Punjab News: ਔਰਤਾਂ ਹਰ ਖੇਤਰ ਵਿੱਚ ਮਾਰ ਸਕਦੀਆਂ ਹਨ ਮੱਲਾਂ – ਡਾਕਟਰ ਬਲਜੀਤ ਕੌਰ
ਕੈਂਪ ਦਾ ਮੁੱਖ ਮੰਤਵ ਔਰਤਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਨੌਜਵਾਨ ਲੜਕੀਆਂ ਨੂੰ ਰੁਜ਼ਗਾਰ ਦੇਣਾ
ਸ੍ਰੀ ਮੁਕਤਸਰ ਸਾਹਿਬ/ਚੰਡੀਗੜ੍ਹ, 02 ਦਸੰਬਰ (ਵਿਸ਼ਵ ਵਾਰਤਾ):- ਔਰਤਾਂ ਹਰੇਕ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ ਅਜਿਹਾ ਕੋਈ ਵੀ ਖੇਤਰ ਨਹੀਂ ਜਿੱਥੇ ਔਰਤਾਂ ਦਾ ਅਹਿਮ ਯੋਗਦਾਨ ਨਾ ਹੋਵੇ, ਇਹਨਾਂ ਗੱਲਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਮਲੋਟ ਦੇ ਪਿੰਡ ਦਾਨੇਵਾਲਾ ਵਿਖੇ ਰਾਜ ਪੱਧਰੀ ਸ਼ੁਰੂਆਤੀ ਸਮਾਗਮ ਦੌਰਾਨ ਔਰਤਾਂ ਲਈ ਸਿਹਤ ਅਤੇ ਰੋਜ਼ਗਾਰ ਸਬੰਧੀ ਲਗਾਏ ਗਏ ਕੈਂਪ ਮੌਕੇ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਕੈਂਪ ਦਾ ਮੁੱਖ ਮੰਤਵ ਔਰਤਾਂ ਨੂੰ ਕੈਂਸਰ ਜਿਹੀ ਭਿਆਨਕ ਬਿਮਾਰੀ ਤੋਂ ਬਚਾਉਣਾ ਹੈ, ਇਸ ਕੈਂਪ ਵਿੱਚ ਕੈਂਸਰ ਦੀ ਸਕਰੀਨਿੰਗ ਸਬੰਧੀ 500 ਤੋਂ ਵੱਧ ਔਰਤਾਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਗਈ ਹੈ ਅਤੇ ਲੜਕੀਆਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਰੁਜ਼ਗਾਰ ਮੁਹੱਈਆ ਕਰਵਾਉਣਾ ਹੈ। ਰੋਜ਼ਗਾਰ ਸਬੰਧੀ 209 ਲੜਕੀਆਂ ਵੱਲੋਂ ਪਲੇਸਮੈਂਟ ਕੈਂਪ ਵਿੱਚ ਭਾਗ ਲਿਆ ਗਿਆ ਅਤੇ ਮੌਕੇ ’ਤੇ ਹੀ 134 ਲੜਕੀਆਂ ਦੀ 07 ਕੰਪਨੀਆਂ ਵੱਲੋਂ ਨੌਕਰੀ ਲਈ ਚੋਣ ਕੀਤੀ ਗਈ।
ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਕੈਂਪ ਵਿੱਚ ਔਰਤਾਂ ਨੂੰ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸਾਰੀਆਂ ਸੁਵਿਧਾਵਾਂ ਇਕੱਠੀਆਂ ਕੀਤੀਆਂ ਗਈਆਂ ਹਨ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਸਟਾਲਾਂ ਲਗਾਈਆਂ ਗਈਆਂ ਹਨ ਜਿਵੇਂ ਕਿ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣਾ, ਵਿਧਵਾ ਪੈਨਸ਼ਨ, ਬੁਢਾਪਾ ਪੈਨਸ਼ਨ, ਰੋਜ਼ਗਾਰ ਸਬੰਧੀ ਪਲੇਸਮੈਂਟ ਕੈਂਪ, ਸਰੀਰ ਨੂੰ ਤੰਦਰੁਸਤ ਰੱਖਣ ਲਈ ਯੋਗਾ ਕਲਾਸ ਆਦਿ ਦੀਆਂ ਸਟਾਲਾਂ ਲਗਾਈਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਵਿਧਵਾ ਔਰਤਾਂ ਨੂੰ ਉਨ੍ਹਾਂ ਦੇ ਬੱਚਿਆਂ ਲਈ ਸਪਾਂਸਰਸ਼ਿਪ ਸਕੀਮ ਤਹਿਤ 4000 ਰੁਪਏ ਪ੍ਰਤੀ ਮਹੀਨਾ ਪ੍ਰੋਤਸਾਹਨ ਰਾਸ਼ੀ, ਘੱਟ ਵਿਆਜ ਦਰ ’ਤੇ ਲੋਨ ਦੀ ਸੁਵਿਧਾ ਆਦਿ ਸਹੂਲਤਾਂ ਵੀ ਵਿਭਾਗ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਉਨ੍ਹਾਂ 132 ਲਾਭਪਾਤਰੀਆਂ ਨੂੰ 51000 ਪ੍ਰਤੀ ਲਭਾਪਾਤਰੀ ਦੇ ਹਿਸਾਬ ਨਾਲ 67 ਲੱਖ 32 ਹਜ਼ਾਰ ਰੁਪਏ ਦੇ ਚੈੱਕ ਅਸ਼ੀਰਵਾਦ ਸਕੀਮ ਤਹਿਤ ਤਕਸੀਮ ਕੀਤੇ ਗਏ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਵਚਨਬੱਧ ਹੈ ਅਤੇ ਪੰਜਾਬ ਸਰਕਾਰ ਦਾ ਟੀਚਾ ਹੈ ਕਿ ਸੂਬੇ ਦੇ ਹਰ ਜ਼ਿਲ੍ਹੇ ਇਸ ਤਰ੍ਹਾਂ ਦੇ ਕੈਂਪ ਲਗਾਉਣਾ ਹੈ ਤਾਂ ਜੋ ਕੋਈ ਵੀ ਔਰਤ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸੁਵਿਧਾਵਾਂ ਤੋਂ ਵਾਂਝੀ ਨਾ ਰਹੇ ਅਤੇ ਹਰ ਇੱਕ ਔਰਤ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ।
ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਅਤੇ ਕੈਬਨਿਟ ਮੰਤਰੀ ਵੱਲੋਂ 149 ਖਿਡਾਰੀਆਂ ਨੂੰ ਟਰੈਕ ਸੂਟ, 100 ਲੜਕੀਆਂ ਸਕੂਲੀ ਬੈਗ ਅਤੇ ਪਾਣੀ ਦੀਆਂ ਬੋਤਲਾਂ ਅਤੇ ਸਪਾਂਸਿਰਸ਼ਿਪ ਸਕੀਮ ਤਹਿਤ ਲਾਭਪਾਤਰੀਆਂ ਨੂੰ ਟੀ-ਸ਼ਰਟ ਅਤੇ ਬੈਗ ਵੀ ਵੰਡੇ ਗਏ।
ਇਸ ਮੌਕੇ ਵਿਸ਼ੇਸ਼ ਮੁੱਖ ਸਕੱਤਰ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ, ਸ੍ਰੀਮਤੀ ਰਾਜੀ ਪੀ. ਸ੍ਰੀਵਾਸਤਵਾ, ਵਿਸ਼ੇਸ਼ ਸਕੱਤਰ ਸ੍ਰੀਮਤੀ ਵਿੰਮੀ ਭੁੱਲਰ, ਡਿਪਟੀ ਕਮਿਸ਼ਨਰ, ਸ੍ਰੀ ਰਾਜੇਸ਼ ਤ੍ਰਿਪਾਠੀ, ਐਸ.ਡੀ.ਐਮ. ਮਲੋਟ ਡਾ. ਸੰਜੀਵ ਕੁਮਾਰ, ਬਲਾਕ ਕੋਅਰਾਡੀਨੇਟਰ, ਪੋਸ਼ਣ ਅਭਿਆਨ ਫਰੀਦਕੋਟ ਸ੍ਰੀ ਸੁਖਦੀਪ ਸਿੰਘ, ਡਿਪਟੀ ਡਾਇਰੈਕਟਰ ਸ੍ਰੀ ਸੁਖਦੀਪ ਸਿੰਘ, ਸੀ.ਡੀ.ਪੀ.ਓ. ਸ੍ਰੀ ਪੰਕਜ ਮੌਰੀਆ, ਤਹਿਸੀਲਦਾਰ ਮਲੋਟ ਸ੍ਰੀ ਜਤਿੰਦਰਪਾਲ ਸਿੰਘ ਜੇ.ਪੀ., ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਪ੍ਰਦੀਪ ਕੁਮਾਰ, ਚੇਅਰਮੈਨ ਸਹਿਕਾਰੀ ਬੈਂਕ ਪੰਜਾਬ ਸ੍ਰੀ ਜਗਦੇਵ ਸਿੰਘ ਬਾਂਮ, ਜ਼ਿਲ੍ਹਾ ਪ੍ਰਧਾਨ ਸ੍ਰੀ ਜਸ਼ਨ ਬਰਾੜ, ਬਲਾਕ ਪ੍ਰਧਾਨ ਸ੍ਰੀ ਸਿਮਰਜੀਤ ਸਿੰਘ ਬਰਾੜ, ਸ੍ਰੀ ਕੁਲਵਿੰਦਰ ਸਿੰਘ ਬਰਾੜ, ਸ੍ਰੀ ਲਾਭ ਸਿੰਘ, ਸ੍ਰੀ ਲਵਲੀ ਸੰਧੂ, ਸ੍ਰੀ ਰਮੇਸ਼ ਅਰਨੀਵਾਲਾ, ਸ੍ਰੀ ਮਨਜਿੰਦਰ ਸਿੰਘ ਕਾਕਾ ਉੜਾਂਗ, ਸ੍ਰੀ ਪਰਮਜੀਤ ਗਿੱਲ ਤੋਂ ਇਲਾਵਾ ਪਤਵੰਤੇ ਵਿਅਕਤੀ ਹਾਜ਼ਰ ਸਨ।