PUNJAB : ਇਕ ਸਦੀ ਦੇ ਸਿੱਖ ਧਾਰਮਿਕ-ਸਿਆਸੀ ਪ੍ਰਵਚਨ ਦੀ ਅੰਤਰ-ਝਾਤ
ਅਕਾਲੀ ਦਲ ਨੇ 1946 ਵਿੱਚ ਕਾਂਗਰਸ ਨਾਲ ਗਠਜੋੜ ਕਰਕੇ ਅਲੱਗ ਸਿੱਖ ਰਾਜ ਦੇ ਮੁੱਦੇ ‘ਤੇ ਚੋਣ ਲੜੀ
ਚੰਡੀਗੜ੍ਹ,15ਫਰਵਰੀ(ਵਿਸ਼ਵ ਵਾਰਤਾ) PUNJAB : ਹੁਣ ਖਾਲਿਸਤਾਨ ਦਾ ਬਿਰਤਾਂਤ ਭਾਰਤ ਦੀ ਭੂਗੋਲੀ ਸਿਆਸਤ ਨੂੰ ਪ੍ਰਭਾਵਿਤ ਕਰ ਰਿਹਾ ਹੈ, ਪਰ ਇਸ ਮੁੱਦੇ ਨੂੰ ਲੋਕਾਂ ਨੇ 1946 ਵਿੱਚ ਹੀ ਨਕਾਰ ਦਿੱਤਾ ਸੀ, ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਅਲੱਗ ਅਤੇ ਆਜ਼ਾਦ ਸਿੱਖ ਰਾਜ ਦੇ ਏਜੰਡੇ ‘ਤੇ ਚੋਣ ਲੜੀ ਸੀ। ਉਸ ਸਮੇਂ ਪਾਰਟੀ ਨੇ ਕਾਂਗਰਸ ਨਾਲ ਸੀਮਿਤ ਚੋਣ ਗਠਜੋੜ ਵੀ ਕੀਤਾ ਸੀ।
ਖਾਲਿਸਤਾਨ ਦੀ ਧਾਰਨਾ ਪਹਿਲੀ ਵਾਰ 1940 ਵਿੱਚ ਮੁਸਲਿਮ ਲੀਗ ਵਲੋਂ ਪਾਕਿਸਤਾਨ ਦੀ ਸਥਾਪਨਾ ਲਈ ਪਾਸ ਕੀਤੇ ਗਏ ਮਤੇ ਦੇ ਜਵਾਬ ਵਜੋਂ ਸਾਹਮਣੇ ਆਈ ਸੀ। ਲੁਧਿਆਣਾ ਦੇ ਡਾ. ਵੀ.ਐਸ. ਭੱਟੀ ਵਲੋਂ ਪਹਿਲੀ ਵਾਰ ਪੇਸ਼ ਸੁਤੰਤਰ ਸਿੱਖ ਰਾਜ ਦੇ ਵਿਚਾਰ ਨੂੰ ਸ਼ੁਰੂ ਸ਼ੁਰੂ ਵਿਚ ਅਕਾਲੀ ਦਲ ਨਾਲੋਂ ਕਾਂਗਰਸ ਦਾ ਵਧੇਰੇ ਧਿਆਨ ਖਿੱਚਿਆ ਸੀ। ਵਰਤਮਾਨ ਸਮੇਂ ਵਿੱਚ, ਖਾਲਿਸਤਾਨ ਦੇ ਪ੍ਰਵਚਨ ਨੇ ਭਾਰਤ ਦੇ ਕੈਨੇਡਾ ਨਾਲ ਸੰਬੰਧਾਂ ੳਤੇ ਮਾੜਾ ਅਸਰ ਪਾਇਆ ਹੈ ਅਤੇ ਸਿੱਖਸ ਫਾਰ ਜਸਟਿਸ ਦੇ ਨੇਤਾ ਗੁਰਪਤਵੰਤ ਸਿੰਘ ਪੰਨੂੰ ਦੀ ਜਾਨ ‘ਤੇ ਹਮਲੇ ਦੀ ਨਾਕਾਮ ਕੋਸ਼ਿਸ਼ ਤੋਂ ਬਾਅਦ ਇਹ ਬਿਰਤਾਂਤ ਅਮਰੀਕਾ ਦੇ ਸੰਬੰਧਾਂ ਵਿੱਚ ਵੀ ਇੱਕ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਪੱਛਮ ਵਿੱਚ ਖਾਲਿਸਤਾਨ ਰਾਇਸ਼ੁਮਾਰੀ ਦੀ ਜਿਹੜੀ ਮੰਗ ਉਠਾਈ ਜਾ ਰਹੀ ਹੈ, ਇਹ ਅਕਾਲੀਆਂ ਦੁਆਰਾ ਦਹਾਕਿਆਂ ਪਹਿਲਾਂ ਉਠਾਏ ਗਏ ਸਵੈ-ਨਿਰਣੇ ਦੀ ਮੰਗ ਦਾ ਹੀ ਇੱਕ ਹੋਰ ਰੂਪ ਹੈ।
ਜਗਤਾਰ ਸਿੰਘ ਦੀ ਕਿਤਾਬ ‘ਸਿੱਖ ਸਟਰੱਗਲ ਡਾਕੂਮੈਂਟਸ 1920-2022’ ਸਿੱਖ ਧਾਰਮਿਕ-ਸਿਆਸੀ ਪ੍ਰਵਚਨ ਉਤੇ ਆ ਰਹੀ ਇਕ ਨਵੀਂ ਪੁਸਤਕ ਹੈ। ਇਸ ਕਿਤਾਬ ਵਿਚ ਪਹਿਲੀ ਵਾਰੀ ਖਾਲਿਸਤਾਨ ਨੂੰ ਵਿਸ਼ਾਲ ਸਿੱਖ ਬਿਰਤਾਂਤ ਦੇ ਹਿੱਸੇ ਵਜੋਂ ਵਿਚਾਰਦਿਆਂ ਇਸ ਸਬੰਧੀ ਬਹੁਤ ਸਾਰੇ ਦਸਤਾਵੇਜ਼ ਪੇਸ਼ ਕੀਤੇ ਗਏ ਹਨ ਜੋ ਇਸ ਵਰਤਾਰੇ ਨੂੰ ਸਮਝਣ ਵਿਚ ਲੋੜੀਂਦੀ ਜਾਣਕਾਰੀ ਤੇ ਮਦਦ ਮੁਹੱਈਆ ਕਰਦੇ ਹਨ।
ਇਹ ਕਿਤਾਬ ਮੂਲ ਦਸਤਾਵੇਜ਼ਾਂ ਉੱਤੇ ਅਧਾਰਿਤ ਹੈ ਜੋ ਇਸ ਗੁੰਝਲਦਾਰ ਮੁੱਦੇ ਦੇ ਵਿਕਾਸ ਨੂੰ ਵਰਤਮਾਨ ਸੰਦਰਭ ਵਿੱਚ ਉਜਾਗਰ ਕਰਦੀ ਹੈ। ਦੂਜੇ ਪਾਸੇ, ਜਦੋਂ ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਆਪਣੀ ਹੋਂਦ ਬਚਾਉਣ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਖਾਸ ਕਰਕੇ ਅਕਾਲ ਤਖ਼ਤ ਵਲੋਂ ਇਸ ਦੇ ਮਾਮਲਿਆਂ ਵਿਚ ਦਿੱਤੇ ਜਾ ਰਹੇ ਦਖ਼ਲ ਸਮੇਂ, ਤਾਂ ਇਸ ਕਿਤਾਬ ਵਿਚ ਪੇਸ਼ ਕੀਤਾ ਗਿਆ ਪਾਰਟੀ ਦਾ 1940 ਵਿਚ ਬਣਿਆ ਸਭ ਤੋਂ ਪਹਿਲਾ ਸੰਵਿਧਾਨ ਇਸਦੇ ਮੁੱਢਲੇ ਉਦੇਸ਼ਾਂ ਤੇ ਸਰੋਕਾਰਾਂ ਨੂੰ ਸਮਝਣ ਵਿਚ ਮਦਦ ਕਰਦਾ ਹੈ। ਇਹ ਉਦੇਸ਼ ਸਨ: “ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਮੰਤਵ ਪੰਥ, ਦੇਸ਼ ਤੇ ਮਜ਼ਲੂਮਾਂ ਦੀ ਸੇਵਾ ਕਰਨਾ ਹੈ ਅਤੇ ਗੁਰਦੁਆਰਿਆਂ ਦੇ ਪ੍ਰਬੰਧ, ਸੁਧਾਰ ਤੇ ਸੇਵਾ ਲਈ ਉੱਦਮ।”
ਇਹਨਾਂ ਬਿਰਤਾਂਤਾਂ ਦੀ ਮਹੱਤਤਾ ਨੂੰ ਸਮਝਣ ਲਈ ਇਹਨਾਂ ਨੂੰ ਇਤਿਹਾਸਕ ਸੰਦਰਭ ਵਿਚ ਵਿਚਾਰਨਾ ਬਹੁਤ ਜ਼ਰੂਰੀ ਹੈ ਖਾਸ ਕਰਕੇ ਜਦੋਂ ਸਿੱਖ ਧਾਰਮਿਕ-ਸਿਆਸੀ ਪ੍ਰਵਚਨ ਨੇ ਭਾਰਤ ਦੀ ਭੂਗੋਲੀ ਸਿਆਸਤ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕੀਤਾ ਹੈ। ਇਹ ਕਿਤਾਬ ਸਿੱਖ ਸੰਘਰਸ਼ਾਂ ਦੀ ਇੱਕ ਸਦੀ ਤੋਂ ਵੱਧ ਦਾ ਵਿਆਪਕ ਅਧਿਐਨ ਪੇਸ਼ ਕਰਦੀ ਹੈ ਜੋ ਮੂਲ ਦਸਤਾਵੇਜ਼ਾਂ ਉੱਤੇ ਅਧਾਰਿਤ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਪਹਿਲਾਂ ਜਨਤਕ ਜਾਣਕਾਰੀ ਦਾ ਹਿੱਸਾ ਨਹੀਂ ਸਨ।
ਇਹ ਇਸ ਲੇਖਕ ਦੀ ਚੌਥੀ ਕਿਤਾਬ ਹੈ। ਪਹਿਲੀਆਂ ਤਿੰਨ ਕਿਤਾਬਾਂ ਹਨ: ਖਾਲਿਸਤਾਨ ਸਟਰੱਗਲ- ਆ ਨਾਨ ਮੂਵਮੈਂਟ, ਰਿਵਰਜ ਆਨ ਫਾਇਰ–ਖਾਲਿਸਤਾਨ ਸਟਰੱਗਲ ਅਤੇ ਕਾਲਾਪਾਣੀ: ਰੋਲ ਆਫ਼ ਪੰਜਾਬੀਜ਼ ਇਨ ਫ਼ਰੀਡਮ ਮੂਵਮੈਂਟ।
ਪੰਜਾਬ ਨੇ 1980 ਦੇ ਦਹਾਕੇ ਦੌਰਾਨ ਇੱਕ ਭਿਆਨਕ ਤੇ ਖੂਨੀ ਟਕਰਾਅ ਆਪਣੇ ਪਿੰਡੇ ਉਤੇ ਹੰਡਾਇਆ ਜੋ 1978 ਦੇ ਅਪ੍ਰੈਲ ਵਿੱਚ ਵਾਪਰੀਆਂ ਘਟਨਾਵਾਂ ਬਾਅਦ ਸ਼ੁਰੂ ਹੋਇਆ ਅਤੇ ਲਗਭਗ ਡੇਢ ਦਹਾਕੇ ਤੱਕ ਚੱਲਿਆ। ਇਸ ਅਰਸੇ ਦੌਰਾਨ ਲਗਭਗ 35,000 ਲੋਕਾਂ ਦੀ ਜਾਨ ਗਈ। ਇਸ ਸੰਘਰਸ਼ ਦੇ ਨਤੀਜਿਆਂ ਦਾ ਪ੍ਰਭਾਵ ਵਿਦੇਸ਼ਾਂ, ਖਾਸ ਕਰਕੇ ਸਿੱਖ ਵਸੋਂ ਵਾਲੇ ਦੇਸ਼ਾਂ, ਵਿੱਚ ਸਭ ਤੋਂ ਵੱਧ ਮਹਿਸੂਸ ਕੀਤਾ ਗਿਆ। ਇਹਨਾਂ ਘਟਨਾਵਾਂ ਨੇ ਭਾਰਤ ਦੇ ਇਹਨਾਂ ਦੇਸ਼ਾਂ ਨਾਲ ਕੂਟਨੀਤਕ ਸੰਬੰਧਾਂ ਨੂੰ ਵੀ ਪ੍ਰਭਾਵਿਤ ਕੀਤਾ, ਖਾਸ ਕਰਕੇ ਕੈਨੇਡਾ ਨਾਲ। ਇਹ ਪੁਸਤਕ ਮੂਲ ਦਸਤਾਵੇਜ਼ਾਂ ਉੱਤੇ ਅਧਾਰਿਤ ਹੋਣ ਕਾਰਨ ਇਸ ਵਰਤਾਰੇ ਨੂੰ ਡੂੰਘਾਈ ਨਾਲ ਸਮਝਣ ਵਿੱਚ ਮਦਦ ਕਰਦੀ ਹੈ ਤੇ ਇਹੀ ਇਸ ਦਾ ਮਕਸਦ ਹੈ।
ਇਸ ਕਿਤਾਬ ਵਿੱਚ ਲਗਭਗ 180 ਮੂਲ ਦਸਤਾਵੇਜ਼ ਸ਼ਾਮਲ ਹਨ, ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਸੰਵਿਧਾਨ, ਵੰਡ ਤੋਂ ਪਹਿਲਾਂ ਦੇ ਸਮੇਂ ਦੌਰਾਨ ਕਾਂਗਰਸ ਦੀ ਪ੍ਰਾਸੰਗਿਕ ਅੰਤਰਝਾਤ, ਅਕਾਲੀ ਨੇਤਾਵਾਂ ਦੇ ਭਾਸ਼ਣ, ਲਗਭਗ ਅਕਾਲੀ ਦਲ ਦੇ ਸਾਰੇ ਮੈਨੀਫੈਸਟੋ ਅਤੇ ਖਾੜਕੂ ਜਥੇਬੰਦੀਆਂ ਦੇ ਪ੍ਰਮੁੱਖ ਬਿਆਨ ਤੇ ਦਸਤਾਵੇਜ਼। ਖਾਲਿਸਤਾਨ ਸੰਘਰਸ਼ ਨੂੰ ਸਮਝਣ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਲਈ ਇਹ ਕਿਤਾਬ ਇੱਕ ਅਨਮੋਲ ਸਰੋਤ ਹੈ, ਜੋ ਅੱਜ ਤੱਕ ਦੀ ਸਭ ਤੋਂ ਵੱਧ ਤੇ ਪੁਖ਼ਤਾ ਜਾਣਕਾਰੀ ਪ੍ਰਦਾਨ ਕਰਦੀ ਹੈ।
ਸਿੱਖਾਂ ਦਾ ਇਤਿਹਾਸ ਲਚਕ, ਉਭਾਰ ਅਤੇ ਅਭਿਲਾਸ਼ਾਵਾਂ ਦੀ ਇੱਕ ਰੋਮਾਂਚਕਾਰੀ ਗਾਥਾ ਹੈ ਜਿਸ ਪਿਛੇ ਉਹਨਾਂ ਦੀ ਦੁਨੀਆਂ ਵਿਚ ਮਾਣ ਅਤੇ ਇੱਜ਼ਤ ਨਾਲ ਜਿਉਣ ਦੀ ਤਾਂਘ ਹੈ। ਕਈ ਵਾਰ, ਇਹ ਤਾਂਘ ਇੱਕ ਸੁਤੰਤਰ ਰਾਜ ਦੀ ਮੰਗ ਦੇ ਰੂਪ ਵਿੱਚ ਵੀ ਸਾਹਮਣੇ ਆਈ ਹੈ। 500 ਸਾਲਾਂ ਤੋਂ ਵੱਧ ਦੇ ਅਰਸੇ ਦੌਰਾਨ, ਸਿੱਖਾਂ ਨੇ ਇੱਕ ਵਾਰ ਸਤਲੁਜ ਨਦੀ ਤੋਂ ਲੈ ਕੇ ਖੈਬਰ ਦੱਰੇ ਤੱਕ ਫੈਲੇ ਵਿਸ਼ਾਲ ਇਲਾਕੇ ਉੱਤੇ ਰਾਜ ਕੀਤਾ ਸੀ, ਜਿਸਦੀਆਂ ਹੱਦਾਂ ਤਿੱਬਤ ਨੂੰ ਛੂਹ ਰਹੀਆਂ ਸਨ। ਉਹ ਭਾਰਤ ਦੀ ਆਜ਼ਾਦੀ ਲਈ ਬ੍ਰਿਟਿਸ਼ ਸਾਮਰਾਜ ਨਾਲ ਹੁੰਦੀ ਰਹੀ ਗੱਲਬਾਤ ਵਿੱਚ ਵੀ ਇੱਕ ਪ੍ਰਮੁੱਖ ਧਿਰ ਸਨ।
ਸਿੱਖ ਧਾਰਮਿਕ-ਸਿਆਸੀ ਵਰਤਾਰੇ ਨੇ ਪਿਛਲੇ ਇੱਕ ਸਦੀ ਤੋਂ ਵੱਧ ਸਮੇਂ ਤੱਕ ਭਾਰਤੀ ਸਿਆਸਤ ਨੂੰ ਇਸ ਦਾ ਮੂੰਹ-ਮੱਥਾ ਉਘਾੜਣ ਦੀ ਹੱਦ ਤੱਕ ਪ੍ਰਭਾਵਿਤ ਕੀਤਾ ਹੈ ਖਾਸ ਕਰਕੇ 15 ਨਵੰਬਰ 1920 ਨੂੰ ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਸਿੱਖਾਂ ਦੇ ਸਰਬਉੱਚ ਅਸਥਾਨ ਅਕਾਲ ਤਖ਼ਤ ਉਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਨਾਲ ਸਿੱਖ ਸੰਘਰਸ਼ ਦੇ ਪੁਨਰਉਥਾਨ ਤੋਂ ਬਾਅਦ ਦੇ ਦੌਰ ਵਿਚ।
ਖਾਲਿਸਤਾਨ ਦੇ ਬਿਰਤਾਂਤ ਵਿਚ 1947 ਦੀ ਭਾਰਤ ਦੀ ਵੰਡ ਤੋਂ ਬਾਅਦ ਹੋਰ ਉਭਾਰ ਆਇਆ। ਇਹ ਵੰਡ ਕਾਰਨ ਵਾਪਰਿਆ ਭਿਅੰਕਰ ਤੇ ਦੁਖਦਾਈ ਕਤਲੇਆਮ ਮਨੁੱਖੀ ਇਤਿਹਾਸ ਵਿਚ ਵਾਪਰੇ ਅਜਿਹੇ ਨਰਸੰਘਾਰਾਂ ਵਿੱਚੋਂ ਇੱਕ ਸੀ। ਉਦੋਂ ਤੋਂ, ਸਿੱਖ ਧਾਰਮਿਕ-ਸਿਆਸੀ ਸਰਗਰਮੀਆਂ ਨੇ ਭਾਰਤ ਦੇ ਸਿਆਸੀ ਦ੍ਰਿਸ਼ ਉਤੇ ਅਸਰ ਪਾਉਣਾ ਕਰਨਾ ਜਾਰੀ ਰੱਖਿਆ ਹੋਇਆ ਹੈ। ਇਸ ਦੇ ਭੂਗੋਲੀ ਸਿਆਸੀ ਸਬੰਧਾਂ, ਖਾਸ ਕਰ ਕੇ ਬਾਹਰਲੇ ਮੁਲਕਾਂ ਵਿਚ ਵਸਦੇ ਸਿੱਖਾਂ ਨਾਲ, ਨੂੰ ਨਵਾਂ ਮੋੜ ਦਿੱਤਾ ਹੈ।
ਇਸ ਪੁਸਤਕ ਅੰਦਰ 1940 ਵਿਚ ਪਹਿਲੀ ਵਾਰ ਮੁਸਲਿਮ ਲੀਗ ਦੇ ਪਾਕਿਸਤਾਨ ਮਤੇ ਦੇ ਜਵਾਬ ਵਜੋਂ ਖਾਲਿਸਤਾਨ ਦੀ ਮੰਗ ਉਠਾਉਣ ਤੋਂ ਲੈ ਕੇ ਇਸ ਬਿਰਤਾਂਤ ਤੇ ਸੰਘਰਸ਼ ਨਾਲ ਸਬੰਧਤ ਸਾਰੇ ਸਬੰਧਤ ਦਸਤਾਵੇਜ਼ ਸ਼ਾਮਲ ਹਨ।ਇਹ ਸਾਰੇ ਬਿਰਤਾਂਤ ਦਾ ਕੇਂਦਰ ਬਿੰਦੂ ਪੰਜਾਬ ਲਈ ਖੁਦਮੁਖਤਿਆਰੀ ਅਤੇ ਇੱਕ ਵੱਖਰੇ ਸਿੱਖ ਰਾਜ ਦੀ ਤਾਂਘ ਹੈ।
ਇਸ ਕਿਤਾਬ ਵਿੱਚ ਮੁਲਕ ਦੀ ਵੰਡ ਤੋਂ ਪਹਿਲਾਂ ਅਤੇ ਬਾਅਦ ਦੇ ਅਰਸੇ ਦੇ ਬਹੁਤ ਮਹੱਤਵਪੂਰਨ ਮੂਲ ਦਸਤਾਵੇਜ਼ ਸ਼ਾਮਲ ਹਨ। ਇਥੇ ਇਹ ਨੁਕਤਾ ਵੀ ਧਿਆਨ ਮੰਗਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1947 ਤੋਂ ਪਹਿਲਾਂ ਬਕਾਇਦਾ ਇੱਕ ਅਲੱਗ ਸਿੱਖ ਰਾਜ ਦੀ ਵਕਾਲਤ ਕੀਤੀ ਸੀ। ਇਹ ਪੁਸਤਕ ਇਸ ਮਾਮਲੇ ਵਿੱਚ ਵੀ ਵਿਲੱਖਣ ਹੈ ਕਿਉਂਕਿ ਇਹ 20ਵੀਂ ਸਦੀ ਦੇ ਸ਼ੁਰੂਆਤੀ ਦੌਰ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਦੇ ਧਾਰਮਿਕ-ਸਿਆਸੀ ਵਰਤਾਰੇ ਵਿਚ ਆਉਂਦੀਆਂ ਰਹੀਆਂ ਤਬਦੀਲੀਆਂ ਨੂੰ ਦਰਸਾਉਂਦੀ ਹੈ। ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਮੈਨੀਫੈਸਟੋ, ਇਸ ਦੇ ਵੱਖ-ਵੱਖ ਸੰਵਿਧਾਨ ਅਤੇ ਖਾੜਕੂ ਸੰਘਰਸ਼ ਨਾਲ ਸਬੰਧਤ ਮਹੱਤਵਪੂਰਨ ਦਸਤਾਵੇਜ਼ ਵੀ ਸ਼ਾਮਲ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/