PUNJAB NEWS: ਪੀ.ਐਸ.ਪੀ.ਸੀ.ਐਲ ਦੇ ਕੋਟਕਪੂਰਾ ਕੇਂਦਰੀ ਭੰਡਾਰ ਵਿਖੇ ਹੇਰਾਫੇਰੀ ਦੀ ਕੋਸ਼ਿਸ਼ ਕਰਨ ਲਈ ਸੀਨੀਅਰ ਐਕਸੀਅਨ, ਜੇ.ਈ. ਤੇ ਸਟੋਰ ਕੀਪਰ ਕੀਤੇ ਮੁੱਅਤਲ : ਹਰਭਜਨ ਸਿੰਘ ਈ.ਟੀ.ਓ
ਮਾਮਲੇ ਵਿੱਚ ਸ਼ਾਮਿਲ ਕਰਮਚਾਰੀਆਂ ਅਤੇ ਵਪਾਰੀ ਵਿਰੁੱਧ ਵਿੱਢੀ ਪੁਲਿਸ ਕਾਰਵਾਈ
ਚੰਡੀਗੜ੍ਹ, 26 ਜੁਲਾਈ (ਵਿਸ਼ਵ ਵਾਰਤਾ):-
ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਅੱਜ ਇਥੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਗਈ ਜੀਰੋ ਟਾਲਰੈਂਸ ਨੀਤੀ ਤਹਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮੀਟਿਡ (ਪੀ.ਐਸ.ਪੀ.ਸੀ.ਐਲ) ਦੇ ਕੋਟਕਪੁਰਾ ਸਥਿਤ ਕੇਂਦਰੀ ਭੰਡਾਰ ਤੋਂ ਕਬਾੜ ਦੀ ਕੀਤੀ ਜਾ ਰਹੀ ਵਿਕਰੀ ਦੌਰਾਨ ਹੇਰਾਫੇਰੀ ਕਰਨ ਦੀ ਕੋਸ਼ਿਸ ਕਰਨ ਵਾਲੇ ਸੀਨੀਅਰ ਐਕਸੀਅਨ, ਜੇ.ਈ. ਅਤੇ ਸਟੋਰ ਕੀਪਰ ਨੂੰ ਤੁਰੰਤ ਪ੍ਰਭਾਵ ਨਾਲ ਮੁੱਅਤਲ ਕਰ ਦਿੱਤਾ ਗਿਆ ਹੈ ਜਦੋਂਕਿ ਮਾਮਲੇ ਵਿੱਚ ਸ਼ਾਮਿਲ ਕਰਮਚਾਰੀਆਂ ਅਤੇ ਵਪਾਰੀ ਵਿਰੁੱਧ ਪੁਲਿਸ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦਿਆਂ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ ਦੀ ਇਨਫੋਰਸਮੈਂਟ ਵਿੰਗ ਅਤੇ ਤਕਨੀਕੀ ਪੜਤਾਲ ਵਿੰਗ ਦੀਆਂ ਟੀਮਾਂ ਵੱਲੋਂ ਸਾਂਝੇ ਰੂਪ ਵਿਚ 25 ਜੁਲਾਈ ਨੂੰ ਕੇਂਦਰੀ ਭੰਡਾਰ, ਪੀ.ਐਸ.ਪੀ.ਸੀ.ਐਲ, ਕੋਟਕਪੁਰਾ ਤੋਂ ਕਬਾੜ ਵੇਚ ਆਰਡਰ ਤਹਿਤ ਚੁਕਾਏ ਸਮਾਨ ਦੀ ਅਚਨਚੇਤ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਪਾਇਆ ਗਿਆ ਕਿ ਕਬਾੜ ਸਮਾਨ ਲੈ ਕੇ ਜਾ ਰਹੇ 3 ਟਰੱਕਾਂ ਵਿੱਚੋ ਇੱਕ ਟਰੱਕ ਵਿਚ ਅਲੁਮੀਨੀਅਮ ਕੰਡਕਟਰ ਦੇ ਕਬਾੜ ਥੱਲੇ ਨਵਾਂ ਅਲੁਮੀਨੀਅਮ ਕੰਡਕਟਰ ਰੱਖ ਕੇ ਲਿਜਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦਾ ਪਤਾ ਨਾ ਲੱਗਣ ‘ਤੇ ਮਹਿਕਮੇ ਨੂੰ ਵਿੱਤੀ ਨੁਕਸਾਨ ਹੋਣਾ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਮੌਕੇ ‘ਤੇ ਤਫਤੀਸ਼ ਅਨੁਸਾਰ ਜਿੰਮੇਵਾਰ ਪਾਏ ਗਏ ਅਧਿਕਾਰੀਆਂ ਜਿੰਨ੍ਹਾਂ ਵਿੱਚ ਸੀਨੀਅਰ ਐਕਸੀਅਨ ਸਟੋਰ ਬਿਅੰਤ ਸਿੰਘ, ਸਟੋਰ ਇੰਚਾਰਜ ਜੂਨੀਅਰ ਇੰਜੀਨੀਅਰ ਗੁਰਮੇਲ ਸਿੰਘ ਅਤੇ ਸਟੋਰ ਕੀਪਰ (ਐਲ.ਡੀ.ਸੀ) ਨਿਰਮਲ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁੱਅਤਲ ਕਰ ਦਿੱਤਾ ਗਿਆ ਹੈ। ਇਸ ਕੇਸ ਵਿੱਚ ਦੋਸ਼ੀ ਕਰਮਚਾਰੀਆਂ ਅਤੇ ਸਮਾਨ ਚੁਕਣ ਆਏ ਵਪਾਰੀ ਵਿਰੁੱਧ ਪੁਲਿਸ ਕਾਰਵਾਈ ਵੀ ਅਰੰਭ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਇਸ ਕੇਸ ਵਿਚ ਡੂੰਘੀ ਪੜਤਾਲ ਕਰਕੇ ਦੋਸ਼ੀ ਪਾਏ ਜਾਣ ਵਾਲੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਬਿਜਲੀ ਮੰਤਰੀ ਸ.ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਅਫਸਰ ਭਾਵੇਂ ਵੱਡੇ ਤੋਂ ਵੱਡਾ ਹੋਵੇ ਉਸ ਨੂੰ ਕੰਮ ਵਿੱਚ ਕੁਤਾਹੀ ਤੇ ਕੁਰੱਪਸ਼ਨ ਕਰਦੇ ਫੜੇ ਜਾਣ ਤੇ ਬਖਸ਼ਿਆ ਨਹੀ ਜਾਵੇਗਾ।