PUNJAB NEWS : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਮੰਡੀਆਂ ਦੇ ਵਿਕਾਸ ਕਾਰਜਾਂ ਸਬੰਧੀ ਕੀਤੀ ਸਮੀਖਿਆ ਮੀਟਿੰਗ
ਉੱਚ ਅਧਿਕਾਰੀਆਂ ਨੇ ਵੱਖ-ਵੱਖ ਪ੍ਰੋਜੈਕਟਾਂ ਅਤੇ ਫ਼ੰਡਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ
ਮੋਹਾਲੀ ,19 ਸਤੰਬਰ(ਸਤੀਸ਼ ਕੁਮਾਰ ਪੱਪੀ) PUNJAB NEWS- ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਪੰਜਾਬ ਰਾਜ ਦੀ ਵੱਖ-ਵੱਖ ਅਨਾਜ ਮੰਡੀਆਂ, ਫ਼ਲ ਤੇ ਸਬਜੀ ਮੰਡੀਆਂ ਦੇ ਵਿਕਾਸ ਕਾਰਜਾਂ, ਮਾਰਕਿਟ ਕਮੇਟੀਆਂ ਅਤੇ ਈ-ਨੈਮ ਸਬੰਧੀ ਬੋਰਡ ਦੇ ਉੱਚ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਗਈ। ਇਸ ਦੌਰਾਨ ਚੇਅਰਮੈਨ ਨੇ ਸਾਰੇ ਅਧਿਕਾਰੀਆਂ ਨੂੰ ਮੰਡੀਆਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਵੱਲੋਂ ਪਟਿਆਲਾ ਦੀ ਸਨੌਰ ਰੋਡ ਸਥਿਤ ਆਧੁਨਿਕ ਫ਼ਲ ਅਤੇ ਸਬਜੀ ਮੰਡੀ ਦੇ ਮੁੱਖ ਗੇਟ ਉੱਤੇ ਲਗਾਏ ਬੂਮ ਬੈਰੀਅਰ, ਸੀ.ਸੀ.ਟੀ.ਵੀ. ਕੈਮਰੇ ਅਤੇ ਵੇ-ਬ੍ਰਿਜ ਰਾਹੀਂ ਆਨਲਾਈਨ ਐਂਟਰੀ ਦੀ ਤਰਜ਼ ਤੇ ਪੰਜਾਬ ਦੀਆਂ ਹੋਰਨਾਂ ਫ਼ਲ ਅਤੇ ਸਬਜੀ ਮੰਡੀਆਂ ਵਿੱਚ ਵੀ ਆਨਲਾਈਨ ਗੇਟ ਐਂਟਰੀ ਦੇ ਕਾਰਜਾਂ ਨੂੰ ਤੇਜੀ ਨਾਲ ਪੂਰਾ ਕਰਨ ਦੀ ਹਦਾਇਤ ਦਿੱਤੀ ਗਈ, ਤਾਂ ਜੋ ਮੰਡੀਆਂ ਵਿੱਚ ਆਉਣ ਵਾਲੀ ਹਰ ਤਰ੍ਹਾਂ ਦੀ ਸਬਜੀਆਂ ਅਤੇ ਫ਼ਲਾਂ ਦਾ ਰਿਕਾਰਡ ਰੱਖਿਆ ਜਾ ਸਕੇ।
ਉਨ੍ਹਾਂ ਅੱਗੇ ਕਿਹਾ ਕਿ ਮਾਰਕਿਟ ਕਮੇਟੀ ਮਹਿਤਪੁਰ ਅਤੇ ਜਲੰਧਰ ਵਿਖੇ ਮੰਡੀਆਂ ਵਿੱਚ ਏ.ਟੀ.ਐਮਜ਼. ਲਗਾਏ ਜਾ ਚੁੱਕੇ ਹਨ ਤੇ ਹੋਰਨਾਂ ਮੰਡੀਆਂ ਵਿੱਚ ਵੀ ਜਲਦ ਤੋਂ ਜਲਦ ਏ.ਟੀ.ਐਮਜ਼ ਲਗਵਾਏ ਜਾਣ, ਤਾਂ ਕਿ ਇਨ੍ਹਾਂ ਦੀ ਸਹਾਇਤਾ ਨਾਲ ਲੋਕਾਂ ਨੂੰ ਖਰੀਦਦਾਰੀ ਸਮੇਂ ਪੈਸਿਆਂ ਦਾ ਲੈਣ-ਦੇਣ ਸੌਖਾ ਹੋ ਜਾਵੇ ਅਤੇ ਕਿਸਾਨਾਂ, ਆੜ੍ਹਤੀਆਂ ਤੇ ਮਜਦੂਰਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ। ਉਨ੍ਹਾਂ ਵੱਖ-ਵੱਖ ਪ੍ਰੋਜੈਕਟਾਂ, ਵਿਕਾਸ ਕਾਰਜਾਂ ਸਬੰਧੀ ਅਲਾਟ ਹੋਏ ਫੰਡਾਂ ਅਤੇ ਹੋਰਨਾਂ ਕੰਮਾਂ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਇਹ ਸਾਰੇ ਕਾਰਜਾਂ ਵਿੱਚ ਗੁਣਵੱਤਾ ਅਤੇ ਪਾਰਦਰਸ਼ਤਾ ਲਿਆਉਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਕਿਸਾਨ ਹਵੇਲੀ, ਸ਼੍ਰੀ ਆਨੰਦਪੁਰ ਸਾਹਿਬ ਦੀ ਰੈਨੋਵੇਸ਼ਨ ਦਾ ਕਾਰਜ ਲੱਗਭਗ ਪੂਰਾ ਹੋ ਚੁੱਕਾ ਹੈ।
ਚੇਅਰਮੈਨ ਵੱਲੋਂ ਆਫ਼ ਸੀਜ਼ਨ ਦੌਰਾਨ ਮੰਡੀਆਂ ਵਿੱਚ ਖਾਲੀ ਪਏ ਕਵਰ ਸ਼ੈੱਡਾਂ ਨੂੰ ਬਹੁਤ ਵਾਜਬ ਰੇਟਾਂ ਤੇ ਵਿਆਹ, ਸਮਾਜਿਕ ਪ੍ਰੋਗਰਾਮਾਂ ਆਦਿ ਲਈ ਕਿਰਾਏ ਤੇ ਦੇਣ ਸਬੰਧੀ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਦੀ ਹਿਦਾਇਤ ਦਿੱਤੀ ਗਈ। ਸ. ਬਰਸਟ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਇੱਕ ਖੁਸ਼ਹਾਲ ਸੂਬਾ ਬਣਾਉਣ ਲਈ ਵਚਨਬੱਧ ਹੈ ਅਤੇ ਇਸ ਟੀਚੇ ਦੀ ਪ੍ਰਾਪਤੀ ਲਈ ਸਾਰੀਆਂ ਨੂੰ ਇੱਕ ਦੂਜੇ ਨਾਲ ਤਾਲਮੇਲ ਕਰਕੇ ਕੰਮ ਕਰਨ ਤੇ ਜੋਰ ਦੇਣਾ ਚਾਹੀਦਾ ਹੈ। ਇਸ ਮੌਕੇ ਸ੍ਰੀ ਰਾਮਵੀਰ ਸਕੱਤਰ ਪੰਜਾਬ ਮੰਡੀ ਬੋਰਡ, ਸ. ਜਤਿੰਦਰ ਸਿੰਘ ਭੰਗੂ ਇੰਜੀਨਿਅਰ-ਇਨ-ਚੀਫ਼, ਸ. ਗੁਰਿੰਦਰ ਸਿੰਘ ਚੀਮਾ ਮੁੱਖ ਇੰਜੀਨੀਅਰ, ਸ. ਮਨਜੀਤ ਸਿੰਘ ਸੰਧੂ ਜੀ.ਐਮ. ਸਮੇਤ ਸਮੂਹ ਉੱਚ ਅਧਿਕਾਰੀ ਮੌਜੂਦ ਰਹੇ।