Rajasthan : ਬੱਸ ਹਾਦਸੇ ‘ਚ 12 ਲੋਕਾਂ ਦੀ ਮੌਤ, 35 ਜ਼ਖਮੀ
ਜੈਪੁਰ, 30 ਅਕਤੂਬਰ (ਵਿਸ਼ਵ ਵਾਰਤਾ)- ਲਕਸ਼ਮਣਗੜ੍ਹ ਨੇੜੇ ਸੀਕਰ ਜ਼ਿਲ੍ਹੇ ‘ਚ ਜੈਪੁਰ ਬੀਕਾਨੇਰ ਹਾਈਵੇਅ ‘ਤੇ ਮੰਗਲਵਾਰ ਨੂੰ ਇੱਕ ਤੇਜ਼ ਰਫ਼ਤਾਰ ਬੱਸ ਦੇ ਪੁਲ ਨਾਲ ਟਕਰਾਉਣ ਕਾਰਨ ਕੁੱਲ 12 ਲੋਕਾਂ ਦੀ ਮੌਤ ਹੋ ਗਈ ਜਦਕਿ 35 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਤੇਜ਼ ਰਫਤਾਰ ਕਾਰਨ ਬੱਸ ਸਹੀ ਮੋੜ ਨਾ ਲੈ ਸਕੀ ਅਤੇ ਇੱਕ ਪੁਲੀ ਨਾਲ ਟਕਰਾ ਗਈ, ਜਿਸ ਕਾਰਨ ਉਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ। 35 ਜ਼ਖਮੀਆਂ ‘ਚੋਂ 7 ਲੋਕ ਗੰਭੀਰ ਰੂਪ ‘ਚ ਜ਼ਖਮੀ ਹਨ ਅਤੇ ਉਨ੍ਹਾਂ ਨੂੰ ਡਾਕਟਰੀ ਇਲਾਜ ਲਈ ਜੈਪੁਰ ਰੈਫਰ ਕਰ ਦਿੱਤਾ ਗਿਆ ਹੈ ਜਦਕਿ ਬਾਕੀਆਂ ਦਾ ਸੀਕਰ ਅਤੇ ਲਕਸ਼ਮਣਗੜ੍ਹ ਦੇ ਹਸਪਤਾਲਾਂ ‘ਚ ਇਲਾਜ ਚੱਲ ਰਿਹਾ ਹੈ। ਰਾਜ ਮੰਤਰੀ ਸੁਮਿਤ ਗੋਦਾਰਾ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਹਸਪਤਾਲ ਦਾ ਦੌਰਾ ਕਰਕੇ ਜ਼ਖ਼ਮੀਆਂ ਨਾਲ ਮੁਲਾਕਾਤ ਵੀ ਕੀਤੀ।
ਮਿਲੀ ਜਾਣਕਾਰੀ ਅਨੁਸਾਰ ਹਾਦਸਾ ਇੰਨਾ ਭਿਆਨਕ ਸੀ ਕਿ ਪੁਲਸ ਨੂੰ ਮ੍ਰਿਤਕ ਦੀ ਪਛਾਣ ਕਰਨ ‘ਚ 2 ਘੰਟੇ ਤੋਂ ਵੱਧ ਸਮਾਂ ਲੱਗ ਗਿਆ। ਹਾਦਸੇ ਤੋਂ ਬਾਅਦ ਜੈਪੁਰ-ਬੀਕਾਨੇਰ ਹਾਈਵੇਅ ‘ਤੇ ਹਫੜਾ-ਦਫੜੀ ਮਚ ਗਈ। ਜ਼ਖਮੀਆਂ ਨੂੰ ਨੇੜਲੇ ਕਸਬਿਆਂ ਅਤੇ ਸੀਕਰ ਤੋਂ ਕਰੀਬ 12 ਐਂਬੂਲੈਂਸਾਂ ਅਤੇ ਨਿੱਜੀ ਵਾਹਨਾਂ ਰਾਹੀਂ ਹਸਪਤਾਲ ਪਹੁੰਚਾਇਆ ਗਿਆ।