SDM Amit Gupta ਨੇ ਕੀਤਾ ਵੱਖ-ਵੱਖ ਪਿੰਡਾਂ ਦਾ ਦੌਰਾ
ਕਿਸਾਨਾਂ ਨੂੰ ਬਿਨਾਂ ਅੱਗ ਲਾਇਆਂ ਪਰਾਲੀ ਦੇ ਨਿਪਟਾਰੇ ਲਈ ਕੀਤਾ ਪ੍ਰੇਰਿਤ
ਕਿਹਾ ਪ੍ਰਸ਼ਾਸਨ ਪਰਾਲੀ ਪ੍ਰਬੰਧਨ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਵਚਨਬੱਧ
ਡੇਰਾਬੱਸੀ, 6 ਅਕਤੂਬਰ, 2024 (ਸਤੀਸ਼ ਕੁਮਾਰ ਪੱਪੀ):- ਸਬ ਡਵੀਜ਼ਨਲ ਮੈਜਿਸਟ੍ਰੇਟ (ਐਸ ਡੀ ਐਮ) ਅਮਿਤ ਗੁਪਤਾ ਨੇ ਐਤਵਾਰ ਨੂੰ ਡੇਰਾਬੱਸੀ ਸਬ ਡਵੀਜ਼ਨ ਦੇ ਬਹੋਰਾ, ਬਹੋਰੀ, ਕਾਰਕੌਰ, ਬਿਰਾਹੀਮਪੁਰ ਤੇ ਪਰਾਗਪੁਰ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਪਰਾਲੀ ਦਾ ਬਿਨਾਂ ਅੱਗ ਲਾਇਆਂ ਨਿਪਟਾਰਾ ਕਰਨ ਲਈ ਪ੍ਰੇਰਿਆ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਡੀ ਪੱਧਰ ’ਤੇ ਕਸਟਮ ਹਾਇਰਿੰਗ ਗਰੁੱਪਾਂ, ਸਹਿਕਾਰੀ ਸਭਾਵਾਂ ਅਤੇ ਕਿਸਾਨਾਂ ਨੂੰ ਨਿੱਜੀ ਤੌਰ ’ਤੇ ਸਬਸਿਡੀ ’ਤੇ ਪਰਾਲੀ ਪ੍ਰਬੰਧਨ ਮਸ਼ੀਨਰੀ ਮੁਹੱਈਆ ਕਰਵਾਈ ਗਈ ਹੈ, ਜਿਸ ਦਾ ਸਦ-ਉਪਯੋਗ ਕਰਕੇ ਪਰਾਲੀ ਨੂੰ ਖੇਤਾਂ ’ਚ ਅਤੇ ਖੇਤਾਂ ਤੋਂ ਬਾਹਰ ਤਕਨੀਕਾਂ ਰਾਹੀਂ ਸੰਭਾਲਿਆ ਜਾਵੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਲਾਏ ਨੋਡਲ ਅਫ਼ਸਰ, ਉਨ੍ਹਾਂ ਨੂੰ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਵਚਨਬੱਧ ਹਨ, ਇਸ ਲਈ ਉਹ ਉਨ੍ਹਾਂ ਦੀ ਮੱਦਦ ਨਾਲ ਮਸ਼ੀਨਰੀ ਦੀ ਪੂਰਤੀ ਕਰ ਸਕਦੇ ਹਨ।
ਉਪ ਮੰਡਲ ਮੈਜਿਸਟ੍ਰੇਟ ਨੇ ਅੱਗੇ ਕਿਹਾ ਕਿ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਕਮਿਸ਼ਨ ਫ਼ਾਰ ਏਅਰ ਕੁਆਲਿਟੀ ਮੈਨੇਜਮੈਂਟ (ਐਨ ਸੀ ਆਰ ਅਤੇ ਆਲੇ-ਦੁਆਲੇ ਦੇ ਖੇਤਰ) ਵੱਲੋਂ ਦਿੱਤੇ ਸਖਤ ਆਦੇਸ਼ਾਂ ਦੇ ਮੱਦੇਨਜ਼ਰ ਪਰਾਲੀ ਨੂੰ ਸਾੜਨਾ ਕਾਨੂੰਨਨ ਜ਼ੁਰਮ ਹੈ, ਜਿਸ ਨਾਲ ਉਨ੍ਹਾਂ ਨੂੰ ਵਾਤਾਵਰਣ ਮੁਆਵਜ਼ਾ ਅਦਾ ਕਰਨ ਦੇ ਨਾਲ-ਨਾਲ ਮਾਲ ਰਿਕਾਰਡ ’ਚ ‘ਰੈੱਡ ਐਂਟਰੀ’ ਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਵੀ ਅੱਗੇ, ਅੱਗ ਲਾਉਣ ਨਾਲ ਵਾਤਾਵਰਣ ਨੂੰ ਨੁਕਸਾਨ ਤਾਂ ਹੰੁਦਾ ਹੀ ਹੈ, ਨਾਲ ਹੀ ਇਨਸਾਨੀ ਜ਼ਿੰਦਗੀਆਂ, ਪਸ਼ੂ-ਪੰਛੀਆਂ ਦੀਆਂ ਜਾਨਾਂ, ਮਿੱਤਰ ਕੀੜਿਆਂ ਅਤੇ ਬਨਸਪਤੀ ਨੂੰ ਵੀ ਨੁਕਸਾਨ ਪੁੱਜਦਾ ਹੈ, ਇਸ ਲਈ ਜਨ ਹਿੱਤ ’ਚ ਪਰਾਲੀ ਦਾ ਨਿਪਟਾਰਾ ਅੱਗ ਨਾ ਲਾ ਕੇ, ਮਸ਼ੀਨਰੀ ਰਾਹੀਂ ਕੀਤਾ ਜਾਵੇ।
ਇਸ ਮੌਕੇ ਉਨ੍ਹਾਂ ਦੇ ਖੇਤੀਬਾੜੀ ਅਫ਼ਸਰ ਡਾ. ਦਾਨਿਸ਼ ਵੀ ਮੌਜੂਦ ਸਨ, ਨੇ ਕਿਸਾਨਾਂ ਨੂੰ ਬਿਨਾਂ ਅੱਗ ਲਾਇਆਂ ਪਰਾਲੀ ਸੰਭਾਲਣ ਨਾਲ ਜ਼ਮੀਨ ਨੂੰ ਹੋਣ ਵਾਲੇ ਲਾਭ ਅਤੇ ਪਰਾਲੀ ਦੇ ਨਿਪਟਾਰੇ ਲਈ ਉਪਲਬਧ ਬੇਲਰਾਂ ਅਤੇ ਹੋਰ ਮਸ਼ੀਨਰੀ ਤੋਂ ਜਾਣੂ ਕਰਵਾਇਆ।