ਚੰਡੀਗੜ੍ਹ, 19 ਅਗਸਤ(ਵਿਸ਼ਵ ਵਾਰਤਾ )ਸੂਬੇ ਵਿੱਚ ਸੜਕ ਹਾਦਸਿਆਂ Punjab Road Safety Council ਦੇ ਪੀੜਤਾਂ ਲਈ ਐਮਰਜੈਂਸੀ ਦੇਖਭਾਲ ਅਤੇ ਮੁਆਵਜ਼ਾ ਸਕੀਮਾਂ ਨੂੰ ਹੋਰ ਸੁਚਾਰੂ ਢੰਗ ਨਾਲ ਲਾਗੂ ਕਰਨ ਅਤੇ ਇਨ੍ਹਾਂ ਸਬੰਧੀ ਸਮਝ ਹੋਰ ਪਕੇਰੀ ਕਰਨ ਦੇ ਮਕਸਦ ਨਾਲ ਪੰਜਾਬ ਸੜਕ ਸੁਰੱਖਿਆ ਕੌਂਸਲ ਵੱਲੋਂ “ਪੰਜਾਬ ‘ਚ ਸੜਕ ਹਾਦਸਿਆਂ ਦੇ ਪੀੜਤਾਂ ਲਈ ਐਮਰਜੈਂਸੀ ਦੇਖਭਾਲ ਅਤੇ ਸਕੀਮਾਂ ਬਾਰੇ ਵਰਕਸ਼ਾਪ” 20 ਅਗਸਤ, 2024 ਨੂੰ ਮਹਾਤਮਾ ਗਾਂਧੀ ਇੰਸਟੀਚਿਊਟ ਆਫ ਪਬਲਿਕ ਐਡਮਿਨੀਸਟ੍ਰੇਸ਼ਨ (ਮਗਸੀਪਾ) ਆਡੀਟੋਰੀਅਮ, ਸੈਕਟਰ-26, ਚੰਡੀਗੜ੍ਹ ਵਿਖੇ ਕਰਵਾਈ ਜਾ ਰਹੀ ਹੈ।
ਟਰਾਂਸਪੋਰਟ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵਰਕਸ਼ਾਪ ਦਾ ਉਦਘਾਟਨ ਕਰਨਗੇ ਜਦਕਿ ਟਰਾਂਸਪੋਰਟ ਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਨਗੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ (ਐਸ.ਡੀ.ਐਮ. ਅਤੇ ਇਸ ਤੋਂ ਉੱਪਰ), ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ, ਜ਼ਿਲ੍ਹਾ ਟਰੈਫ਼ਿਕ ਪੁਲਿਸ ਅਫ਼ਸਰ (ਡੀ.ਐੱਸ.ਪੀ. ਅਤੇ ਇਸ ਤੋਂ ਉੱਪਰ), ਸਿਹਤ ਵਿਭਾਗ ਦੇ ਅਧਿਕਾਰੀ (ਸਹਾਇਕ ਸਿਵਲ ਸਰਜਨ ਅਤੇ ਇਸ ਤੋਂ ਉੱਪਰ), ਟਰਾਂਸਪੋਰਟ ਅਫ਼ਸਰ (ਆਰ.ਟੀ.ਓ. ਅਤੇ ਇਸ ਤੋਂ ਉੱਪਰ), ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀਆਂ ਦੇ ਸਕੱਤਰ, ਸੜਕ ਸੁਰੱਖਿਆ ਫੋਰਸ ਦੇ ਹਾਈਵੇ ਪੈਟਰੌਲਿੰਗ ਵਾਹਨਾਂ ਦੇ ਇੰਚਾਰਜ ਅਤੇ ਸੜਕ ਸੁਰੱਖਿਆ ਲਈ ਕੰਮ ਕਰਨ ਵਾਲੀਆਂ ਗ਼ੈਰ-ਸਰਕਾਰੀ ਸੰਸਥਾਵਾਂ ਦੇ ਨੁਮਾਇੰਦੇ ਇਸ ਇੱਕ ਰੋਜ਼ਾ ਵਰਕਸ਼ਾਪ ਵਿੱਚ ਹਿੱਸਾ ਲੈਣਗੇ।
ਵਰਕਸ਼ਾਪ ਦੌਰਾਨ ਪੀ.ਜੀ.ਆਈ. ਦੇ ਡਾਕਟਰਾਂ ਦੀ ਟੀਮ ਵੱਲੋਂ “ਐਮਰਜੈਂਸੀ ਦੇਖਭਾਲ ਸਬੰਧੀ ਜ਼ਰੂਰੀ ਨੁਕਤੇ”, ਰਾਜ ਸਿਹਤ ਅਥਾਰਟੀ ਵੱਲੋਂ “ਪੰਜਾਬ ‘ਚ ਫਰਿਸ਼ਤੇ ਸਕੀਮ ਦਾ ਲਾਗੂਕਰਨ”, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਵਧੀਕ ਮੈਂਬਰ ਸਕੱਤਰ ਮੈਡਮ ਸਮ੍ਰਿਤੀ ਧੀਰ ਵੱਲੋਂ “ਹਿੱਟ ਐਂਡ ਰਨ ਮੋਟਰ ਐਕਸੀਡੈਂਟ ਸਕੀਮ ਦੇ ਮੁਆਵਜ਼ੇ ਦੇ ਲਾਗੂਕਰਨ” ਅਤੇ ਮੈਡਮ ਮਧੂਲਿਕਾ ਭਾਸਕਰ, ਡਿਪਟੀ ਸਕੱਤਰ, ਜਨਰਲ ਇੰਸ਼ੋਰੈਂਸ ਕੌਂਸਲ, ਮੁੰਬਈ ਵੱਲੋਂ “ਹਿੱਟ ਐਂਡ ਰਨ ਸਕੀਮ ਅਧੀਨ ਮੁਆਵਜ਼ੇ ਦੇ ਤਬਾਦਲੇ” ਵਰਗੇ ਅਹਿਮ ਮੁੱਦਿਆਂ ‘ਤੇ ਚਾਨਣਾ ਪਾਇਆ ਜਾਵੇਗਾ। ਹਰ ਪੇਸ਼ਕਾਰੀ ਤੋਂ ਬਾਅਦ ਮਹਿਮਾਨ ਬੁਲਾਰਿਆਂ ਨਾਲ ਪੈਨਲ ਵਿਚਾਰ ਚਰਚਾ ਵੀ ਕੀਤੀ ਜਾਵੇਗੀ।