Punjab Sarpanches: ਪੰਜਾਬ ਦੇ ਨਵੇਂ ਚੁਣੇ ਸਰਪੰਚਾਂ ਨੂੰ ਅਗਲੇ ਹਫਤੇ ਸਹੁੰ ਚੁੱਕਵਾਉਣਗੇ ਮੁੱਖ ਮੰਤਰੀ ਮਾਨ
ਚੰਡੀਗੜ੍ਹ, 2 ਨਵੰਬਰ (ਵਿਸ਼ਵ ਵਾਰਤਾ): ਪੰਜਾਬ ਦੇ ਨਵੇਂ ਚੁਣੇ ਸਰਪੰਚਾਂ ਦਾ ‘ਸਹੁੰ ਚੁੱਕ ਸਮਾਗਮ’ ਨਵੰਬਰ ਦੇ ਦੂਸਰੇ ਹਫ਼ਤੇ ’ਚ ਹੋਵੇਗਾ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨਵੇਂ ਚੁਣੇ ਸਰਪੰਚਾਂ (Punjab Sarpanches) ਨੂੰ ਹਲਫ਼ ਦਿਵਾਉਣਗੇ। ਇਹ ਸਮਾਗਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿਚ ਹੋਣ ਦੀ ਸੰਭਾਵਨਾ ਹੈ ਕਿਉਕਿ ਕੁਝ ਦਿਨਾਂ ‘ਚ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਵੀ ਹੈ।
ਜਾਣਕਾਰੀ ਅਨੁਸਾਰ ਨਵੇਂ ਚੁਣੇ ਪੰਚਾਂ ਅਤੇ ਸਰਪੰਚਾਂ ਨੂੰ ਦੋ ਪੜਾਵਾਂ ਵਿਚ ਸਹੁੰ ਚੁਕਾਈ ਜਾਵੇਗੀ। ਪਹਿਲੇ ਪੜਾਅ ’ਚ ਸਿਰਫ਼ ਸਰਪੰਚਾਂ ਨੂੰ ਸਹੁੰ ਚੁਕਾਏ ਜਾਣ ਦੀ ਸੰਭਾਵਨਾ ਹੈ। ਨਵੇਂ ਚੁਣੇ ਪੰਚਾਂ ਨੂੰ ਦੂਸਰੇ ਪੜਾਅ ਵਿਚ ਜ਼ਿਲ੍ਹਾਵਾਰ ਸਹੁੰ ਚੁਕਾਈ ਜਾਵੇਗੀ।ਸ਼ਨਿੱਚਰਵਾਰ ਨੂੰ ਇਸ ਸੰਬੰਧੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਸ਼ਾਸਕੀ ਸਕੱਤਰ ਵੱਲੋਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰਾਂ ਨਾਲ ਵਰਚੂਅਲ ਮੀਟਿੰਗ ਵੀ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾ ਕੈਪਟਨ ਸਰਕਾਰ ਸਮੇਂ ਸਰਪੰਚਾਂ ਦਾ ਸਹੁੰ ਚੁੱਕ ਸਮਾਗਮ ਪਟਿਆਲਾ ‘ਚ ਕਰਵਾਇਆ ਗਿਆ ਸੀ ਅਤੇ ਪੰਜ ਕਰੋੜ ਦਾ ਬਜਟ ਰੱਖਿਆ ਗਿਆ ਸੀ।