RG Kar Case : ਨਾਰਾਜ਼ ਡਾਕਟਰਾਂ ਦਾ ਧਰਨਾ-ਪ੍ਰਦਰਸ਼ਨ ਜਾਰੀ; CBI ਨੇ ਦੇਰ ਰਾਤ ਸੰਦੀਪ ਘੋਸ਼ ਅਤੇ ਤਿੰਨ ਹੋਰਾਂ ਦੀ ਕੀਤੀ ਮੈਡੀਕਲ ਜਾਂਚ
ਚੰਡੀਗੜ੍ਹ, 3ਸਤੰਬਰ(ਵਿਸ਼ਵ ਵਾਰਤਾ)RG Kar Case- ਕੋਲਕਾਤਾ ਦੇ ਆਰਜੀ ਕਾਰ ਕਾਲਜ-ਹਸਪਤਾਲ ਵਿੱਚ ਇੱਕ 31 ਸਾਲਾ ਮਹਿਲਾ ਡਾਕਟਰ ਨਾਲ ਕੀਤੀ ਗਈ ਬੇਰਹਿਮੀ ਦੇ ਵਿਰੋਧ ਵਿੱਚ ਡਾਕਟਰਾਂ ਦਾ ਪ੍ਰਦਰਸ਼ਨ ਜਾਰੀ ਹੈ। ਲਾਲ ਬਾਜ਼ਾਰ ਇਲਾਕੇ ਵਿੱਚ ਜੂਨੀਅਰ ਡਾਕਟਰਾਂ ਨੂੰ ਰੋਸ ਪ੍ਰਦਰਸ਼ਨ ਕਰਦੇ ਦੇਖਿਆ ਗਿਆ। ਰੋਸ ਪ੍ਰਦਰਸ਼ਨ ਕਰ ਰਹੇ ਡਾਕਟਰ ਮ੍ਰਿਤਕ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ। ਦੱਸ ਦਈਏ ਕਿ 8-9 ਅਗਸਤ ਦੀ ਦਰਮਿਆਨੀ ਰਾਤ ਨੂੰ ਵਾਪਰੀ ਇਸ ਘਟਨਾ ਵਿੱਚ ਇੱਕ ਮਹਿਲਾ ਡਾਕਟੋਰ ਦਾ ਬਲਾਤਕਾਰ ਕਰਕੇ ਕਤਲ ਕਰ ਦਿੱਤਾ ਗਿਆ ਸੀ।
ਇਸ ਤੋਂ ਪਹਿਲਾਂ ਪੁਲਸ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਕਰ ਰਹੇ ਡਾਕਟਰਾਂ ਨੇ ਸੋਮਵਾਰ ਨੂੰ ਰੈਲੀ ਵੀ ਕੀਤੀ। ਜੂਨੀਅਰ ਡਾਕਟਰ ਨਾਲ ਹੋਈ ਬੇਰਹਿਮੀ ਨੂੰ ਲੈ ਕੇ ਡਾਕਟਰਾਂ ਦੀ ਹੜਤਾਲ ਸੋਮਵਾਰ ਨੂੰ 23ਵੇਂ ਦਿਨ ਵੀ ਜਾਰੀ ਰਹੀ। ਜੂਨੀਅਰ ਡਾਕਟਰਾਂ ਨੇ ਕੋਲਕਾਤਾ ਪੁਲਸ ਦੇ ਪੁਲਸ ਕਮਿਸ਼ਨਰ ਵਿਨੀਤ ਗੋਇਲ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਰੈਲੀ ਕੱਢੀ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਬੰਗਾਲ ਪ੍ਰਦੇਸ਼ ਭਾਜਪਾ ਦੀ ਤਰਫੋਂ ਆਰਜੀ ਕਾਰ ਮੈਡੀਕਲ ਕਾਲਜ ਦੇ ਜੂਨੀਅਰ ਡਾਕਟਰ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਡੀਐਮ ਦਫ਼ਤਰ ਦਾ ਘਿਰਾਓ ਕਰਨ ਲਈ ਰਾਜ ਭਰ ਵਿੱਚ ਮੁਹਿੰਮ ਚਲਾਈ ਗਈ ਸੀ। ਕੂਚ ਬਿਹਾਰ ਦੇ ਸਾਗਰਦੀਘੀ ਵਿੱਚ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਸ਼ੀਥ ਪ੍ਰਮਾਣਿਕ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੀ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ ਅਤੇ ਜਲ ਤੋਪਾਂ ਦੀ ਵੀ ਵਰਤੋਂ ਕੀਤੀ।
ਇਸ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਟੀਮ ਨੇ ਆਰਜੀ ਕਾਰ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ Dr. Sandeep Ghosh ਅਤੇ ਤਿੰਨ ਹੋਰਾਂ ਦੀ ਬੀਆਰ ਸਿੰਘ ਹਸਪਤਾਲ (ਪੂਰਬੀ ਰੇਲਵੇ) ਵਿਖੇ ਮੈਡੀਕਲ ਜਾਂਚ ਕੀਤੀ। ਦੇਰ ਰਾਤ ਹਸਪਤਾਲ ਦੇ ਬਾਹਰ ਸੀਬੀਆਈ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਦੇ ਅਧਿਕਾਰੀ ਨਜ਼ਰ ਆਏ। ਦੱਸ ਦੇਈਏ ਕਿ ਸੀਬੀਆਈ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਨੇ ਵਿੱਤੀ ਬੇਨਿਯਮੀਆਂ ਦੇ ਦੋਸ਼ ਵਿੱਚ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਡਾਕਟਰ ਸੰਦੀਪ ਘੋਸ਼ ਅਤੇ ਤਿੰਨ ਹੋਰਾਂ ਨੂੰ ਗ੍ਰਿਫਤਾਰ ਕੀਤਾ ਹੈ।