Punjab Police ਨੇ ਕਾਰਜ ਕੁਸ਼ਲਤਾ ਅਤੇ ਜਵਾਬਦੇਹੀ ਵਧਾਉਣ ਲਈ ਮੁਨਸ਼ੀ ਦੇ ਕਾਰਜਕਾਲ ਸੀਮਾ ਦੋ ਸਾਲ ਕੀਤੀ
ਗਤੀਸ਼ੀਲ ਅਤੇ ਜਵਾਬਦੇਹ ਪੁਲਿਸਿੰਗ ਨੂੰ ਯਕੀਨੀ ਬਣਾਉਣ ਲਈ ਹੈ ਇਹ ਮੁਕੰਮਲ ਪ੍ਰਸ਼ਾਸਕੀ ਕਦਮ : ਡੀਜੀਪੀ ਗੌਰਵ ਯਾਦਵ
ਚੰਡੀਗੜ, 17 ਮਾਰਚ (ਵਿਸ਼ਵ ਵਾਰਤਾ):-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਪੁਲਿਸਿੰਗ ਦੀ ਕਾਰਜ ਕੁਸ਼ਲਤਾ ਨੂੰ ਹੋਰ ਬਿਹਤਰ ਕਰਨ ਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਮਹੱਤਵਪੂਰਨ ਪ੍ਰਸ਼ਾਸਕੀ ਕਦਮ ਤਹਿਤ Punjab Police ਨੇ ਕਿਸੇ ਵੀ ਪੁਲਿਸ ਥਾਣੇ ਜਾਂ ਯੂਨਿਟ ਵਿੱਚ ਤਾਇਨਾਤ ਮੁੱਖ ਹੌਲਦਾਰ (ਮੁਨਸ਼ੀ) ਲਈ ਕਾਰਜਕਾਲ ਸੀਮਾ ਵੱਧ ਤੋਂ ਵੱਧ ਦੋ ਸਾਲ ਨਿਰਧਾਰਤ ਕਰ ਦਿੱਤੀ ਗਈ ਹੈ।
ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਹੁਕਮ ਵਿੱਚ ਲਿਖਿਆ ਹੈ, “ਜਵਾਬਦੇਹੀ ਨੂੰ ਯਕੀਨੀ ਬਣਾਉਣ, ਪੁਲਿਸਿੰਗ ਦੀ ਕੁਸ਼ਲਤਾ ਵਿੱਚ ਸੁਧਾਰ ਕਰਨ ਅਤੇ ਨਫ਼ਰੀ ਵਿੱਚ ਪੇਸ਼ੇਵਰ ਵਿਕਾਸ ਵਧਾਉਣ ਦੇ ਮੱਦੇਨਜ਼ਰ ਇਹ ਹੁਕਮ ਦਿੱਤਾ ਜਾਂਦਾ ਹੈ ਕਿ ਕਿਸੇ ਵੀ ਪੁਲਿਸ ਥਾਣੇ ਜਾਂ ਯੂਨਿਟ ਵਿੱਚ ਤਾਇਨਾਤ ਐਮਐਚਸੀਜ਼ ਦਾ ਕਾਰਜਕਾਲ ਉਸ ਥਾਣੇ ਜਾਂ ਯੂਨਿਟ ‘ਤੇ ਦੋ ਸਾਲਾਂ ਦੀ ਮਿਆਦ ਤੋਂ ਵੱਧ ਨਹੀਂ ਹੋਵੇਗਾ।’’
ਹੁਕਮ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦੋ ਸਾਲਾਂ ਦਾ ਕਾਰਜਕਾਲ ਪੂਰਾ ਹੋਣ ‘ਤੇ, ਅਧਿਕਾਰੀ ਨੂੰ ਕਿਸੇ ਹੋਰ ਸਟੇਸ਼ਨ ਜਾਂ ਯੂਨਿਟ ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਆਰਡਰ ਵਿੱਚ ਅੱਗੇ ਲਿਖਿਆ ਹੈ ਕਿ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ ਅਤੇ ਸਖਤੀ ਨਾਲ ਪਾਲਣਾ ਕਰਨੀ ਹੋਵੇਗੀ। ਪਾਲਣਾ ਵਿੱਚ ਕਿਸੇ ਵੀ ਤਰਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।
ਡੀਜੀਪੀ ਗੌਰਵ ਯਾਦਵ ਨੇ ਜੋਰ ਦੇ ਕੇ ਕਿਹਾ ਕਿ ਇਹ ਕਦਮ ਪੂਰੀ ਤਰਾਂ ਪ੍ਰਸ਼ਾਸਕੀ ਹੈ ਅਤੇ ਇੱਕ ਗਤੀਸ਼ੀਲ ਅਤੇ ਜਵਾਬਦੇਹ ਪੁਲਿਸਿੰਗ ਨੂੰ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ।