਪਣੇ-ਆਪ ਨੂੰ ਮੁੱਖ ਮੰਤਰੀ ਦੇ ਦਾਅਵੇਦਾਰ ਵਜੋਂ ਪੇਸ਼ ਕਰਨ ’ਤੇ ਜਾਖੜ ਨੇ ਕਿਹਾ ਕਿ ਲੋਕਾਂ ਨੂੰ ਚੰਗੇ ਕਿਰਦਾਰ ਵਾਲਾ ਮੁੱਖ ਮੰਤਰੀ ਚਾਹੀਦਾ ਹੈ, ਜੋ ਪੰਜਾਬ ਦੀ ਗੱਲ ਕਰ ਸਕੇ। ਅਸੀਂ ਪੰਜਾਬ ’ਚ ਰਹਿਣਾ ਹੈ, ਇਸ ਲਈ ਪੰਜਾਬ ’ਚ ਭਾਈਚਾਰੇ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਪੰਜਾਬ ਦੀ ਗੱਲ ਬਹੁਤ ਘੱਟ ਹੋ ਰਹੀ ਹੈ, ਜਦਕਿ ਰਾਜਨੇਤਾ ਆਪਣਾ ਉੱਲੂ ਸਿੱਧਾ ਕਰਨ ’ਚ ਲੱਗੇ ਹੋਏ ਹਨ। ਉਨ੍ਹਾਂ ਬਿੱਟੂ ਬਾਰੇ ਕਿਹਾ ਕਿ “ਪਹਿਲਾਂ ਸਰਕਾਰ ਤਾਂ ਬਣਾ ਲਓ, ਫਿਰ ਸੀ. ਐੱਮ. ਬਾਰੇ ਸੋਚਿਓ।”
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/