PUNJAB : ਪੰਥ ਪ੍ਰਸਿੱਧ ਰਾਗੀ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਦਾ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਨੇ ਕੀਤਾ ਸਨਮਾਨ
ਲੁਧਿਆਣਾਃ 12 ਫਰਵਰੀ(ਵਿਸ਼ਵ ਵਾਰਤਾ)PUNJAB : ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਪੰਥ ਪ੍ਰਸਿੱਧ ਰਾਗੀ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਦਾ ਲੁਧਿਆਣਾ ਸਥਿਤ ਸ਼ਹੀਦ ਭਗਤ ਸਿੰਘ ਨਗਰ ਵਿਖੇ ਪ੍ਰੋ. ਗੁਰਭਜਨ ਸਿੰਘ ਗਿੱਲ (Gurbhajan Singh Gill) ਤੇ ਸਾਥੀਆਂ ਨੇ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਪਦਮ ਸ਼੍ਰੀ ਪੁਰਸਕਾਰ ਦਾ ਐਲਾਨ ਹੋਣ ਉਪਰੰਤ ਸਨਮਾਨਤ ਕੀਤਾ। ਇਸ ਮੌਕੇ ਬੋਲਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ (Gurbhajan Singh Gill) ਨੇ ਕਿਹਾ ਕਿ ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲੇ ਉੱਚੇ ਤੇ ਸੁੱਚੇ ਕਿਰਦਾਰ ਦੇ ਸਵਾਮੀ ਹਨ ਜਿੰਨ੍ਹਾਂ ਨੇ ਹਰ ਮੌਸਮ ਵਿੱਚ ਕੀਰਤਨ ਸੇਵਾ ਦੀ ਸ਼ੁੱਧਤਾ ਤੇ ਸਰੂਪ ਨੂੰ ਕਾਇਮ ਰੱਖਿਆ ਹੈ। 1985 ਤੋਂ ਲਗਾਤਾਰ ਉਨ੍ਹਾਂ ਨਾਲ ਨੇੜ ਸੰਬੰਧਾਂ ਦੇ ਆਧਾਰ ਤੇ ਕਹਿ ਸਕਦਾ ਹਾਂ ਕਿ ਦੇਸ਼ ਬਦੇਸ਼ ਵਿੱਚ ਕੀਰਤਨ ਦਾ ਸ੍ਰੋਤਾਂ ਵਰਗ ਵਧਾਉਣ ਵਿੱਚ ਉਨ੍ਹਾਂ ਦਾ ਯੋਗਦਾਨ ਪ੍ਰਮੁੱਖ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 2013 ਵਿੱਚ ਹੋਈ ਬਖਸ਼ਿਸ਼ ਉਪਰੰਤ ਇਹ ਪੁਰਸਕਾਰ ਮਿਲਣੇ ਭਾਵੇਂ ਦੁਨਿਆਵੀ ਪ੍ਰਵਾਨਗੀ ਹੈ ਪਰ ਇਹ ਵੀ ਸੁਆਗਤ ਯੋਗ ਹੈ।
ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਪੂਰੀ ਦੁਨੀਆਂ ਵਿੱਚ ਸੁਰੀਲੇ ਅਤੇ ਰਾਗ ਵਿਦਿਆ ਪ੍ਰਬੰਧ ਵਿੱਚ ਪ੍ਰਬੀਨ ਕੀਰਤਨੀਏ ਵਜੋਂ ਜਾਣੇ ਜਾਂਦੇ ਹਨ। ਭਾਈ ਹਰਜਿੰਦਰ ਸਿੰਘ ਰਾਗੀ(ਸ਼੍ਰੀਨਗਰ ਵਾਲੇ) ਸਰਬੱਤ ਦਾ ਭਲਾ ਮੰਗਣ ਵਾਲੀ ਸੋਚ ਧਾਰਾ ਦੇ ਮਾਲਕ ਹਨ। ਗੁਰਬਾਣੀ ਕੀਰਤਨ ਸੰਸਾਰ ਵਿੱਚ ਆਪ ਨੇ ਪੁਰਾਤਨ ਰਾਗ-ਰੀਤਾਂ ਦੀ ਪੁਨਰ ਸੁਰਜੀਤੀ, ਨਵੀਆਂ ਬੰਦਸ਼ਾਂ ਦੇ ਗਾਇਨ ਦੇ ਨਾਲ ਨਾਲ ਇੱਕ ਵਿਸ਼ੇਸ਼ਣ ਸ਼ਬਦ ਲੜੀਆਂ ਰੀਕਾਰਡ ਕਰਵਾ ਕੇ ਆਪਣੀ ਨਿਵੇਕਲੀ ਪਛਾਣ ਬਣਾਈ ਹੈ।
ਭਾਈ ਹਰਜਿੰਦਰ ਸਿੰਘ ਜੀ ਦੇ ਕੈਨੇਡਾ ਦੇ ਸ਼ਹਿਰ ਕੈਲਗਰੀ ਤੋਂ ਆਏ ਨਸ਼ਾ ਮੁਕਤੀ ਲਹਿਰ ਦੇ ਆਗੂ ਬਲਵਿੰਦਰ ਸਿੰਘ ਕਾਹਲੋਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ 1ਅਪ੍ਰੈਲ 1958 ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਬਿਆਸ ਦਰਿਆ ਦੇ ਕੰਢੇ ਪਿੰਡ ਬੱਲੜ੍ਹ ਵਾਲ ਵਿੱਚ ਜਨਮੇ ਭਾਈ ਸਾਹਿਬ ਨੇ ਨੇੜਲੇ ਪਿੰਡ ਸਰਕਾਰੀ ਹਾਈ ਸਕੂਲ ਮਾੜੀ ਬੁੱਚਿਆਂ(ਗੁਰਦਾਸਪੁਰ) ਤੋਂ 1975 ਵਿੱਚ ਦਸਵੀਂ ਪਾਸ ਕਰਕੇ ਸ਼ਹੀਦ ਸਿੱਖ ਮਿਸ਼ਨਰੀ ਕਾਲਿਜ ਅੰਮ੍ਰਿਤਸਰ ਵਿੱਚ ਗੁਰਮਤਿ ਗਿਆਨ ਅਤੇ ਸੰਗੀਤ ਵਿੱਦਿਆ ਲਈ ਦਾਖ਼ਲਾ ਲੈ ਲਿਆ। ਤਿੰਨ ਸਾਲ ਲਗਾਤਾਰ ਗੁਰਮਤਿ ਸਾਹਿੱਤ ਅਤੇ ਰਾਗ ਪ੍ਰਬੰਧ ਦਾ ਅਧਿਐਨ ਕਰਕੇ ਆਪ ਨਿਸ਼ਕਾਮ ਕੀਰਤਨ ਨੂੰ ਸਮਰਪਿਤ ਹੋ ਗਏ।
1980 ਤੋਂ 1983 ਤੀਕ ਆਪ ਜੰਮੂ ਕਸ਼ਮੀਰ ਸਥਿਤ ਸ਼੍ਰੀਨਗਰ ਵਿਖੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਅਮੀਰਾ ਕਾਦਲ ਵਿਖੇ ਹਜ਼ੂਰੀ ਰਾਗੀ ਵਜੋਂ ਸੇਵਾ ਨਿਭਾਉਂਦੇ ਰਹੇ। ਭਾਈ ਹਰਜਿੰਦਰ ਸਿੰਘ ਜੀ 1983 ਤੋਂ 1987 ਤੀਕ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਬਜ਼ੀ ਮੰਡੀ, ਲੁਧਿਆਣਾ ਵਿੱਚ ਅਤੇ 1987 ਤੋਂ 1989 ਤੀਕ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਕਲਗੀਧਰ ਲੁਧਿਆਣਾ ਵਿਖੇ ਹਜ਼ੂਰੀ ਰਾਗੀ ਵਜੋਂ ਸੇਵਾ ਨਿਭਾਉਂਦੇ ਰਹੇ। ਇਸ ਉਪਰੰਤ ਆਪ ਜੀ ਹੁਣ ਤੀਕ ਆਜ਼ਾਦ ਕੀਰਤਨ ਸੇਵਾ ਵਿੱਚ ਕਰਮਸ਼ੀਲ ਹਨ।
ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਦੀ ਸੇਵਾ ਬਾਰੇ ਦੱਸਦਿਆਂ ਸ. ਦਲਜੀਤ ਸਿੰਘ ਖੱਖ ਨੇ ਕਿਹਾ ਕਿ ਸਭ ਤੋਂ ਪਹਿਲਾਂ ਭਾਈ ਹਰਜਿੰਦਰ ਸਿੰਘ ਜੀ ਨੇ 1991ਵਿੱਚ ਸੰਤ ਬਾਬਾ ਸੁੱਚਾ ਸਿੰਘ ਜਵੱਦੀ ਕਲਾਂ, ਬੀਬੀ ਜਸਬੀਰ ਕੌਰ ਅਤੇ ਸੰਗੀਤ ਸਮਰਾਟ ਉਸਤਾਦ ਜਸਵੰਤ ਭੰਵਰਾ ਨਾਲ ਮਿਲ ਕੇ ਅਦੁੱਤੀ ਸੰਗੀਤ ਸੰਮੇਲਨ ਦੀ ਸੇਵਾ ਕੀਤੀ ਜੋ ਹੁਣ ਤੀਕ ਸਾਲਾਨਾ ਤੌਰ ਤੇ ਲਗਾਤਾਰ ਸੰਤ ਅਮੀਰ ਸਿੰਘ ਜੀ ਦੀ ਅਗਵਾਈ ਹੋਠ ਜਾਰੀ ਹੈ। ਸ਼੍ਰੀ ਗੁਰੂ ਗਰੰਥ ਸਾਹਿਬ ਵਿੱਚ ਸ਼ਾਮਿਲ 31 ਸ਼ੁੱਧ ਰਾਗਾਂ ਕੇ ਆਧਾਰਿਤ ਇਹ ਯਤਨ ਟਕਸਾਲੀ ਕੀਰਤਨ ਦੀ ਸ਼ੁੱਧਤਾ ਕਾਇਮ ਰੱਖਣ ਲਈ ਸਹਾਈ ਹੋਇਆ। ਆਪ ਨੇ ਪਹਿਲੀ ਆਡਿਉ ਕੈਸਿਟ “ਸਭ ਦੇਸ਼ ਪਰਾਇਆ” 1985 ਵਿੱਚ ਰੀਕਾਰਡ ਕਰਵਾਈ। ਹੁਣ ਤੀਕ ਆਪ 700 ਤੋਂ ਵੱਧ ਗੁਰਬਾਣੀ ਸ਼ਬਦ ਰੀਕਾਰਡ ਕਰਵਾ ਚੁੱਕੇ ਹਨ। ਸ਼੍ਰੀ ਹਰਿਮੰਦਰ ਸਾਹਿਬ ਵਿਖੇ ਵੀ ਆਪ 1986 ਤੋਂ ਲਗਾਤਾਰ ਨਿਸ਼ਕਾਮ ਕੀਰਤਨੀਏ ਵਜੋਂ ਸੈਂਕੜੇ ਵਾਰ ਸੇਵਾ ਨਿਭਾ ਚੁੱਕੇ ਹਨ।
ਭਾਈ ਹਰਜਿੰਦਰ ਸਿੰਘ ਜੀ ਦੇ ਸਪੁੱਤਰ ਤੇ ਕੀਰਤਨ ਸਾਥੀ ਜਸਪ੍ਰੀਤ ਸਿੰਘ ਮੁਤਾਬਕ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਨੂੰ ਹੁਣ ਤੀਕ ਅਨੇਕਾਂ ਧਾਰਮਿਕ ਸੰਸਥਾਵਾਂ, ਰਾਸ਼ਟਰੀ ਤੇ ਅੰਤਰ ਰਾਸ਼ਟਰੀ ਸਭਿਆਚਾਰਕ ਮੰਚਾਂ, ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਪਾਸੋਂ ਸਨਮਾਨ ਮਿਲ ਚੁੱਕੇ ਹਨ।
1991 ਵਿੱਚ ਆਪ ਨੂੰ ਅਦੁੱਤੀ ਗੁਰਮਤਿ ਸੰਗੀਤ ਪੁਰਸਕਾਰ ਜਵੱਦੀ ਕਲਾਂ(ਲੁਧਿਆਣਾ) ਸਥਿਤ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਵੱਲੋਂ ਪ੍ਰਦਾਨ ਕੀਤਾ ਗਿਆ। ਰਾਮਗੜੀਆ ਗਰਲਜ਼ ਕਾਲਿਜ ਲੁਧਿਆਣਾ ਵਿਖੇ 1974 ਵਿੱਚ ਆਪ ਨੂੰ ਬਾਬਾ ਗੁਰਮੁਖ ਸਿੰਘ ਯਾਦਗਾਰੀ ਪੁਰਸਕਾਰ ਦਿੱਤਾ ਗਿਆ। ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ(ਰਜਿ.) ਲੁਧਿਆਣਾ ਵੱਲੋਂ 1994 ਵਿੱਚ ਆਪ ਜੀ ਨੂੰ ਪ੍ਰੋ. ਮੋਹਨ ਸਿੰਘ ਯਾਦਗਾਰੀ ਕੀਰਤਨ ਸੇਵਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਸਾਲ 2002 ਵਿੱਚ ਆਪ ਨੂੰ ਗੁਰਮਤਿ ਕੀਰਤਨ ਸੇਵਾ ਲਈ ਸਿਫ਼ਤੀ ਐਵਾਰਡ ਭੇਂਟ ਕੀਤਾ ਗਿਆ। ਅਕਾਲ ਪੁਰਖ ਕੀ ਫੌਜ ਸੰਸਥਾ ਅੰਮ੍ਰਿਤਸਰ ਵੱਲੋਂ ਆਪ ਨੂੰ 2003 ਵਿੱਚ “ਸਿੱਖ ਗੌਰਵ ਪੁਰਸਕਾਰ “ਨਾਲ ਸਨਮਾਨਿਤ ਕੀਤਾ ਗਿਆ। ਯੂਨਾਈਟਿਡ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਆਪ ਨੂੰ 2003 ਵਿੱਚ ਸਨਮਾਨਿਤ ਕੀਤਾ ਗਿਆ। ਪੰਜਾਬ ਸਰਕਾਰ ਦੇ ਮਹੱਤਵਪੂਰਨ ਅਦਾਰਾ ਭਾਸ਼ਾ ਵਿਭਾਗ ਪੰਜਾਬ ਵੱਲੋਂ ਆਪ ਨੂੰ ਸਾਲ 2005 ਦਾ “ਸ਼੍ਰੋਮਣੀ ਰਾਗੀ ਐਵਾਰਡ” ਪ੍ਰਦਾਨ ਕੀਤਾ ਗਿਆ। ਸਾਲ 2011 ਵਿੱਚ ਆਪ ਨੂੰ “ਪੰਜਾਬ ਰਾਜ ਪੁਰਸਕਾਰ “ ਨਾਲ ਸਨਮਾਨਿਆ ਗਿਆ। ਸਿੱਖ ਪੰਥ ਦੀ ਸਿਰਮੌਰ ਸੰਸਥਾ “ਸ਼੍ਰੀ ਅਕਾਲ ਤਖ਼ਤ ਸਾਹਿਬ”ਵੱਲੋਂ ਆਪ ਜੀ ਨੂੰ” ਸ਼੍ਰੋਮਣੀ ਪੰਥਕ ਰਾਗੀ” ਦੀ ਉਪਾਧੀ ਨਾਲ ਨਿਵਾਜਿਆ ਗਿਆ। ਅਮਰੀਕਾ ਦੀ ਕੈਲੀਫੋਰਨੀਆ ਸਟੇਟ ਅਸੈਂਬਲੀ ਨੇ ਵੀ ਸਾਲ 2021 ਵਿੱਚ ਸ਼ਲਾਘਾ ਪੱਤਰ ਦਿੱਤਾ। ਇਸ ਮੌਕੇ ਸਰਦਾਰਨੀ ਜਸਵਿੰਦਰ ਕੌਰ ਗਿੱਲ,ਮਨਧੀਰ ਕੌਰ ਕਾਹਲੋਂ, ਪੁਨੀਤਪਾਲ ਸਿੰਘ ਗਿੱਲ,ਰਵਨੀਤ ਕੌਰ ਗਿੱਲ, ਸ, ਦਸਜੀਤ ਸਿੰਘ ਗਰੇਵਾਲ(ਰਿਵੇਰਾ) ਨੇ ਰਲ਼ ਕੇ ਭਾਈ ਸਾਹਿਬ ਨੂੰ ਦੋਸ਼ਾਲਾ ਪਹਿਨਾਇਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/