ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਸਾਈਬਰ ਨਾਲ ਸਬੰਧਤ ਅਪਰਾਧਾਂ ਨਾਲ ਨਜਿੱਠਣ ਵਿੱਚ ਮਦਦ ਕਰੇਗਾ: ਡੀਜੀਪੀ ਗੌਰਵ ਯਾਦਵ
– ਬਾਅਦ ਵਿੱਚ, ਡੀਜੀਪੀ ਗੌਰਵ ਯਾਦਵ ਦੁਪਹਿਰ ਦੇ ਖਾਣੇ ‘ਵੱਡਾ ਖਾਣਾ’ ਵਿੱਚ ਹੋਏ ਸ਼ਾਮਲ, ਪੁਲਿਸ ਕਰਮਚਾਰੀਆਂ ਨਾਲ ਕੀਤੀ ਗੱਲਬਾਤ
– ਪਟਿਆਲਾ ਰੇਂਜ ਦੇ ਬਿਹਤਰ ਕਾਰਗੁਜ਼ਾਰੀ ਵਾਲੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਕੀਤਾ ਸਨਮਾਨ
ਚੰਡੀਗੜ੍ਹ/SANGRUR NEWS, 10 ਅਕਤੂਬਰ (ਵਿਸ਼ਵ ਵਾਰਤਾ)-ਸੂਬੇ ਵਿੱਚ ਜਨਤਕ ਸੇਵਾਵਾਂ ਦੇ ਵਿਸਥਾਰ ਲਈ ਪੰਜਾਬ ਪੁਲਿਸ ਦੇ ਸੂਬਾ ਪੱਧਰੀ ਯਤਨਾਂ ਦੇ ਹਿੱਸੇ ਵਜੋਂ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਜਨਤਾ ਅਤੇ ਪੁਲਿਸ ਕਰਮੀਆਂ ਦੋਵਾਂ ਦੀ ਸਹੂਲਤ ਲਈ ਮਜ਼ਬੂਤ ਪੁਲਿਸ ਬੁਨਿਆਦੀ ਢਾਂਚਾ ਵਿਕਸਤ ਕਰਨ ਵਾਸਤੇ ਸੰਗਰੂਰ ਜ਼ਿਲ੍ਹੇ ਵਿੱਚ ਕਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ।
ਅਤਿ-ਆਧੁਨਿਕ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦਾ ਉਦਘਾਟਨ ਕਰਦਿਆਂ ਡੀਜੀਪੀ ਨੇ ਕਿਹਾ ਕਿ ਇਹ ਪੁਲਿਸ ਸਟੇਸ਼ਨ ਆਨਲਾਈਨ ਵਿੱਤੀ ਧੋਖਾਧੜੀ, ਪਛਾਣ ਸਬੰਧੀ ਚੋਰੀ/ਛੇੜਛਾੜ, ਸਾਈਬਰ ਬੁਲਿੰਗ, ਹੈਕਿੰਗ ਅਤੇ ਆਨਲਾਈਨ ਘੁਟਾਲਿਆਂ ਸਮੇਤ ਸਾਈਬਰ-ਸਬੰਧਤ ਅਪਰਾਧਾਂ ਦੀ ਜਾਂਚ ਅਤੇ ਇਸ ਨਾਲ ਨਜਿੱਠਣ ਲਈ ਸਮਰਪਿਤ ਕੇਂਦਰ ਵਜੋਂ ਕੰਮ ਕਰੇਗਾ। ਇਸ ਪੁਲਿਸ ਸਟੇਸ਼ਨ ਨੂੰ ਨਵੀਨਤਮ ਤਕਨਾਲੋਜੀ ਨਾਲ ਲੈਸ ਕੀਤਾ ਗਿਆ ਹੈ ਅਤੇ ਇਸ ਵਿੱਚ ਡਿਜ਼ੀਟਲ ਫੋਰੈਂਸਿਕ ਅਤੇ ਸਾਈਬਰ ਕ੍ਰਾਈਮ ਜਾਂਚ ਵਿੱਚ ਮਾਹਰ ਉੱਚ ਸਿਖਲਾਈ ਪ੍ਰਾਪਤ ਕਰਮਚਾਰੀਆਂ ਸ਼ਾਮਲ ਹਨ।
ਡੀਜੀਪੀ ਗੌਰਵ ਯਾਦਵ ਨੇ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਦੇ ਨਾਲ ਨਵੇਂ ਬਣੇ ਪੁਲਿਸ ਸਟੇਸ਼ਨ ਦਾ ਦੌਰਾ ਕਰਦਿਆਂ ਇਥੇ ਤਾਇਨਾਤ ਸਮੂਹ ਪੁਲਿਸ ਮੁਲਾਜ਼ਮਾਂ ਅਤੇ ਸਟਾਫ ਨਾਲ ਗੱਲਬਾਤ ਕੀਤੀ। ਇਸ ਪੁਲਿਸ ਸਟੇਸ਼ਨ ਵਿੱਚ ਐਸ.ਐਚ.ਓ. ਦਾ ਕਮਰਾ, ਦੋ ਜਾਂਚਕਰਤਾਵਾਂ ਦੇ ਕਮਰੇ, ਸੀ.ਸੀ.ਟੀ.ਐਨ.ਐਸ. ਕਮਰਾ ਅਤੇ ਹਵਾਲਾਤ ਸ਼ਾਮਲ ਹੈ।
ਡੀਜੀਪੀ ਪੰਜਾਬ ਦੇ ਪੁਲਿਸ ਸਟੇਸ਼ਨ ਸੰਗਰੂਰ ਦੇ ਦੌਰੇ ਦੌਰਾਨ ਧੂਰੀ, ਸੰਗਰੂਰ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਅਸ਼ੋਕ ਭੰਡਾਰੀ ਨੇ ਵੀ ਡੀਜੀਪੀ ਪੰਜਾਬ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਪੁਲਿਸ ਵੱਲੋਂ ਉਸਦੇ ਸਾਈਬਰ ਧੋਖਾਧੜੀ ਸਬੰਧੀ ਕੇਸ ਨੂੰ ਹੱਲ ਕਰਨ ਲਈ ਕੀਤੀ ਗਈ ਤੁਰੰਤ ਕਾਰਵਾਈ ਲਈ ਧੰਨਵਾਦ ਕੀਤਾ। ਦੱਸਣਯੋਗ ਹੈ ਕਿ ਭੰਡਾਰੀ ਨਾਲ ਆਨਲਾਈਨ ਵਪਾਰ ਰਾਹੀਂ 1.29 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਸੀ, ਪਰ ਸਾਈਬਰ ਟੀਮ ਸੰਗਰੂਰ ਨੇ ਐਫਆਈਆਰ ਦਰਜ ਕਰਨ ਉਪਰੰਤ ਤੁਰੰਤ ਕਾਰਵਾਈ ਕਰਦਿਆਂ 30 ਲੱਖ ਰੁਪਏ ਬਰਾਮਦ ਕਰ ਲਏ।
ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਉਦਘਾਟਨ ਤੋਂ ਇਲਾਵਾ, ਸ਼ੁਰੂ ਕੀਤੀਆਂ ਗਈਆਂ ਹੋਰਨਾਂ ਮੁੱਖ ਪਹਿਲਕਦਮੀਆਂ ਵਿੱਚ ਪੁਲਿਸ ਦਫ਼ਤਰਾਂ ਵਿੱਚ ਆਉਣ ਵਾਲੇ ਨਾਗਰਿਕਾਂ ਲਈ ਬੈਠਣ ਦੇ ਵਾਧੂ ਖੇਤਰ ਵਾਲੀ ਵਿਸਤ੍ਰਿਤ ਕੰਟੀਨ, ਦਫ਼ਤਰ ਕੰਪਲੈਕਸ ਦੇ ਨੇੜੇ ਵਿਜ਼ਿਟਰਾਂ ਦੇ ਬੈਠਣ ਲਈ ਸੁਵਿਧਾਜਨਕ ਜਨਤਕ ਸ਼ੈੱਡ ਅਤੇ ਅਧਿਕਾਰੀਆਂ ਲਈ ਮੁਰੰਮਤ ਕੀਤੀ ਗਈ ਗਜ਼ਟਿਡ ਅਫਸਰਜ਼ ਮੈਸ ਸ਼ਾਮਲ ਹੈ।
ਇਸ ਤੋਂ ਇਲਾਵਾ, ਡੀਜੀਪੀ ਗੌਰਵ ਯਾਦਵ ਨੇ ਅਪਗ੍ਰੇਡ ਕੀਤੇ ਜ਼ਿਲ੍ਹਾ ਪੁਲਿਸ ਕੰਪਲੈਕਸ ਜਿਸ ਨੂੰ ਲੋਕਾਂ ਦੀ ਵੱਧ ਰਹੀ ਆਮਦ ਨੂੰ ਕੁਸ਼ਲਤਾ ਨਾਲ ਨਜਿੱਠਣ ਲਈ ਤਿਆਰ ਕੀਤਾ ਗਿਆ ਹੈ, ਦਾ ਵੀ ਉਦਘਾਟਨ ਕੀਤਾ। ਇਸ ਦੇ ਨਾਲ ਹੀ ਜਨਤਕ ਕਾਰ ਪਾਰਕਿੰਗ ਲਈ ਇੱਕ ਨੀਂਹ ਪੱਥਰ ਵੀ ਰੱਖਿਆ ਗਿਆ, ਜਿਸ ਨਾਲ ਆਮ ਜਨਤਾ ਨੂੰ ਕਾਫ਼ੀ ਲਾਭ ਹੋਵੇਗਾ।
ਡੀਜੀਪੀ ਨੇ ਕਿਹਾ ਕਿ ਆਧੁਨਿਕ ਸਹੂਲਤਾਂ ਵਿੱਚ ਨਿਵੇਸ਼ ਕਰਨ ਪਿੱਛੇ ਪੰਜਾਬ ਪੁਲਿਸ ਦਾ ਉਦੇਸ਼ ਜਨਤਕ ਸੇਵਾਵਾਂ ਵਿੱਚ ਵਾਧਾ ਕਰਨਾ, ਅਧਿਕਾਰੀਆਂ ਦਰਮਿਆਨ ਭਾਈਚਾਰਕ ਸਾਂਝ ਨੂੰ ਵਧਾਉਣਾ ਅਤੇ ਸਾਰਿਆਂ ਲਈ ਸੁਰੱਖਿਅਤ ਮਾਹੌਲ ਯਕੀਨੀ ਬਣਾਉਣਾ ਹੈ।
ਇਸ ਉਪਰੰਤ ਡੀਜੀਪੀ ਗੌਰਵ ਯਾਦਵ ਸੰਗਰੂਰ ਪੁਲਿਸ ਵੱਲੋਂ ਆਯੋਜਿਤ ਕੀਤੇ ਗਏ ‘ਵੱਡਾ ਖਾਣਾ’ ਦੁਪਹਿਰ ਦੇ ਖਾਣੇ ਵਿੱਚ ਸ਼ਾਮਲ ਹੋਏ। ਇਸ ਦੌਰਾਨ ਸਾਰੇ ਰੈਂਕ ਦੇ ਅਧਿਕਾਰੀਆਂ ਨੂੰ ਪੁਲਿਸ ਮੁਖੀ ਨਾਲ ਗੱਲਬਾਤ ਕਰਕੇ ਆਪਣੇ ਵਿਚਾਰ ਸਾਂਝੇ ਕੀਤੇ ਜੋ ਆਪਸੀ-ਤਾਲਮੇਲ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਅਤੇ ਸੁਚਾਰੂ ਢੰਗ ਨਾਲ ਕੰਮ ਕਰਨ ਲਈ ਬਹੁਤ ਜ਼ਰੂਰੀ ਹੈ।
ਇਸ ਮੌਕੇ ਇਕੱਠੇ ਖਾਣਾ ਖਾਂਦਿਆਂ ਡੀਜੀਪੀ ਨੇ ਸੀਨੀਅਰ ਅਧਿਕਾਰੀਆਂ ਅਤੇ ਜੂਨੀਅਰ ਕਰਮਚਾਰੀਆਂ ਦਰਮਿਆਨ ਆਪਸੀ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ ਲਈ, ਉਨ੍ਹਾਂ ਦੇ ਤਜ਼ਰਬੇ, ਚੁਣੌਤੀਆਂ ਅਤੇ ਦਰਪੇਸ਼ ਸਮੱਸਿਆਵਾਂ ਬਾਰੇ ਵੀ ਗੱਲਬਾਤ ਕੀਤੀ।
ਡੀਜੀਪੀ ਨੇ ਪਟਿਆਲਾ ਰੇਂਜ ਦੇ ਬਿਹਤਰ ਕਾਰਗੁਜ਼ਾਰੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਲਈ ਉਤਸ਼ਾਹਿਤ ਅਤੇ ਪ੍ਰੇਰਿਤ ਕਰਨ ਲਈ ਸਨਮਾਨਿਤ ਵੀ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸਐਸਪੀ ਪਟਿਆਲਾ ਨਾਨਕ ਸਿੰਘ, ਐਸਐਸਪੀ ਸੰਗਰੂਰ ਸਰਤਾਜ ਚਾਹਲ, ਐਸਐਸਪੀ ਬਰਨਾਲਾ ਸੰਦੀਪ ਮਲਿਕ ਅਤੇ ਐਸਐਸਪੀ ਮਾਲੇਰਕੋਟਲਾ ਗਗਨ ਅਜੀਤ ਸਿੰਘ ਮੌਜੂਦ ਸਨ।