ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਵਾਪਿਸ ਪਰਤੇ Sukhbir Singh Badal; ਨਹੀਂ ਕੀਤੀ ਮੀਡੀਆ ਨਾਲ ਕੋਈ ਗੱਲਬਾਤ
ਕਈ ਤਤਕਾਲੀ ਕੈਬਨਿਟ ਮੰਤਰੀ ਵੀ ਹੋਏ ਪੇਸ਼, ਜਾਣੋ ਦਲਜੀਤ ਸਿੰਘ ਚੀਮਾ ਨੇ ਕੀ ਕਿਹਾ
ਅੰਮ੍ਰਿਤਸਰ 31 ਅਗਸਤ (ਵਿਸ਼ਵ ਵਾਰਤਾ): ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਅੱਜ Sukhbir Singh Badal ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ। Sukhbir Singh Badal ਨੇ ਪਹਿਲਾਂ ਇੱਥੇ ਪਹੁੰਚ ਕੇ ਮੱਥਾ ਟੇਕਿਆ ਇਸ ਤੋਂ ਬਾਅਦ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਅਤੇ ਫਿਰ ਉਹ ਆਪਣੇ ਸਾਥੀਆਂ ਸਮੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ। ਇਸ ਤੋਂ ਬਾਅਦ ਉਨਾਂ ਬਾਹਰ ਪਰਿਕਰਮਾ ਵਿੱਚ ਆ ਕੇ ਮੱਥਾ ਟੇਕਿਆ। ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੱਡੀ ਗਿਣਤੀ ਦੇ ਵਿੱਚ ਮੀਡੀਆ ਮੌਜੂਦ ਸੀ। ਮੀਡੀਆ ਵੱਲੋਂ ਸੁਖਬੀਰ ਸਿੰਘ ਬਾਦਲ ਤੋਂ ਕਈ ਸਵਾਲ ਪੁੱਛੇ ਗਏ ਪਰ ਉਹਨਾਂ ਨੇ ਹੱਥ ਜੋੜ ਕੇ ਇਹਨਾਂ ਸਾਰੇ ਸਵਾਲਾਂ ਨੂੰ ਟਾਲ ਦਿੱਤਾ ਅਤੇ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਉਹ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਉਥੋਂ ਵਾਪਸ ਚਲੇ ਗਏ। ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਇਸ ਮੌਕੇ ਉਹਨਾਂ ਦੀ ਸਰਕਾਰ ਵੇਲੇ ਦੇ ਕਈ ਮੰਤਰੀ ਵੀ ਮੌਜੂਦ ਸਨ। ਇਹਨਾਂ ਮੰਤਰੀਆਂ ਵਿੱਚ ਮੁੱਖ ਤੌਰ ਤੇ ਦਲਜੀਤ ਸਿੰਘ ਚੀਮਾ ਗੁਲਜਾਰ ਸਿੰਘ ਰਣੀਕੇ ਨੂੰ ਉਹਨਾਂ ਦੇ ਨਾਲ ਦੇਖਿਆ ਗਿਆ। ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ‘ਤੇ ਅਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਿਸੇ ਨੁਮਾਇੰਦੇ ਜਾਂ ਸਿੰਘ ਸਾਹਿਬਾਨ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ। ਇਸ ਤੋਂ ਪਹਿਲਾਂ ਇਹ ਸਮਝਿਆ ਜਾ ਰਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਅੱਜ ਧਾਰਮਿਕ ਸਜ਼ਾ ਸੁਣਾਈ ਜਾਵੇਗੀ। ਪਰ ਅਜੇ ਤੱਕ ਇਸ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਸਾਥੀਆਂ ਦੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਤੋਂ ਬਾਅਦ ਗੁਲਜਾਰ ਸਿੰਘ ਰਣੀਕੇ ਨੇ ਮੀਡੀਆ ਨਾਲ ਸੰਖੇਪ ਗੱਲਬਾਤ ਕੀਤੀ ਇਸ ਤੋਂ ਬਾਅਦ ਉਸ ਵੇਲੇ ਦੇ ਸਿੱਖਿਆ ਮੰਤਰੀ ਅਤੇ ਕੈਬਨਟ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਮੀਡੀਆ ਨਾਲ ਗੱਲਬਾਤ ਕੀਤੀ।
ਪੇਸ਼ ਹੋਣ ਤੋਂ ਬਾਅਦ ਡਾਕਟਰ ਦਲਜੀਤ ਸਿੰਘ ਚੀਮਾ ਨੇ ਕੀ ਕਿਹਾ
ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ, ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ 15 ਦਿਨਾਂ ਦੇ ਅੰਦਰ ਅੰਦਰ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦਾ ਹੁਕਮ ਦਿੱਤਾ ਗਿਆ ਸੀ, ਉਸ ਤੇ ਅਮਲ ਕਰਦਿਆਂ ਉਹ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਹਨ। ਉਹਨਾਂ ਕਿਹਾ ਕਿ 2012 ਤੋਂ 2017 ਤੱਕ ਉਹ ਕੈਬਨਟ ਮੰਤਰੀ ਸਨ ਇਸ ਲਈ ਉਹਨਾਂ ਨੂੰ ਵੀ ਸਪਸ਼ਟੀਕਰਨ ਦੇਣ ਦਾ ਹੁਕਮ ਦਿੱਤਾ ਗਿਆ ਸੀ। ਉਹ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਸਪਸ਼ਟੀਕਰਨ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਸਹਿਮਤ ਹਨ। ਉਹਨਾਂ ਕਿਹਾ ਕਿ ਉਸ ਵੇਲੇ ਲਏ ਫੈਸਲਿਆਂ ਦੇ ਵਿੱਚ ਸਾਰਿਆਂ ਦੀ ਜਿੰਮੇਵਾਰੀ ਬਰਾਬਰ ਦੀ ਹੈ। ਇਸ ਕਰਕੇ ਉਹ ਬਿਨਾਂ ਸ਼ਰਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਚੇਤ ਅਤੇ ਅਚੇਤ ਤੌਰ ਤੇ ਕੀਤੀਆਂ ਗਈਆਂ ਭੁੱਲਾਂ ਦੇ ਲਈ ਮਾਫੀ ਮੰਗਦੇ ਹਨ ਅਤੇ ਜੋ ਵੀ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਇਆ ਜਾਵੇਗਾ ਉਹ ਉਸ ਦੀ ਨਿਮਾਣੇ ਸਿੱਖ ਦੇ ਤੌਰ ਤੇ ਪਾਲਣਾ ਕਰਨਗੇ। ਅੱਗੋਂ ਉਨ੍ਹਾਂ ਕਿਹਾ ਕਿ ਉਸ ਵੇਲੇ ਦੇ ਹੋਰ ਮੰਤਰੀ ਵੀ ਜਲਦ ਦੀ ਹੁਕਮ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਗੇ।