PUNJAB : ਨਿਆਂਪਾਲਿਕ ਵਿਵਸਥਕ ਦੇ ਅੰਦਰੂਨੀ ਤਾਣੇ-ਬਾਣੇ ਦੀ ਬਾਤ ਪਾਉਂਦੇ ਰਿਪੁਦਮਨ ਸਿੰਘ ਰੂਪ ਦੇ ਨਾਵਲ ‘ਤੀਲ੍ਹਾ’ ਉੱਪਰ ਹੋਈ ਗਹਿਨ ਵਿਚਾਰ ਚਰਚਾ
ਸਮਕਾਲੀ ਦੌਰ ਦੇ ਅੰਧਕਾਰ ਵਿੱਚ ਰੂਪ ਦਾ ਨਾਵਲ ‘ਤੀਲ੍ਹਾ’ ਇਕ ਆਸ ਦਾ ਪ੍ਰਤੀਕ- ਸਿਰਸਾ
ਮੋਹਾਲੀ, 16 ਦਸੰਬਰ(ਸਤੀਸ਼ ਕੁਮਾਰ ਪੱਪੀ) ਪ੍ਰਗਤੀਸ਼ੀਲ ਲੇਖਕ ਸੰਘ (ਚੰਡੀਗੜ੍ਹ ਇਕਾਈ) ਵੱਲੋਂ ਸ਼੍ਰੀ ਰਿਪੁਦਮਨ ਸਿੰਘ ਰੂਪ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ,ਉਹਨਾਂ ਦੇ ਨਵ-ਪ੍ਰਕਾਸ਼ਿਤ ਨਾਵਲ ‘ਤੀਲ੍ਹਾ’ ਬਾਰੇ ਵਿਚਾਰ-ਚਰਚਾ ਉਨ੍ਹਾਂ ਦੇ ਘਰ ਫੇਸ-10, ਮੋਹਾਲੀ ਵਿਖੇ 14 ਦਸੰਬਰ 2024 ਨੂੰ ਕਰਵਾਈ ਗਈ। ਇਸ ਗੋਸ਼ਟੀ ਵਿਚ ਸਾਹਿਤ ਆਲੋਚਨਾ, ਲੇਖਨ, ਪੱਤਰਕਾਰੀ ਅਤੇ ਰੰਗਮੰਚ ਨਾਲ ਜੁੜੀਆਂ ਨਾਮਵਰ ਸ਼ਖਸ਼ੀਅਤਾਂ ਨੇ ਭਾਗ ਲਿਆ। ਜਿਨ੍ਹਾਂ ਵਿੱਚ ਜਤਿੰਦਰ ਪੰਨੂ, ਕਰਨਲ ਜਸਬੀਰ ਭੁੱਲਰ, ਸੁਖਦੇਵ ਸਿੰਘ ਸਿਰਸਾ, ਸ਼ੈਸ਼ਨ ਜੱਜ (ਰਿਟਾ.) ਸਤੀਸ਼ ਕੁਮਾਰ ਅਗਰਵਾਲ, ਸ਼ਾਮ ਸਿੰਘ ਅੰਗਸੰਗ, ਪ੍ਰੋ ਰਾਜਿੰਦਰਪਾਲ ਸਿੰਘ ਬਰਾੜ, ਡਾ ਚਰਨਜੀਤ ਕੌਰ, ਸ ਤ੍ਰਲੋਚਨ ਸਿੰਘ, ਬਲਵਿੰਦਰ ਉੱਤਮ, ਦੀਪਕ ਚਨਾਰਥਲ, ਭੂਪਿੰਦਰ ਮਲਿਕ, ਦੁਬਈ ਤੋਂ ਕਵਿੱਤਰੀ ਕੁਲਵਿੰਦਰ ਕੋਮਲ ਐਡਵੋਕੇਟ ਕਨਿਕਾ ਤੂਰ ਹਾਜ਼ਰ ਹੋਏ। ਇਸ ਗੋਸ਼ਟੀ ਦਾ ਆਗਾਜ ਸੰਜੀਵਨ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਇਸ ਉਪਰੰਤ ਪ੍ਰਗਤੀਸ਼ੀਲ ਲੇਖਕ ਸੰਘ ਚੰਡੀਗੜ੍ਹ ਦੇ ਪ੍ਰਧਾਨ ਡਾ ਗੁਰਮੇਲ ਸਿੰਘ ਨੇ ਮੰਚ ਦਾ ਸੰਚਾਲਨ ਕਰਦਿਆਂ ਰੂਪ ਦੇ ਨਾਵਲ ਬਾਰੇ ਜਾਣ ਪਛਾਣ ਕਰਵਾਈ।ਉਨ੍ਹਾਂ ਦੱਸਿਆ ਕਿ ਇਹ ਨਾਵਲ ਉਨ੍ਹਾਂ ਦਾ ਤੀਜਾ ਨਾਵਲ ਹੈ ਜੋ ਕਿ ਜੁਡੀਸ਼ਰੀ ਦੇ ਅਨੁਭਵ ਦੀ ਪੇਸ਼ਕਾਰੀ ਕਰਦਾ ਹੈ।
ਵਿਚਾਰ ਚਰਚਾ ਦਾ ਆਰੰਭ ਕਰਦਿਆਂ ਰਾਜਿੰਦਰ ਪਾਲ ਬਰਾੜ ਨੇ ਕਿਹਾ ਇਹ ਨਾਵਲ ਇਕ ਸਵੈ ਜੀਵਨੀਮੂਲਕ ਨਾਵਲ ਹੈ ਜਿਸਦਾ ਕੇਂਦਰੀ ਪਾਤਰ ਤੀਲ੍ਹਾ ਤੋਂ ਇਕ ਮਜ਼ਬੂਤ ਤਣਾ ਬਣਦਾ ਦਿਖਾਇਆ ਗਿਆ ਹੈ। ਉਨ੍ਹਾਂ ਕਿਹਾ ਪੰਜਾਬੀ ਗਲਪ ਵਿੱਚ ਅਨੁਭਵ ਦੀ ਵਿਲੱਖਣਤਾ ਦਾ ਵੱਡਾ ਸੰਕਟ ਹੈ। ਇਹ ਨਾਵਲ ਇਸ ਪਾਸੇ ਪਿਆ ਖੱਪਾ ਪੂਰਨ ਦੀ ਕੋਸ਼ਿਸ਼ ਕਰਦਾ ਹੈ।ਜ਼ਿਲਾ ਉਪਭੋਗਤਾ ਵਿਵਾਦ ਨਿਵਾਰਣ ਕਮਿਸ਼ਨ,ਮੋਹਾਲੀ ਦੇ ਪ੍ਰਧਾਨ ਸਤੀਸ਼ ਕੁਮਾਰ ਅਗਰਵਾਲ ਨੇ ਬਾਰ ਐਸੋਸੀਏਸ਼ਨਾਂ ਦੇ ਭ੍ਰਿਸ਼ਟ ਤੰਤਰ ਦੇ ਵਿਰੁੱਧ ਖੜ੍ਹਨ ਤੇ ਜੱਜਾਂ ਦੇ ਮਾੜੇ ਸਲੂਕ ਦਾ ਪਰਦਾ ਫਾਸ਼ ਕਰਨ ਵਾਲੇ ਇਸ ਨਾਵਲ ਦੀ ਸ਼ਲਾਘਾ ਕੀਤੀ।ਉੱਨਾਂ ਕਿਹਾ ਕਿ ਸਾਨੂੰ ਹਿੰਮਤ ਕਰਨੀ ਹੋਵੇਗੀ ਕਿ ਨਿਆਂ ਆਪਣੀ ਮਾਤ ਭਾਸ਼ਾ ਰਾਹੀਂ ਮਿਲੇ। ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਇਹ ਨਾਵਲ ਸਮਕਾਲੀ ਦੌਰ ਦੇ ਅੰਧਕਾਰ ਵਿਚ ਵੀ ਇਕ ਇਹੋ ਜਿਹੇ ਪਾਤਰ ਦੀ ਬਿਰਤਾਂਤਕਾਰੀ ਕਰਦਾ ਹੈ ਜੋ ਵਿਵਸਥਾ ਨੂੰ ਸਿੱਧੇ ਰਾਹ ਤੇ ਲਿਜਾਣ ਤੇ ਹਰ ਵਧੀਕੀ ਦਾ ਡੱਟ ਕੇ ਟਾਕਰਾ ਕਰਨ ਲਈ ਪ੍ਰੇਰਦਾ ਹੈ।ਜਤਿੰਦਰ ਪੰਨੂ ਨੇ ਸਮਕਾਲ ਦੇ ਗੰਧਲੇ ਤੰਤਰ ਦੇ ਹਵਾਲੇ ਨਾਲ ਇਸ ਨਾਵਲ ਦੀ ਪ੍ਰਸੰਗਿਕਤਾ ਤੇ ਜ਼ੋਰ ਦਿੱਤਾ। ਸ਼ਾਮ ਸਿੰਘ ਅੰਗਸੰਗ ਨੇ ਕਿਹਾ ਕਿ ਰੂਪ ਜੀ ਇਕ ਵਿਰਾਸਤ ਨੂੰ ਲੈ ਕੇ ਅੱਗੇ ਚੱਲ ਰਹੇ ਹਨ ਜਿਨ੍ਹਾਂ ਦੀ ਹਰ ਰਚਨਾ ਮਨੁੱਖੀ ਅਨਿਆਂ ਦੇ ਵਿਰੁੱਧ ਖੜੀ ਹੁੰਦੀ ਹੈ। ਜਸਬੀਰ ਭੁੱਲਰ ਨੇ ਸੰਸਾਰ ਪ੍ਰਸਿੱਧ ਲੇਖਕਾਾਂ ਦੇ ਹਵਾਲੇ ਨਾਲ ਹਰ ਰਚਨਾਕਾਰ ਦੀ ਵਿਲੱਖਣ ਸ਼ੈਲੀ ਦੀ ਗੱਲ ਕਰਦਿਆਂ ਇਸ ਨਾਵਲ ਦੀ ਪ੍ਰਸੰਸਾ ਕੀਤੀ। ਡਾ ਚਰਨਜੀਤ ਕੌਰ ਨੇ ਕਿਹਾ ਕਿ ਭਾਵੇਂ ਇਸ ਨਾਵਲ ਵਿੱਚ ਸਖਸ਼ੀ ਨਿਰਮਾਣਕਾਰੀ ਦੀ ਵਿਧੀ ਵਰਤੀ ਗਈ ਹੈ ਜਿਸ ਨੂੰ ਕਈ ਵਾਰੀ ਵੇਲਾ ਵਿਹਾ ਚੁੱਕੀ ਮੰਨਿਆ ਜਾਂਦਾ ਹੈ ਪਰ ਅਜੋਕੇ ਸਮਿਆਂ ਵਿੱਚ ਇਸਦੀ ਬਹੁਤ ਲੋੜ ਹੈ।ਬਲਵਿੰਦਰ ਉੱਤਮ ਨੇ ਕਿਹਾ ਕਿ ਇਸ ਨਾਵਲ ਵਿੱਚ ਦੋਖੀ ਸ਼ਕਤੀਆਂ ਦੇ ਖ਼ਿਲਾਫ਼ ਆਪਣੀ ਬਣਦੀ ਜਿੰਮੇਵਾਰੀ ਦਾ ਸੁਨੇਹਾ ਦਿੱਤਾ ਗਿਆ ਹੈ। ਪੱਤਰਕਾਰ ਤ੍ਰਲੋਚਨ ਨੇ ਇਸ ਨਾਵਲ ਨੂੰ ਸੰਤੋਖ ਸਿੰਘ ਧੀਰ ਦੀ ਪ੍ਰਗਤੀਵਾਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣ ਵਾਲਾ ਕਿਹਾ। ਭੂਪਿੰਦਰ ਮਲਿਕ ਨੇ ਕਿਹਾ ਕਿ ਨਾਵਲ ਵਿਚਲੀ ਰੌਚਿਕਤਾ ਪਾਠਕ ਨੂੰ ਬੰਨ੍ਹ ਕੇ ਰੱਖਦੀ ਹੈ। ਕੁਲਵਿੰਦਰ ਕੋਮਲ ਨੇ ਧੀਰ ਜੀ ਤੋਂ ਮਿਲੀ ਪ੍ਰੇਰਨਾ ਤੇ ਇਸ ਪਰੀਵਾਰ ਦੀ ਇਕਜੁੱਟਤਾ ਦੀ ਪ੍ਰਸੰਸਾ ਕੀਤੀ।ਕਨਿਕਾ ਤੂਰ ਨੇ ਕਿਹਾ ਇਸ ਨਾਵਲ ਦੇ ਪਾਤਰ ਜੀਂਦੇ ਜਾਗਦੇ ਤੇ ਆਪਣੀ ਪਛਾਣ ਲੈ ਕੇ ਹਾਜ਼ਰ ਹੁੰਦੇ ਹਨ। ਅਖੀਰ ਵਿੱਚ ਰਿਪੂਦਮਨ ਸਿੰਘ ਰੂਪ ਨੇ ਇਸ ਨਾਵਲ ਦੀ ਲਿਖਣ ਸ਼ੈਲੀ ਤੇ ਪਾਤਰਾਂ ਬਾਰੇ ਬੇਬਾਕ ਲਹਿਜੇ ਵਿਚ ਗੱਲ ਕੀਤੀ। ਅੰਤ ਵਿੱਚ ਰਿਤੂ ਰਾਗ ਨੇ ਸਾਰੇ ਪਰਿਵਾਰ ਵੱਲੋਂ ਆਏ ਲੇਖਕਾਂ ਤੇ ਵਿਦਵਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਰੇ ਪਰਿਵਾਰ ਨੇ ਹਾਜ਼ਰ ਹੋ ਕੇ ਨਾਵਲ ਬਾਰੇ ਹੋਈ ਗੱਲਬਾਤ ਨੂੰ ਸੁਣਨ ਵਿੱਚ ਡੂੰਘੀ ਦਿਲਚਸਪੀ ਦਿਖਾਈ।
ਅਦਾਕਾਰ ਕੁਕੂ ਦੀਵਾਨ ਅਤੇ ਐਡਵੋਕੇਟ ਹਰਜਿੰਦਰ ਸਿੰਘ ਢਿੱਲੋਂ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/