ਅੰਮ੍ਰਿਤਸਰ, 24 ਜਨਵਰੀ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਅਗਾਮੀ ਚੋਣਾਂ ਲਈ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 3 ਜਨਵਰੀ, 2025 ਨੂੰ ਕਰਵਾ ਦਿੱਤੀ ਗਈ ਸੀ ਅਤੇ ਮੁੱਢਲੀ ਪ੍ਰਕਾਸ਼ਨਾ, ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨ ਦੀ ਆਖਰੀ ਮਿਤੀ 24 ਜਨਵਰੀ, 2025 ਸੀ ਜਿਸ ਨੂੰ ਕਮਿਸ਼ਨਰ ਗੁਰਦੁਆਰਾ ਚੋਣਾ ਵੱਲੋਂ ਵਧਾ ਕੇ 10 ਮਾਰਚ, 2025 ਤੱਕ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਜਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਜਨਰਲ ਜੋਤੀ ਬਾਲਾ ਨੇ ਦੱਸਿਆ ਕਿ ਯੋਗ ਸਿੱਖ ਵੋਟਰ ਨਵੀਂ ਵੋਟ ਬਣਾਉਣ ਵਾਸਤੇ ਬਿਨੈਪੱਤਰ ਫਾਰਮ ਨੰ:1 ਵਿੱਚ ਸਮੇਤ ਇਕ ਰੰਗਦਾਰ ਪਾਸਪੋਰਟ ਸਾਈਜ ਫੋਟੋ ਤੇ ਅਧਾਰ ਕਾਰਡ ਦੀ ਕਾਪੀ ਨਾਲ ਨੱਥੀ ਕਰਕੇ ਸਬੰਧਤ ਰੀਵਾਇਜਿੰਗ ਅਥਾਰਟੀ ਦਫਤਰ ਵਿਖੇ 10 ਮਾਰਚ, 2025 ਤੱਕ ਜਮਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪ੍ਰਾਪਤ ਹੋਏ ਦਾਅਵੇ ਇਤਰਾਜਾਂ ਨੂੰ ਡਿਸਪੋਜ ਕਰਨ ਦੀ ਆਖਰੀ ਮਿਤੀ 24-3-2025 ਹੈ ਅਤੇ ਵੋਟਰ ਸੂਚੀਆਂ ਦੀ ਛਪਾਈ 15 ਅਪ੍ਰੈਲ, 2025 ਤੱਕ ਮੁਕੰਮਲ ਕਰਕੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 16 ਅਪ੍ਰੈਲ, 2025 ਨੂੰ ਕੀਤੀ ਜਾਵੇਗੀ।