PUNJAB : ਸ਼੍ਰੋਮਣੀ ਕਮੇਟੀ ਨੇ 1386.47 ਕਰੋੜ ਦਾ ਬਜਟ ਕੀਤਾ ਪੇਸ਼
ਚੰਡੀਗੜ੍ਹ, 28ਮਾਰਚ(ਵਿਸ਼ਵ ਵਾਰਤਾ) PUNJAB : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਲਾਨਾ ਬਜਟ ਅੱਜ ਪੇਸ਼ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਵਲੋਂ ਬਜਟ ਇਜਲਾਸ ਦੌਰਾਨ ਸ਼੍ਰੋਮਣੀ ਕਮੇਟੀ ਦਾ ਸਾਲ 2025-26 ਲਈ 13 ਅਰਬ 86 ਕਰੋੜ 47 ਲੱਖ 80 ਹਜ਼ਾਰ ਰੁਪਏ ਦਾ ਪ੍ਰਸਤਾਵਿਤ ਬਜਟ ਪੇਸ਼ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ ਨਾਲੋਂ 10 ਫੀਸਦ ਵੱਧ ਹੈ। ਬਜਟ ਸਪੀਚ ਵਿੱਚ ਸ਼ੇਰ ਸਿੰਘ ਮੰਡਵਾਲਾ ਨੇ ਕਿਹਾ ਹੈ ਕਿ ਇਸ ਵਿਤੀ ਸਾਲ ਵਿੱਚ ਅਨੁਮਾਨਤ ਖ਼ਰਚਾ 1376 ਕਰੋੜ 47 ਲੱਖ ਰੁਪਏ ਦਾ ਹੋਵੇਗਾ। ਇਸ ਨਾਲ ਸ਼੍ਰੋਮਣੀ ਕਮੇਟੀ ਦਾ ਆਮਦਨ ਨਾਲੋਂ 10 ਕਰੋੜ ਰੁਪਏ ਘੱਟ ਖ਼ਰਚ ਹੋਣ ਦਾ ਅਨੁਮਾਨ ਹੈ।
ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ ਇਥੇ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਅਰਦਾਸ ਮਗਰੋਂ ਆਰੰਭ ਹੋਇਆ।
ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਵਿੱਚ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ, ਯੋਗਤਾ, ਕਾਰਜ ਖੇਤਰ ਅਤੇ ਸੇਵਾ ਮੁਕਤੀ ਆਦਿ ਬਾਰੇ ਨਿਯਮ ਬਣਾਉਣ ਲਈ ਪ੍ਰਵਾਨਗੀ ਦਿੱਤੀ ਗਈ ਹੈ। ਇਸ ਸਬੰਧ ਵਿੱਚ ਇੱਕ ਉੱਚ ਪੱਧਰੀ ਕਮੇਟੀ ਗਠਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਇੱਥੇ ਗੋਲਡਨ ਗੇਟ ਵਿਖੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਹੇਠ ਸੰਗਤਾਂ ਦਾ ਵੱਡਾ ਇਕੱਠ ਹੋਇਆ ਅਤੇ ਉਹਨਾਂ ਸ੍ਰੀ ਦਰਬਾਰ ਸਾਹਿਬ ਸਮੂਹ ਵੱਲ ਰੋਸ ਮਾਰਚ ਕੀਤਾ। ਰੋਸ ਮਾਰਚ ਦੀ ਅਗਵਾਈ ਕਰ ਰਹੇ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਉਹਨਾਂ ਦਾ ਇਹ ਰੋਸ ਮਾਰਚ ਨਿਰੋਲ ਧਾਰਮਿਕ ਹੈ, ਜਿਸ ਤਹਿਤ ਮੁੱਖ ਮੰਗ ਸੇਵਾ ਮੁਕਤ ਕੀਤੇ ਗਏ ਜਥੇਦਾਰਾਂ ਦੀ ਬਹਾਲੀ ਕਰਨਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/