Punjab: ਜ਼ਿੰਦਗੀ ਦੀ ਜੰਗ ਹਾਰਿਆ SSF ਮੁਲਾਜ਼ਮ ਹਰਸ਼ਵੀਰ ਸਿੰਘ
- ਇਲਾਜ ਦੌਰਾਨ ਤੋੜਿਆ ਦਮ
- ਰਾਜਾ ਵੜਿੰਗ ਨੇ ਪ੍ਰਗਟਾਇਆ ਦੁੱਖ
ਭਵਾਨੀਗੜ੍ਹ, 11 ਜਨਵਰੀ: ਸੜਕ ਹਾਦਸੇ ‘ਚ ਜ਼ਖਮੀ ਹੋਏ SSF ਦੇ ਮੁਲਾਜ਼ਮ ਹਰਸ਼ਵੀਰ ਸਿੰਘ ਦੀ ਬੀਤੀ ਦੇਰ ਰਾਤ ਮੌਤ ਹੋ ਗਈ। ਉਸ ਨੇ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਦਮ ਤੋੜ ਦਿੱਤਾ। ਹਰਸ਼ਵੀਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਖ਼ਬਰ ਸੁਣਦਿਆਂ ਹੀ ਭਵਾਨੀਗੜ੍ਹ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਵੀ ਹਰਸ਼ਵੀਰ ਸਿੰਘ ਦੀ ਮੌਤ ਤੇ ਦੁੱਖ ਪ੍ਰਗਟਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ “ਭਵਾਨੀਗੜ੍ਹ ਵਿਖੇ ਦੋ ਦਿਨ ਪਹਿਲਾਂ ਹਾਦਸਾਗ੍ਰਸਤ ਹੋਏ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਹਰਸ਼ਵੀਰ ਸਿੰਘ ਜੀ ਦੇ ਅਕਾਲ ਚਲਾਣਾ ਕਰ ਜਾਣ ਦੀ ਖ਼ਬਰ ਬੇਹੱਦ ਦੁੱਖਦਾਈ ਹੈ। ਉਹ ਆਪਣੇ ਮਾਪਿਆਂ ਦੇ ਇੱਕਲੋਤੇ ਪੁੱਤਰ ਸਨ। ਮੈਂ ਉਹਨਾਂ ਦੇ ਮਾਪਿਆਂ ਤੇ ਚਾਹੁਣ ਵਾਲਿਆਂ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਪਰਮਾਤਮਾ ਉਹਨਾਂ ਨੂੰ ਚਰਨਾਂ ਵਿੱਚ ਨਿਵਾਸ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।”
ਦੱਸ ਦਈਏ ਕਿ ਦੋ ਦਿਨ ਪਹਿਲਾਂ ਇਕ ਸਵਿਫਟ ਕਾਰ ਨੇ ਸੜਕ ਸੁਰੱਖਿਆ ਫੋਰਸ (SSF) ਦੀ ਉਸ ਗੱਡੀ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਵਿਚ ਹਰਸ਼ਵੀਰ ਸਿੰਘ ਡਿਊਟੀ ’ਤੇ ਤਾਇਨਾਤ ਸੀ। ਇਸ ਜ਼ੋਰਦਾਰ ਟੱਕਰ ਕਾਰਨ ਦੋਵੇਂ ਗੱਡੀਆਂ ਪਲਟ ਗਈਆਂ ਸਨ ਅਤੇ ਹਰਸ਼ਵੀਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਸੀ।ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕੀਤਾ ਗਿਆ ਸੀ। ਜਿਥੇ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/