Punjab ਸਪੀਕਰ ਸੰਧਵਾਂ ਨੇ ਗੋਲਡ ਮੈਡਲ ਜਿੱਤਣ ਵਾਲੀਆਂ ਬੱਚੀਆਂ ਦਾ 51 ਹਜਾਰ ਰੁਪਏ ਦੇ ਚੈੱਕ ਨਾਲ ਕੀਤਾ ਸਨਮਾਨ
ਕੋਟਕਪੂਰਾ, 8 ਜਨਵਰੀ – ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਕੈਡਮੀ ਕੋਟਕਪੂਰਾ ਦੀਆਂ ਗੋਲਡ ਮੈਡਲ ਜਿੱਤਣ ਵਾਲੀਆਂ ਬੱਚੀਆਂ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 51 ਹਜਾਰ ਰੁਪਏ ਦਾ ਚੈੱਕ ਤਕਸੀਮ ਕਰਕੇ ਸਨਮਾਨ ਕੀਤਾ ।ਇਸ ਮੌਕੇ ਅਕੈਡਮੀ ਦੇ ਸੰਸਥਾਪਕ ਅਤੇ ਗਤਕਾ ਕੋਚ ਗੁਰਪ੍ਰੀਤ ਸਿੰਘ ਖਾਲਸਾ ਨੇ ਆਖਿਆ ਕਿ ਸਪੀਕਰ ਸੰਧਵਾਂ ਦੇ ਯਤਨਾ ਸਦਕਾ ਅਕੈਡਮੀ ਦੇ ਬੱਚੇ/ਬੱਚੀਆਂ ਅਤੇ ਨੌਜਵਾਨ ਲੜਕੇ-ਲੜਕੀਆਂ ਨੇ ਇਸ ਤੋਂ ਪਹਿਲਾਂ ਵੀ ਗੋਲਡ ਮੈਡਲ ਜਿੱਤੇ ਤਾਂ ਸਪੀਕਰ ਸੰਧਵਾਂ ਵਲੋਂ 51-51 ਹਜਾਰ ਰੁਪਏ ਦੀ ਰਾਸ਼ੀ ਭੇਂਟ ਕਰਕੇ ਉਹਨਾ ਨੂੰ ਆਸ਼ੀਰਵਾਦ ਦੇ ਕੇ ਉਹਨਾਂ ਦਾ ਉਤਸ਼ਾਹ ਅਤੇ ਹੋਂਸਲਾ ਵਧਾਇਆ ਗਿਆ।
ਗੁਰਦਵਾਰਾ ਸਾਹਿਬ ਪਾਤਸ਼ਾਹੀ ਦਸਵੀਂ ਕਿਲਾ ਮੁਹੱਲਾ ਪੁਰਾਣਾ ਸ਼ਹਿਰ ਕੋਟਕਪੂਰਾ ਤੋਂ ਦਸਮੇਸ਼ ਪਿਤਾ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਨਿਕਲੇ ਨਗਰ ਕੀਰਤਨ ਦੌਰਾਨ ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਲਖਵੀਰ ਸਿੰਘ ਬੁੱਢਾ ਦਲ ਵਲੋਂ ਸਿਰੋਪਾਉ ਦੀ ਬਖਸ਼ਿਸ਼ ਨਾਲ ਸਨਮਾਨ ਕੀਤਾ ਗਿਆ,
ਸਪੀਕਰ ਸੰਧਵਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਮੱਥਾ ਟੇਕ ਕੇ ਅਤੇ ਪੰਜ ਪਿਆਰਿਆਂ ਨੂੰ ਨਤਮਸਤਕ ਹੋਣ ਉਪਰੰਤ ਆਖਿਆ ਕਿ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਸਮਾਜਸੇਵਾ, ਧਾਰਮਿਕ ਅਤੇ ਸਮਾਜ ਸੁਧਾਰਕ ਕਾਰਜ ਵਿੱਚ ਵੱਡਮੁੱਲੇ ਯੋਗਦਾਨ ਪਾਏ ਹਨ, ਜਿਸ ਦੀ ਮਿਸਾਲ ਦੁਨੀਆਂ ਦੇ ਕੋਨੇ ਕੋਨੇ ਵਿੱਚ ਬੈਠੀਆਂ ਲਾਡਲੀਆਂ ਫੋਜਾਂ ਅਤੇ ਹੋਰ ਸ਼ਖਸ਼ੀਅਤਾਂ ਦੇ ਸੇਵਾ ਕਾਰਜਾਂ ਤੋਂ ਮਿਲਦੀ ਹੈ।
ਗੁਰਪ੍ਰੀਤ ਸਿੰਘ ਖਾਲਸਾ ਨੇ ਕਿਹਾ ਕਿ ਸਪੀਕਰ ਸੰਧਵਾਂ ਨੂੰ ਕਥਨੀ ਅਤੇ ਕਰਨੀ ਦੇ ਪੂਰਨ ਮਨੁੱਖ ਆਖਿਆ ਜਾ ਸਕਦਾ ਹੈ। ਗੁਰਪ੍ਰੀਤ ਸਿੰਘ ਖਾਲਸਾ ਨੇ ਦੱਸਿਆ ਕਿ ਆਲ ਇੰਡੀਆ ਇੰਟਰ ਯੂਨੀਵਰਸਿਟੀ ਗਤਕਾ ਚੈਂਪੀਅਨਸ਼ਿਪ, ਸੁਰੇਸ਼ ਗਿਆਨ ਵਿਹਾਰ ਯੂਨੀਵਰਸਿਟੀ ਜੈਪੁਰ (ਰਾਜਸਥਾਨ) ਵਿਖੇ ਅਰਸ਼ਦੀਪ ਕੌਰ ਬਾਜਾਖਾਨਾ, ਖੁਸ਼ਪ੍ਰੀਤ ਕੌਰ ਕੋਟਕਪੂਰਾ ਅਤੇ ਅਰਸ਼ਦੀਪ ਕੌਰ ਕੋਟਕਪੂਰਾ ਨੇ ਗੁਰੂ ਕਾਂਸ਼ੀ ਯੂਨੀਵਰਸਿਟੀ ਦੇ ਗਤਕਾ ਕੋਚ ਹਰਜਿੰਦਰ ਸਿੰਘ ਕਿਲੀ ਦੀ ਅਗਵਾਈ ਹੇਠ ਉਕਤ ਸਫਲਤਾ ਪ੍ਰਾਪਤ ਕੀਤੀ।