PUNJAB ਨਗਰ ਨਿਗਮ ਚੋਣਾਂ ਅੱਜ : ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਵੋਟਿੰਗ
ਰਾਜ ਚੋਣ ਕਮਿਸ਼ਨ ਵੱਲੋਂ ਚੋਣਾਂ ਦੌਰਾਨ ਪੋਲਿੰਗ ਬੂਥਾਂ ਦੇ ਬਾਹਰ ਵੀਡੀਓਗ੍ਰਾਫੀ ਦੀ ਆਗਿਆ
ਚੰਡੀਗੜ੍ਹ, 21ਦਸੰਬਰ(ਵਿਸ਼ਵ ਵਾਰਤਾ) ਸੂਬੇ ਵਿੱਚ ਨਗਰ ਨਿਗਮਾਂ ਅਤੇ ਕੌਂਸਲਾਂ/ਨਗਰ ਪੰਚਾਇਤਾਂ ਲਈ ਵੋਟਾਂ ਅੱਜ 21 ਦਸੰਬਰ(ਸ਼ਨੀਵਾਰ) ਨੂੰ ਪੈਣਗੀਆਂ। ਵੋਟਾਂ ਅੱਜ ਸਵੇਰੇ 7 ਵਜੇ ਤੋਂ ਸ਼ਾਮ ਚਾਰ ਵਜੇ ਤੱਕ ਪੈਣਗੀਆਂ ਅਤੇ ਚੋਣ ਨਤੀਜੇ ਵੀ ਅੱਜ ਹੀ ਐਲਾਨੇ ਜਾਣਗੇ। ਵੋਟਿੰਗ ਲਈ ਈ.ਵੀ.ਐੱਮਜ਼. ਦੀ ਵਰਤੋਂ ਕੀਤੀ ਜਾਣੀ ਹੈ, ਜਿਸ ਲਈ ਚੋਣ ਕਮਿਸ਼ਨ ਵੱਲੋਂ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਚੋਣਾਂ ਵਿਚ ਕੁੱਲ 37,32,636 ਵੋਟਰ ਆਪਣੇ ਹੱਕ ਦਾ ਇਸਤੇਮਾਲ ਕਰ ਸਕਣਗੇ ਜਿਨ੍ਹਾਂ ਵਿਚ 19,55,888 ਪੁਰਸ਼, 17,76,544 ਮਹਿਲਾਵਾਂ ਅਤੇ 204 ਹੋਰ ਸ਼ਾਮਲ ਹਨ। ਵੇਰਵਿਆਂ ਅਨੁਸਾਰ 21 ਦਸੰਬਰ ਨੂੰ ਨਗਰ ਨਿਗਮ ਪਟਿਆਲਾ, ਲੁਧਿਆਣਾ, ਫਗਵਾੜਾ, ਜਲੰਧਰ ਅਤੇ ਅੰਮ੍ਰਿਤਸਰ ਤੋਂ ਇਲਾਵਾ 44 ਨਗਰ ਕੌਂਸਲਾਂ/ਨਗਰ ਪੰਚਾਇਤਾਂ ਲਈ ਵੋਟਾਂ ਪੈਣਗੀਆਂ। ਵੱਖ ਵੱਖ ਨਿਗਮਾਂ ਤੇ ਕੌਂਸਲਾਂ ਦੇ ਕਰੀਬ 49 ਵਾਰਡਾਂ ’ਤੇ ਉਪ ਚੋਣ ਵੀ ਹੋਣੀ ਹੈ। ਵੋਟਾਂ ਲਈ ਕੁੱਲ 1609 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਜਿਨ੍ਹਾਂ ਵਿੱਚ 3809 ਪੋਲਿੰਗ ਬੂਥ ਹਨ। ਇਨ੍ਹਾਂ ’ਚੋਂ 344 ਪੋਲਿੰਗ ਸਟੇਸ਼ਨਾਂ ਦੀ ਪਛਾਣ ਅਤਿ-ਸੰਵੇਦਨਸ਼ੀਲ ਅਤੇ 665 ਪੋਲਿੰਗ ਸਥਾਨਾਂ ਦੀ ਪਛਾਣ ਸੰਵੇਦਨਸ਼ੀਲ ਵਜੋਂ ਕੀਤੀ ਗਈ ਹੈ। ਅਤਿ-ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਨੂੰ 1 ਐਚ.ਸੀ. ਅਤੇ 1 ਸੀ ਦੀ ਵਾਧੂ ਫੋਰਸ ਪ੍ਰਦਾਨ ਕੀਤੀ ਜਾਵੇਗੀ ਅਤੇ ਇਨ੍ਹਾਂ ਖੇਤਰਾਂ ਨੂੰ ਮੋਬਾਈਲ ਗਸ਼ਤ ਦੁਆਰਾ ਵੀ ਕਵਰ ਕੀਤਾ ਜਾਵੇਗਾ।
ਦੱਸ ਦਈਏ ਕਿ ਰਾਜ ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਅਤੇ ਆਮ ਲੋਕਾਂ ਨੂੰ ਮਿਤੀ 10.10.2024 ਦੇ ਹੁਕਮਾਂ ਅਨੁਸਾਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਵਰਕਰਾਂ ਸਮੇਤ ਨਿੱਜੀ ਵਿਅਕਤੀਆਂ ਵੱਲੋਂ ਪੋਲਿੰਗ ਸਟੇਸ਼ਨਾਂ ਦੇ ਬਾਹਰ ਵੀਡੀਓਗ੍ਰਾਫੀ ਕਰਨ ਦੀ ਇਜਾਜ਼ਤ ਹੋਵੇਗੀ।
ਇਸ ਸਬੰਧੀ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਪੋਲਿੰਗ ਸਟੇਸ਼ਨਾਂ ਦੇ ਅੰਦਰ ਕਿਸੇ ਵੀ ਨਿੱਜੀ ਵਿਅਕਤੀ ਨੂੰ ਵੀਡੀਓਗ੍ਰਾਫੀ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਕਮਿਸ਼ਨ ਵੱਲੋਂ ਇਹ ਹਦਾਇਤਾਂ ਮਾਣਯੋਗ ਹਾਈਕੋਰਟ (ਡੀਬੀ) ਵੱਲੋਂ 24.5.2012 ਨੂੰ 2012 ਦੇ ਸੀਡਬਲਿਊਪੀ 9601 ਦੇ ਕ੍ਰਿਸ਼ਨ ਕੁਮਾਰ ਅਤੇ ਹੋਰ ਬਨਾਮ ਸਟੇਟ ਆਫ ਪੰਜਾਬ ਦੇ ਹੁਕਮਾਂ ਤਹਿਤ ਦਿੱਤੀਆਂ ਗਈ ਆਂ ਹਨ। ਉਕਤ ਕੇਸ ਦਾ ਸੰਚਾਲਨ ਭਾਗ ਹੇਠ ਲਿਖੇ ਅਨੁਸਾਰ ਹੈ: ‘‘ਪਟੀਸ਼ਨਰ ਜਾਂ ਕੋਈ ਹੋਰ ਵਿਅਕਤੀ ਆਪਣੇ ਖਰਚੇ ’ਤੇ ਪੋਲਿੰਗ ਸਟੇਸ਼ਨ ਦੇ ਬਾਹਰ ਵੀਡੀਓਗ੍ਰਾਫੀ ਦਾ ਪ੍ਰਬੰਧ ਕਰਨ ਲਈ ਸੁਤੰਤਰ ਹੈ ਅਤੇ ਜੇਕਰ ਉਹ ਅਜਿਹੀ ਇੱਛਾ ਪ੍ਰਗਟ ਕਰਦੇ ਹਨ, ਤਾਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਨਹੀਂ ਜਾਵੇਗਾ। ਹਾਲਾਂਕਿ, ਇਹ ਸਪੱਸ਼ਟ ਕੀਤਾ ਗਿਆ ਹੈ ਕਿ ਪੋਲਿੰਗ ਬੂਥਾਂ ਦੇ ਅੰਦਰ ਪੋਲਿੰਗ ਦੀ ਗੁਪਤਤਾ ਬਣਾਈ ਰੱਖਣ ਲਈ ਵੀਡੀਓਗ੍ਰਾਫੀ ਦੀ ਇਜਾਜ਼ਤ ਨਹੀਂ ਹੋਵੇਗੀ ।’’
ਉਕਤ ਹੁਕਮਾਂ ਅਨੁਸਾਰ, ਸਿਆਸੀ ਪਾਰਟੀਆਂ ਦੇ ਨਿੱਜੀ ਵਿਅਕਤੀਆਂ/ਵਰਕਰਾਂ ਦੁਆਰਾ ਆਪਣੇ ਖਰਚੇ ’ਤੇ ਵੀਡੀਓਗ੍ਰਾਫੀ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਪਰ ਇਹ ਵੀਡੀਓਗ੍ਰਾਫੀ ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਦੇ ਘੇਰੇ ਤੋਂ ਬਾਹਰ ਕੀਤੀ ਜਾਣੀ ਚਾਹੀਦੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/