ਸੰਗਰੂਰ 29 ਜੂਨ ( ਵਿਸ਼ਵ ਵਾਰਤਾ ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ( CM BHAGWANT SINGH MANN )ਨੇ ਅੱਜ ਸੰਗਰੂਰ ਦੇ ਬਡਰੁੱਖਾਂ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਅੱਜ ਡਰੁੱਖਾਂ ਵਿਖੇ ਸੂਬਾ ਪੱਧਰੀ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਸੀ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੈਬਨਟ ਮੰਤਰੀ ਅਮਨ ਅਰੋੜਾ, ਆਮ ਆਦਮੀ ਪਾਰਟੀ ਦੇ ਹੋਰ ਬਹੁਤ ਸਾਰੇ ਐਮਐਲਏ ਅਤੇ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੀ ਤਰੀਫ ਕਰਦਿਆਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਦੇ ਰਾਜ ਵਿੱਚ ਹਰ ਕਿਸੇ ਨੂੰ ਇਨਸਾਫ ਮਿਲਦਾ ਸੀ ਅਤੇ ਹਰ ਕੋਈ ਬਰਾਬਰ ਸੀ। ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ, ਬਡਰੁੱਖਾਂ ਦੀ ਧਰਤੀ ਤੇ ਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸੀ। ਇਸ ਮੌਕੇ ਉਹਨਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਦੀਆਂ ਕਈ ਅਜਿਹੀਆਂ ਕਹਾਣੀਆਂ ਸੁਣਾਈਆਂ ਜਿਨਾਂ ਤੋਂ ਇਹ ਸਾਬਤ ਹੁੰਦਾ ਹੈ ਕਿ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਸ ਵੇਲੇ ਦਾ ਦੁਨੀਆਂ ਦਾ ਸਭ ਤੋਂ ਤਰੱਕੀ ਪਸੰਦ ਅਤੇ ਅਗਾਂਹਵਧੂ ਰਾਜ ਸੀ। ਉਹਨਾਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਇੰਨੇ ਜਿਆਦਾ ਇਨਸਾਫ ਪਸੰਦ ਸ਼ਾਸਕ ਸਨ ਕਿ, ਗਲਤੀ ਹੋਣ ਤੇ ਉਹਨਾਂ ਖੁਦ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਿਆ ਸੀ, ਅਤੇ ਸਜ਼ਾ ਨੂੰ ਪ੍ਰਵਾਨ ਕੀਤਾ ਸੀ। ਵਿਰੋਧੀ ਸਿਆਸੀ ਪਾਰਟੀਆਂ ‘ਤੇ ਨਿਸ਼ਾਨਾ ਸਾਧਦਿਆਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ, “ਅੱਜ ਦੀਆਂ ਸਿਆਸੀ ਪਾਰਟੀਆਂ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਲੈ ਕੇ ਲੋਕਾਂ ਨੂੰ ਸਿਰਫ ਧੋਖਾ ਹੀ ਦਿੰਦੀਆਂ ਹਨ। ਉਹਨਾਂ ਆਪ ਸ੍ਰੀ ਅਕਾਲ ਤਖਤ ਤੇ ਕੀ ਜਾਣਾ !!! ਉਹ ਉਹਨਾਂ ਨੂੰ ਹੀ ਆਪਣੇ ਕੋਲ ਬੁਲਾ ਲੈਂਦੇ ਹਨ।” ਭਗਵੰਤ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਨ ਦਾ ਕੋਈ ਉਪਰਾਲਾ ਨਹੀਂ ਕੀਤਾ। ਉਹਨਾਂ ਨੇ ਖਾਸ ਤੌਰ ਤੇ ਅਖਬਾਰਾਂ ਦੇ ਵਿੱਚ ਇਸ ਸਬੰਧੀ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਯਾਦ ਦਵਾਈ ਹੈ। ਇਸ ਮੌਕੇ ਉਨਾਂ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੀ ਸ਼ਹਾਦਤ ਨੂੰ ਵੀ ਯਾਦ ਕੀਤਾ। ਉਹਨਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਵੀ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਯਾਦ ਕੀਤਾ ਜਾਵੇਗਾ ਅਤੇ ਉਨਾਂ ਦੀ ਕੁਰਬਾਨੀਆਂ ਤੋਂ ਸੇਧ ਲੈ ਕੇ ਸਰਕਾਰ ਲੋਕਾਂ ਲਈ ਸਮਰਪਿਤ ਹੋ ਕੇ ਕੰਮ ਕਰੇਗੀ।