RBI ਨੇ ਇਸ ਬੈਂਕ ‘ਤੇ ਲਗਾਇਆ ਭਾਰੀ ਜੁਰਮਾਨਾ
ਗਾਹਕਾਂ ‘ਤੇ ਪਵੇਗਾ ਸਿੱਧਾ ਅਸਰ?
ਨਵੀ ਦਿੱਲੀ, 9 ਨਵੰਬਰ (ਵਿਸ਼ਵ ਵਾਰਤਾ):ਭਾਰਤੀ ਰਿਜ਼ਰਵ ਬੈਂਕ (RBI) ਸਮੇਂ-ਸਮੇਂ ‘ਤੇ ਨਿਯਮਾਂ ਦੀ ਪਾਲਣਾ ਨਾ ਕਰਨ ਲਈ ਬੈਂਕਾਂ ‘ਤੇ ਜੁਰਮਾਨਾ ਲਗਾਉਂਦਾ ਰਹਿੰਦਾ ਹੈ। ਇਸ ਸਿਲਸਿਲੇ ‘ਚ ਹੁਣ ਆਰਬੀਆਈ ਨੇ ‘ਜਮਾਂ ‘ਤੇ ਵਿਆਜ ਦਰ’ ਅਤੇ ‘ਬੈਂਕਾਂ ‘ਚ ਗਾਹਕ ਸੇਵਾ’ ਨਾਲ ਸਬੰਧਤ ਕੁਝ ਹਦਾਇਤਾਂ ਦੀ ਪਾਲਣਾ ਨਾ ਕਰਨ ‘ਤੇ ਸਾਊਥ ਇੰਡੀਅਨ ਬੈਂਕ ‘ਤੇ 59.20 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਿਜ਼ਰਵ ਬੈਂਕ ਕਈ ਵੱਖ-ਵੱਖ ਬੈਂਕਾਂ ‘ਤੇ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਜੁਰਮਾਨਾ ਲਗਾ ਚੁੱਕਾ ਹੈ। ਪਰ ਆਰਬੀਆਈ ਦੁਆਰਾ ਬੈਂਕਾਂ ‘ਤੇ ਲਗਾਏ ਗਏ ਇਸ ਤਰ੍ਹਾਂ ਦੇ ਜੁਰਮਾਨੇ ਦਾ ਗਾਹਕਾਂ ‘ਤੇ ਕੋਈ ਅਸਰ ਨਹੀਂ ਪੈਂਦਾ। ਬੈਂਕ ਨਾਲ ਗਾਹਕਾਂ ਦਾ ਲੈਣ-ਦੇਣ ਪਹਿਲਾਂ ਵਾਂਗ ਹੀ ਸੁਚਾਰੂ ਢੰਗ ਨਾਲ ਜਾਰੀ ਹੈ। ਨਾ ਹੀ ਇਸਦਾ ਬੈਂਕ ਦੁਆਰਾ ਆਪਣੇ ਗਾਹਕਾਂ ਨੂੰ ਪ੍ਰਦਾਨ ਕੀਤੇ ਜਾਣ ਵਾਲੇ ਲਾਭਾਂ ‘ਤੇ ਕੋਈ ਪ੍ਰਭਾਵ ਪੈਂਦਾ ਹੈ।