Punjab ਪੈਨਸ਼ਨਰਜ਼ ਐਸੋਸੀਏਸ਼ਨ ਨੇ 2025 ਦਾ ਕੈਲੰਡਰ ਜਾਰੀ
ਸੰਘਰਸ਼ਾਂ ਦਾ ਲੇਖਾ ਜੋਖਾ ਅਤੇ ਪੰਜਾਬ ਸਰਕਾਰ ਦੇ ਪੈਨਸ਼ਨਰ ਵਿਰੋਧੀ ਰਵਈਏ ਦੀ ਕੀਤੀ ਚੀਰ ਫਾੜ : ਸੂਬਾ ਪ੍ਰਧਾਨ ਭਜਨ ਸਿੰਘ ਗਿੱਲ
ਜਲੰਧਰ 30 ਦਸੰਬਰ (ਵਿਸ਼ਵ ਵਾਰਤਾ) ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ: ) ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰੀ ਹਾਲ ਵਿਖੇ ਹੋਈ ਜਿਸ ਵਿੱਚ ਜਥੇਬੰਦੀ ਨਾਲ ਸਬੰਧਤ ਸੂਬਾ ਕਮੇਟੀ ਮੈਂਬਰਜ ਅਤੇ ਜਿਲ੍ਹਿਆਂ ਦੇ ਪ੍ਰਧਾਨਾਂ ਤੇ ਸਕੱਤਰਾਂ ਨੇ ਸ਼ਮੂਲੀਅਤ ਕੀਤੀ। ਜਥੇਬੰਦੀ ਨੇ ਸਾਲ 2024 ਨੂੰ ਅਲਵਿਦਾ ਕਹਿੰਦਿਆਂ ਸਾਲ 2025 ਦਾ ਕੈਲੰਡਰ ਪੰਜਾਬ ਦੇ ਪੈਨਸ਼ਨਰਾਂ ਲਈ ਜਾਰੀ ਕੀਤਾ। ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਨੇ ਜਥੇਬੰਦੀ ਦੇ ਕੈਲੰਡਰ ਦੀ ਮਹੱਤਤਾ ਬਾਰੇ ਦੱਸਿਆ ਕਿ ਜੱਥੇਬੰਦੀ ਦੀ ਤਾਕਤ ਅਤੇ ਪਸਾਰੇ ਲਈ ਸਾਲਾਨਾ ਕੈਲੰਡਰ ਆਪਣਾ ਵਿਸ਼ੇਸ਼ ਸਥਾਨ ਰੱਖਦਾ ਹੈ* | ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ ਨੇ ਜਾਣਕਾਰੀ ਦਿੱਤੀ ਕਿ ਇਹ ਕੈਲੰਡਰ ਪੰਜਾਬ ਦੇ ਪੈਨਸ਼ਨਰਾਂ ਤੱਕ ਪਹੁੰਚਦਾ ਕਰਨ ਲਈ ਸਾਰੇ ਸੂਬਾ ਕਮੇਟੀ ਮੈਂਬਰਾਂ ਜਿੰਮੇਵਾਰੀ ਲਗਾਈ ਗਈ ਹੈ ਅਤੇ ਮੰਗ ਅਨੁਸਾਰ ਜਿਲਿਆਂ ਲਈ ਕੈਲੰਡਰ ਵੰਡ ਕੀਤੀ ਗਈ। ਜੱਥੇਬੰਦੀ ਦੇ ਆਗੂਆਂ ਨੇ ਪਿਛਲੇ ਸਮੇਂ ਦੌਰਾਨ ਚੱਲੇ ਸਾਂਝੇ ਸੰਘਰਸ਼ਾਂ ਬਾਰੇ ਆਪਣੇ ਵਿਚਾਰ ਰੱਖੇ ਅਤੇ ਮੁਲਾਜਮ ਪੈਨਸ਼ਨਰ ਸਾਂਝੇ ਫਰੰਟ ਦੀ ਕਾਰਗੁਜਾਰੀ ਦਾ ਮੁਲੰਕਣ ਕੀਤਾ। ਸੂਬਾ ਕਮੇਟੀ ਮੈਂਬਰਾਂ , ਸੱਤ ਪ੍ਰਕਾਸ਼ ਪਠਾਨ ਕੋਟ , ਲੈਕ: ਸੁਖਮੰਦਰ ਸਿੰਘ ਮੋਗਾ , ਸੁੱਚਾ ਸਿੰਘ ਕਪੂਰਥਲਾ , ਬੂਟਾ ਸਿੰਘ ਚਿਮਨੇਵਾਲਾ ਫਾਜਿਲਕਾ , ਇੰਦਰਜੀਤ ਸਿੰਘ ਖੀਵਾ ਫਰੀਦਕੋਟ , ਦਰਸ਼ਨ ਸਿੰਘ ਉਟਾਲ , ਆਤਮ ਤੇਜ ਸ਼ਰਮਾਂ , ਨਰਿੰਦਰ ਸਿੰਘ ਗੋਲੀ , ਬਹਾਦੁਰ ਸਿੰਘ ਮੁਲਾਜਮ ਕੇਂਦਰ , ਜਸਵਿੰਦਰ ਸਿੰਘ ਆਹਲੂ ਵਾਲੀਆ ਬਲਵੀਰ ਸਿੰਘ ਜਲਾਲਾ ਬਾਦ , ਜੁਗਿੰਦਰ ਰਾਏ ਲੁਧਿਆਣਾ ਨੇ ਪੰਜਾਬ ਸਰਕਾਰ ਦੀ ਪੈਨਸ਼ਨਰਾਂ ਦੀਆਂ ਮੰਗਾਂ , ਛੇਵੇਂ ਪੇ ਕਮਿਸ਼ਨ ਦੁਆਰਾ ਸਿਫਾਰਸ਼ ਕੀਤੇ 2.59 ਗੁਣਾਕ ਅਤੇ ਨੈਸ਼ਨਲ ਆਧਾਰ ਤੇ ਪੈਨਸ਼ਨਾਂ ਫਿਕਸ ਕਰਨ ਬਾਰੇ ਧਾਰੀ ਚੁੱਪ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ । ਪੈਨਸ਼ਨ ਸੁਧਾਈ ਦਾ ਸਾਢੇ ਪੰਜ ਸਾਲ ਦਾ ਬਕਾਇਆ ਪੈਂਨਸ਼ਨਰਾਂ ਨੂੰ ਦੇਣ ਦੀ ਬਜਾਏ ਮਾਨਯੋਗ ਹਾਈ ਕੋਰਟ ਵਿੱਚ ਦਿੱਤੇ ਮਸੌਦੇ ਮੁਤਾਬਕ ਇਸ ਨੂੰ ਘੱਟੇ ਪਾਇਆ ਜਾ ਰਿਹਾ ਹੈ , 35000 ਪੈਨਸ਼ਨਰ ਜੋ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ , ਜੋ 80 – 90 ਸਾਲ ਦੀ ਉਮਰ ਵਿੱਚ ਜਿੰਦਗੀ ਮੌਤ ਵਿਚਕਾਰ ਬਕਾਏ ਉਡੀਕ ਰਹੇ ਹਨ ਉਹਨਾਂ ਦੀ ਵੀ ਪ੍ਰਵਾਹ ਨਹੀਂ ਕੀਤੀ ਜਾ ਰਹੀ , 75 ਸਾਲ ਤੋਂ ਹੇਠਾਂ ਬੁਢਾਪੇ ਵਿੱਚ ਜਿੰਦਗੀ ਬਸਰ ਕਰ ਰਹੇ ਪੈਨਸ਼ਨਰਾਂ ਨੂੰ ਬਕਾਇਆ ਦੇਣ ਲਈ ਸਾਢੇ ਤਿੰਨ ਸਾਲ ਵਿੱਚ ਭਾਵ 2028 ਤੱਕ ਦੇਣ ਦੇ ਮਨਸੂਬੇ ਪੇਸ਼ ਕੀਤੇ ਜਾ ਰਹੇ ਹਨ। ਡੀ. ਏ ਕੇਂਦਰ ਨਾਲੋਂ ਡੀ ਲਿੰਕ ਕੀਤਾ ਹੋਇਆ ਹੈ ਅਤੇ ਉਸ ਦਾ 252 ਮਹੀਨੇ ਦਾ ਬਕਾਇਆ ਕਿਸ ਖੂਹ ਖਾਤੇ ਪਾਇਆ ਜਾਵੇਗਾ ਇਸ ਬਾਰੇ ਵੀ ਸਰਕਾਰ ਦੀ ਬਦਨੀਤੀ ਸਾਫ਼ ਝਲਕ ਰਹੀ ਹੈ। ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੀ 22 ਦਸੰਬਰ ਦੀ ਮੀਟਿੰਗ ਦੇ ਵੇਰਵੇ ਸਾਂਝੇ ਕੀਤੇ ਗਏ ਅਤੇ ਮੈਂਬਰਾਂ ਨੇ ਸੁਝਾਅ ਦਿੱਤਾ ਕਿ ਅਗਲਾ ਸੰਘਰਸ਼ ਦਾ ਆਗਾਜ਼ ਫਰਵਰੀ ਦੇ ਸ਼ੁਰੂ ਵਿੱਚ ਕੀਤਾ ਜਾਵੇਖ ਪੰਜਾਬ ਪੱਧਰ ਤੇ ਸੂਬਾ ਰੈਲੀ ਜਾਂ ਐਸ ਐਲ ਏਜ ਦੇ ਘਰਾਂ ਅੱਗੇ ਪੱਕੇ ਮੋਰਚੇ , ਗ੍ਰਿਫ਼ਤਾਰੀਆਂ ਜਾਂ ਕੋਈ ਹੋਰ ਰੂਪ ਵਿੱਚ ਤਿੱਖਾ ਸੰਘਰਸ਼ , ਬੱਜਟ ਸੈਸ਼ਨ ਨੂੰ ਧਿਆਨ ਵਿੱਚ ਰੱਖ ਕੇ ਉਲੀਕਿਆ ਜਾਵੇ। ਸੂਬਾ ਪ੍ਰੈਸ ਸਕੱਤਰ ਸੁਲੱਖਣ ਸਿੰਘ ਭਗਤਾ ਭਾਈ ਨੇ ਪ੍ਰੈਸ ਲਈ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸੂਬਾ ਕਮੇਟੀ ਨੇ ਵਿੱਛੋੜਾ ਦੇ ਗਏ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਸੂਬਾ ਕਮੇਟੀ ਮੈਂਬਰ ਮਦਨ ਲਾਲ ਕੰਡਾ ਅਤੇ ਗੁਰਬਚਨ ਸਿੰਘ ਵਿਰਦੀ, ਭੁਪਿੰਦਰ ਕੌਰ ਧਰਮ ਪਤਨੀ ਦਰਬਾਰਾ ਸਿੰਘ , ਵਿਪਨ ਦਿਉੜਾ , ਖਜਾਨ ਚੰਦ ਪਠਾਨਕੋਟ ਅਤੇ ਇੰਦਰਜੀਤ ਕੌਰ ਮੁਕੇਰੀਆਂ ਦੇ ਸਦੀਵੀ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਨਵੇੰ ਸਾਲ 2025 ਲਈ ਸ਼ੁਭਕਾਵਾਂ ਭੇਂਟ ਕੀਤੀਆਂ ਗਈਆਂ।