SGPC ਪ੍ਰਧਾਨ ਧਾਮੀ ਦੀ ਅਗਵਾਈ ਹੇਠ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ‘ਚ ਲਏ ਗਏ ਵੱਡੇ ਫੈਸਲੇ, ਪੜ੍ਹੋ ਵੇਰਵਾ
– ਅੰਤ੍ਰਿੰਗ ਕਮੇਟੀ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਮੁੱਢਲੇ ਤੌਰ ’ਤੇ 20 ਕਰੋੜ ਰੁਪਏ ਰਾਖਵੇਂ ਰੱਖਣ ਦਾ ਕੀਤਾ ਫੈਸਲਾ
– ਕਿਸਾਨਾਂ ਨੂੰ ਖੇਤ ਵਾਹੀਯੋਗ ਬਨਾਉਣ ਲਈ 8 ਲੱਖ ਲੀਟਰ ਡੀਜ਼ਲ ਦੇਵੇਗੀ ਸ਼੍ਰੋਮਣੀ ਕਮੇਟੀ- ਐਡਵੋਕੇਟ ਧਾਮੀ
– 10 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਦਿੱਤਾ ਜਾਵੇਗਾ ਬੀਜ- ਐਡਵੋਕੇਟ ਧਾਮੀ
– ਸ਼੍ਰੋਮਣੀ ਕਮੇਟੀ ਪ੍ਰਭਾਵਿਤ ਗੁਰਦੁਆਰਾ ਸਾਹਿਬਾਨ ਨੂੰ ਦੇਵੇਗੀ 50-50 ਹਜ਼ਾਰ ਰੁਪਏ ਦੀ ਸਹਾਇਤਾ
ਅੰਮ੍ਰਿਤਸਰ, 11 ਸਤੰਬਰ (ਵਿਸ਼ਵ ਵਾਰਤਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਅੰਤ੍ਰਿੰਗ ਕਮੇਟੀ ਦੀ ਅੱਜ ਹੋਈ ਇਕੱਤਰਤਾ ’ਚ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਮੁੱਢਲੇ ਤੌਰ ’ਤੇ 20 ਕਰੋੜ ਰੁਪਏ ਰਾਖਵੇਂ ਰੱਖਣ ਦਾ ਫੈਸਲਾ ਕਰਦਿਆਂ ਪ੍ਰਭਾਵਿਤ ਲੋਕਾਂ ਵਾਸਤੇ ਵੱਖ-ਵੱਖ ਖੇਤਰਾਂ ਲਈ ਵੱਡੇ ਫੈਸਲੇ ਕੀਤੇ ਗਏ।
ਇਕੱਤਰਤਾ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਅੰਦਰ ਹੜ੍ਹਾਂ ਕਾਰਨ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਹੈ। ਇਸ ਨਾਲ ਜਿਥੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਹਨ, ਉਥੇ ਹੀ ਜ਼ਮੀਨਾਂ ਵਿਚ ਆਈ ਰੇਤ ਨੇ ਵੀ ਕਿਸਾਨਾਂ ਲਈ ਵੱਡੀ ਮੁਸੀਬਤ ਖੜ੍ਹੀ ਕੀਤੀ ਹੈ। ਪ੍ਰਭਾਵਿਤ ਪਿੰਡਾਂ ਦੇ ਗੁਰੂ-ਘਰਾਂ ਦਾ ਵੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਹੜ੍ਹ ਆਉਣ ਦੇ ਦਿਨਾਂ ਤੋਂ ਲੈ ਕੇ ਪ੍ਰਭਾਵਿਤ ਇਲਾਕਿਆਂ ਵਿਚ ਨਿਰੰਤਰ ਕਾਰਜਸ਼ੀਲ ਰਹੀ ਹੈ ਅਤੇ ਅੱਜ ਦੀ ਇਕੱਤਰਤਾ ਵਿਚ ਹੜ੍ਹ ਪ੍ਰਭਾਵਿਤ ਇਲਾਕਿਆਂ ਸਬੰਧੀ ਵਿਚਾਰ ਚਰਚਾ ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਮੁੱਢਲੇ ਤੌਰ ’ਤੇ 20 ਕਰੋੜ ਰੁਪਏ ਰਾਖਵੇਂ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ ਲਈ ਸਭ ਤੋਂ ਵੱਡੀ ਸਮੱਸਿਆ ਖੇਤਾਂ ਨੂੰ ਪੱਧਰਾ ਕਰਕੇ ਬਿਜਾਈ ਯੋਗ ਬਣਾਉਣਾ ਹੈ, ਜਿਸ ਵਾਸਤੇ ਸ਼੍ਰੋਮਣੀ ਕਮੇਟੀ 8 ਲੱਖ ਲੀਟਰ ਡੀਜ਼ਲ ਲੋੜਵੰਦਾਂ ਨੂੰ ਦੇਵੇਗੀ। ਇਸ ਦੇ ਨਾਲ ਹੀ 10 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਚੰਗੀ ਕੁਆਲਟੀ ਦਾ ਕਣਕ ਦਾ ਬੀਜ ਵੀ ਦਿੱਤਾ ਜਾਵੇਗਾ।
ਐਡਵੋਕੇਟ ਧਾਮੀ ਨੇ ਕਿਹਾ ਕਿ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਗੁਰਦੁਆਰਾ ਸਾਹਿਬਾਨ ਨੂੰ ਵੀ 50-50 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਜਿਨ੍ਹਾਂ ਬੱਚਿਆਂ ਦੀਆਂ ਕਿਤਾਬਾਂ ਖਰਾਬ ਹੋਈਆਂ ਹਨ, ਉਨ੍ਹਾਂ ਜ਼ਰੂਰਤਮੰਦ ਬੱਚਿਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮੁਫ਼ਤ ਕਿਤਾਬਾਂ ਦਿੱਤੀਆਂ ਜਾਣਗੀਆਂ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਤੋਂ ਮੈਡੀਕਲ ਟੀਮਾਂ ਲੋਕਾਂ ਦੀ ਸਹਾਇਤਾ ਕਰ ਰਹੀਆਂ ਹਨ, ਹੁਣ ਪਾਣੀ ਉਤਰਨ ਤੋਂ ਬਾਅਦ ਵਧ ਰਹੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਤੋਂ 50 ਮੈਡੀਕਲ ਵੈਨਾਂ ਇਨ੍ਹਾਂ ਇਲਾਕਿਆਂ ਵਿਚ ਤਾਇਨਾਤ ਕੀਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਅਤੇ ਲੋੜਵੰਦਾਂ ਨੂੰ ਰਾਸ਼ਨ ਦੇਣ ਦਾ ਕਾਰਜ ਪਹਿਲੇ ਦੀ ਤਰ੍ਹਾਂ ਨਿਰੰਤਰ ਜਾਰੀ ਰੱਖਿਆ ਜਾਵੇਗਾ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਡੀਜ਼ਲ ਤੋਂ ਵੈਟ ਖ਼ਤਮ ਕੀਤਾ ਜਾਵੇ, ਤਾਂ ਜੋ ਲੋਕਾਂ ਦੀ ਵੱਧ ਤੋਂ ਵੱਧ ਸਹਾਇਤਾ ਹੋ ਸਕੇ। ਉਨ੍ਹਾਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜ ਗੁਰੂ ਕੀ ਗੋਲਕ ਅਤੇ ਸੰਗਤਾਂ ਦੇ ਸਹਿਯੋਗ ਨਾਲ ਹੋ ਰਹੇ ਹਨ। ਇਸ ਲਈ ਸੰਗਤਾਂ ਖੁਲ੍ਹਦਿਲੀ ਨਾਲ ਇਨ੍ਹਾਂ ਕਾਰਜਾਂ ਵਿਚ ਯੋਗਦਾਨ ਪਾਉਣ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁਲਾਜ਼ਮਾਂ ਦੀ ਜਥੇਬੰਦੀ ਵੱਲੋਂ ਹੜ੍ਹ ਪੀੜਤਾਂ ਲਈ 1 ਲੱਖ 1 ਹਜ਼ਾਰ ਰੁਪਏ ਦਾ ਚੈੱਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੌਂਪਿਆ। ਅੰਤ੍ਰਿੰਗ ਕਮੇਟੀ ਵਿਚ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਨਾਲ-ਨਾਲ ਹੜ੍ਹਾਂ ਵਿਚ ਚਲਾਣਾ ਕਰ ਜਾਣ ਵਾਲਿਆਂ ਪ੍ਰਤੀ ਸ਼ੋਕ ਮਤਾ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























