Punjab News: ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 13 ਕੈਡਿਟਾਂ ਦੀ ਮਹਿਜ਼ ਦੋ ਮਹੀਨਿਆਂ ‘ਚ ਐਨ.ਡੀ.ਏ. ਤੇ ਹੋਰ ਰੱਖਿਆ ਅਕੈਡਮੀਆਂ ਵਿੱਚ ਹੋਈ ਚੋਣ
• ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸੱਤਾ ਸੰਭਾਲਣ ਉਪਰੰਤ 66 ਕੈਡਿਟ ਵੱਖ-ਵੱਖ ਰੱਖਿਆ ਟਰੇਨਿੰਗ ਅਕੈਡਮੀਆਂ ਵਿੱਚ ਹੋਏ ਸ਼ਾਮਲ: ਅਮਨ ਅਰੋੜਾ
ਚੰਡੀਗੜ੍ਹ, 17 ਜਨਵਰੀ (ਵਿਸ਼ਵ ਵਾਰਤਾ):- ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮ.ਆਰ.ਐਸ.ਏ.ਐਫ.ਪੀ.ਆਈ.), ਐਸ.ਏ.ਐਸ. ਨਗਰ (ਮੁਹਾਲੀ) ਦੇ 13 ਕੈਡਿਟਾਂ ਦੀ ਪਿਛਲੇ ਦੋ ਮਹੀਨਿਆਂ ਵਿੱਚ ਵੱਕਾਰੀ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਅਤੇ ਹੋਰ ਰੱਖਿਆ ਸਿਖਲਾਈ ਅਕੈਡਮੀਆਂ ਵਿੱਚ ਚੋਣ ਹੋਣ ਨਾਲ ਇੱਕ ਨਵਾਂ ਮੀਲ ਪੱਥਰ ਸਥਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਅੱਜ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸੂਬੇ ਵਿੱਚ ਸੱਤਾ ਸੰਭਾਲਣ ਉਪਰੰਤ ਇਸ ਸੰਸਥਾ ਦੇ ਵੱਖ-ਵੱਖ ਰੱਖਿਆ ਸਿਖਲਾਈ ਅਕੈਡਮੀਆਂ ਵਿੱਚ ਚੁਣੇ ਜਾਣ ਵਾਲੇ ਕੈਡਿਟਾਂ ਦੀ ਗਿਣਤੀ 66 ਤੱਕ ਪਹੁੰਚ ਗਈ ਹੈ। ਇਹ ਸਫਲਤਾ ਰੱਖਿਆ ਸੇਵਾਵਾਂ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਪ੍ਰਤੀ ਸੂਬਾ ਸਰਕਾਰ ਦੀ ਵਚਨਬੱਧਤਾ ਦਾ ਪ੍ਰਮਾਣ ਹੈ।
ਉਨ੍ਹਾਂ ਦੱਸਿਆ ਕਿ ਅੱਠ ਕੈਡਿਟ ਅਰਮਾਨਪ੍ਰੀਤ ਸਿੰਘ, ਕੇਸ਼ਵ ਸਿੰਗਲਾ, ਸੂਰਯਾਵਰਧਨ ਸਿੰਘ, ਫਤਹਿਵੀਰ ਸਿੰਘ, ਸੂਰਯਾਂਸ਼ ਠਾਕੁਰ, ਭਵਤੇਵੀਰ ਸਿੰਘ, ਰਾਘਵ ਸ਼ਰਮਾ ਅਤੇ ਸਾਹਿਲ ਸ਼ਰਮਾ ਐਨ.ਡੀ.ਏ.-153 ਕੋਰਸ ਲਈ ਐਨ.ਡੀ.ਏ., ਖੜਕਵਾਸਲਾ (ਪੁਣੇ) ਵਿੱਚ ਸ਼ਾਮਲ ਹੋਏ ਹਨ। ਇਸੇ ਤਰ੍ਹਾਂ ਅਨੀਕੇਤ ਸ਼ਰਮਾ ਮੱਧ ਪ੍ਰਦੇਸ਼ ਦੇ ਮਹੂ ਵਿਖੇ ਕੈਡਿਟਜ਼ ਟ੍ਰੇਨਿੰਗ ਵਿੰਗ (ਸੀ.ਟੀ.ਡਬਲਿਊ) ਵਿੱਚ ਸ਼ਾਮਲ ਹੋਇਆ, ਜਦਕਿ ਮਾਨਸ ਤਨੇਜਾ ਟੈਕਨੀਕਲ ਐਂਟਰੀ ਸਕੀਮ (ਟੀ.ਈ.ਐਸ.)-52 ਕੋਰਸ ਲਈ ਤੇਲੰਗਾਨਾ ਦੇ ਸਿਕੰਦਰਾਬਾਦ ਵਿੱਚ ਸੀ.ਟੀ.ਡਬਲਿਊ ਵਿੱਚ ਸ਼ਾਮਲ ਹੋਇਆ। ਉਨ੍ਹਾਂ ਅੱਗੇ ਦੱਸਿਆ ਕਿ ਵਾਸੂ ਮਹਿਤਾ 217 ਏ.ਐਫ.ਏ. ਕੋਰਸ ਲਈ ਏਅਰ ਫੋਰਸ ਅਕੈਡਮੀ (ਏ.ਐਫ.ਏ.), ਡੁੰਡੀਗਲ ਵਿੱਚ ਸ਼ਾਮਲ ਹੋਇਆ। ਜਸਕਰਨ ਸਿੰਘ (ਐਮ.ਆਰ.ਐਸ.ਏ.ਐਫ.ਪੀ.ਆਈ. ਦਾ ਸੀ.ਟੀ.ਡਬਲਯੂ) ਏ.ਐਫ.ਏ. ਦੇ 217 ਕੋਰਸ ਵਿੱਚ ਸ਼ਾਮਲ ਹੋਇਆ, ਜਦਕਿ ਪ੍ਰਸ਼ਾਂਤ ਕੁਮਾਰ (ਐਮ.ਆਰ.ਐਸ.ਏ.ਐਫ.ਪੀ.ਆਈ. ਦਾ ਸੀ.ਟੀ.ਡਬਲਯੂ) ਰੀਮਾਊਂਟ ਵੈਟਰਨਰੀ ਕੋਰ ਸੈਂਟਰ ਐਂਡ ਕਾਲਜ, ਮੇਰਠ ਵਿੱਚ 92 ਆਰ.ਵੀ.ਵਾਈ.ਓ. (ਰੀਮਾਊਂਟ ਵੈਟਰਨਰੀ ਯੰਗ ਅਫਸਰ) ਕੋਰਸ ਵਿੱਚ ਸ਼ਾਮਲ ਹੋਇਆ।
ਜ਼ਿਕਰਯੋਗ ਹੈ ਕਿ ਕੈਡਿਟ ਅਰਮਾਨਪ੍ਰੀਤ ਸਿੰਘ ਨੇ ਐਨ.ਡੀ.ਏ.-153 ਕੋਰਸ ਲਈ ਆਲ ਇੰਡੀਆ ਮੈਰਿਟ ਸੂਚੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਕੇਸ਼ਵ ਸਿੰਗਲਾ ਨੇ ਇਸੇ ਕੋਰਸ ਲਈ ਆਲ ਇੰਡੀਆ ਮੈਰਿਟ ਵਿੱਚ 15ਵਾਂ ਰੈਂਕ ਪ੍ਰਾਪਤ ਕੀਤਾ। ਕੈਬਨਿਟ ਮੰਤਰੀ ਨੇ ਇਨ੍ਹਾਂ ਕੈਡਿਟਾਂ ਨੂੰ ਰੱਖਿਆ ਸੇਵਾਵਾਂ ਵਿੱਚ ਕਰੀਅਰ ਦੀ ਚੋਣ ‘ਤੇ ਵਧਾਈ ਦਿੱਤੀ ਅਤੇ ਰੱਖਿਆ ਸੇਵਾਵਾਂ ਵਿੱਚ ਉਨ੍ਹਾਂ ਦੀ ਸਿਖਲਾਈ ਅਤੇ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ ਚੌਹਾਨ, ਵੀ.ਐਸ.ਐਮ., ਨੇ ਦੱਸਿਆ ਕਿ ਸੰਸਥਾ ਦੇ ਪੰਜ ਹੋਰ ਕੈਡਿਟ ਮਾਰਚ 2025 ਵਿੱਚ ਸ਼ੁਰੂ ਹੋਣ ਵਾਲੇ ਕੋਰਸ ਲਈ ਜੁਆਇਨਿੰਗ ਲੈਟਰਾਂ ਦੀ ਉਡੀਕ ਕਰ ਰਹੇ ਹਨ। ਇਸ ਤੋਂ ਇਲਾਵਾ 13ਵੇਂ ਕੋਰਸ ਦੇ ਕੈਡਿਟ ਆਪਣੇ ਸਰਵਿਸਿਜ਼ ਸਿਲੈਕਸ਼ਨ ਬੋਰਡ (ਐਸ.ਐਸ.ਬੀ.) ਦੇ ਇੰਟਰਵਿਊ ਦੇ ਰਹੇ ਹਨ।