PUNJAB NEWS : ‘ਆਪ’ ਦੇ ਕਿਸਾਨ ਵਿੰਗ ਆਗੂ ਦਾ ਗੋਲੀਆਂ ਮਾਰਕੇ ਕਤਲ
ਲੁਧਿਆਣਾ, 10ਸਤੰਬਰ (ਵਿਸ਼ਵ ਵਾਰਤਾ)PUNJAB NEWS : ‘ਆਪ’ ਕਿਸਾਨ ਵਿੰਗ ਦੇ ਆਗੂ ਦਾ ਸੋਮਵਾਰ ਸ਼ਾਮ ਖੰਨਾ ਦੇ ਪਿੰਡ ਇਕੋਲਾਹਾ ਵਿਖੇ ਅਣਪਛਾਤੇ ਬਦਮਾਸ਼ਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਮ੍ਰਿਤਕ ਦੀ ਪਛਾਣ ਤਰਲੋਚਨ ਸਿੰਘ ਡੀਸੀ ਵਜੋਂ ਹੋਈ ਹੈ, ਜਿਸ ਦੀ ਉਮਰ ਕਰੀਬ 56 ਸਾਲ ਸੀ। ਸੂਤਰਾਂ ਮੁਤਾਬਕ ਤਰਲੋਚਨ ਦੀ ਸੋਮਵਾਰ ਸ਼ਾਮ ਉਸ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਦੋਂ ਉਹ ਆਪਣੇ ਖੇਤ ਤੋਂ ਵਾਪਸ ਆ ਰਿਹਾ ਸੀ। ਉਸ ਦੇ ਪੁੱਤਰ ਅਤੇ ਪਿੰਡ ਵਾਸੀਆਂ ਨੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਤਰਾਂ ਮੁਤਾਬਕ ਤਰਲੋਚਨ ਨੇ ਪਿੰਡ ਦੇ ਸਰਪੰਚ ਦੇ ਅਹੁਦੇ ਲਈ ਚੋਣ ਲੜੀ ਸੀ ਪਰ ਹਾਰ ਗਏ ਸਨ। ਉਹ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਨੂੰ ਖੰਨਾ ਵਿੱਚ ਪਾਰਟੀ ਦੇ ਕਿਸਾਨ ਵਿੰਗ ਦਾ ਆਗੂ ਬਣਾਇਆ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਤਰਲੋਚਨ ਮੁੜ ਪਿੰਡ ਦੇ ਸਰਪੰਚ ਦੀ ਚੋਣ ਲੜਨ ਦੀ ਤਿਆਰੀ ਕਰ ਰਿਹਾ ਸੀ। ਮ੍ਰਿਤਕ ਦੇ ਪੁੱਤਰ ਹਰਪ੍ਰੀਤ ਸਿੰਘ ਹੈਪੀ ਨੇ ਦੱਸਿਆ ਕਿ ਉਸ ਦੇ ਪਿਤਾ ਦੇ ਹਾਦਸਾਗ੍ਰਸਤ ਹੋਣ ਦਾ ਪਤਾ ਲੱਗਣ ’ਤੇ ਉਹ ਪਿੰਡ ਵਾਸੀਆਂ ਨਾਲ ਮੌਕੇ ’ਤੇ ਪੁੱਜੇ ਤਾਂ ਦੇਖਿਆ ਕਿ ਉਸ ਦੇ ਪਿਤਾ ਨੂੰ ਸੜਕ ਕਿਨਾਰੇ ਲਹੂ-ਲੁਹਾਨ ਹਾਲਤ ਵਿੱਚ ਪਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ, ਅਤੇ ਨਾ ਹੀ ਕਿਸੇ ‘ਤੇ ਸ਼ੱਕ ਕਰਨ ਦਾ ਕੋਈ ਕਾਰਨ ਹੈ। ਪੁਲਿਸ ਦੇ ਇੱਕ ਸੂਤਰ ਨੇ ਕਿਹਾ ਕਿ ਫਿਲਹਾਲ ਕੁਝ ਵੀ ਪੱਕੇ ਤੌਰ ‘ਤੇ ਨਹੀਂ ਕਿਹਾ ਜਾ ਸਕਦਾ ਹੈ, ਪਰ ਇਹ ਸਿਆਸੀ ਰੰਜਿਸ਼ ਦਾ ਮਾਮਲਾ ਲੱਗਦਾ ਹੈ।.