PUNJAB ਸਰਕਾਰ ਵੱਲੋਂ ਗੈਰ-ਸੰਚਾਰੀ ਬਿਮਾਰੀਆਂ ਨਾਲ ਨਜਿੱਠਣ ਲਈ ਸੂਬਾ ਪੱਧਰੀ ਜਾਂਚ ਮੁਹਿੰਮ ਦੀ ਸ਼ੁਰੂਆਤ
ਇਸ ਮੁਹਿੰਮ ਤਹਿਤ ਸ਼ੂਗਰ, ਹਾਈਪਰਟੈਨਸ਼ਨ ਅਤੇ ਕੈਂਸਰ ਦਾ ਜਲਦ ਪਤਾ ਲਗਾਉਣ ਲਈ 30 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਦੀ ਜਾਂਚ ਕੀਤੀ ਜਾਵੇਗੀ: ਡਾ. ਬਲਬੀਰ ਸਿੰਘ
ਚੰਡੀਗੜ੍ਹ, 20 ਫਰਵਰੀ (ਵਿਸ਼ਵ ਵਾਰਤਾ):- PUNJAB ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਅੱਜ ਸੂਬੇ ਭਰ ਵਿੱਚ ਆਮ ਗੈਰ-ਸੰਚਾਰੀ ਬਿਮਾਰੀਆਂ (ਐਨ.ਸੀ.ਡੀ.) ਦੀ ਰੋਕਥਾਮ, ਕੰਟਰੋਲ ਅਤੇ ਜਾਂਚ ਲਈ ਆਬਾਦੀ-ਅਧਾਰਤ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਗਈ ਹੈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ 30 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਆਮ ਐਨ.ਸੀ.ਡੀ., ਜਿਸ ਵਿੱਚ ਸ਼ੂਗਰ, ਹਾਈਪਰਟੈਨਸ਼ਨ ਅਤੇ ਤਿੰਨ ਆਮ ਕੈਂਸਰ – ਮੂੰਹ, ਛਾਤੀ ਅਤੇ ਸਰਵਾਈਕਲ ਸ਼ਾਮਲ ਹਨ, ਲਈ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਆਮ ਐਨ.ਸੀ.ਡੀ. ਅਤੇ ਕੈਂਸਰਾਂ ਦੀ ਜਾਂਚ ਗੈਰ-ਸੰਚਾਰੀ ਬਿਮਾਰੀਆਂ ਦੇ ਨਿਯੰਤਰਣ ਲਈ ਰਾਸ਼ਟਰੀ ਪ੍ਰੋਗਰਾਮ ਤਹਿਤ ਸੇਵਾ ਪ੍ਰਦਾਨ ਕਰਨ ਦਾ ਇੱਕ ਅਨਿੱਖੜਵਾਂ ਅੰਗ ਹੈ।
ਉਨ੍ਹਾਂ ਦੱਸਿਆ ਕਿ ਇਹ ਜਾਂਚ ਆਸ਼ਾ, ਏ.ਐਨ.ਐਮ. ਅਤੇ ਐਮ.ਪੀ.ਡਬਲਯੂਜ਼ ਸਮੇਤ ਸਿਖਲਾਈ ਪ੍ਰਾਪਤ ਸਿਹਤ ਸੰਭਾਲ ਕਰਮਚਾਰੀਆਂ ਵੱਲੋਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਪ੍ਰਾਇਮਰੀ ਸਿਹਤ ਕੇਂਦਰਾਂ, ਆਮ ਆਦਮੀ ਕਲਿਨਕਾਂ/ਆਯੁਸ਼ਮਾਨ ਅਰੋਗਿਆ ਕੇਂਦਰਾਂ, ਕਮਿਊਨਿਟੀ ਸਿਹਤ ਕੇਂਦਰਾਂ, ਜ਼ਿਲ੍ਹਾ ਹਸਪਤਾਲਾਂ, ਸਬ-ਡਵੀਜ਼ਨ ਹਸਪਤਾਲਾਂ ਵਿਖੇ ਕੀਤੀ ਜਾਵੇਗੀ।
ਸਿਹਤ ਮੰਤਰੀ ਨੇ ਦੱਸਿਆ ਕਿ ਇਸ ਮੁਹਿੰਮ ਦੀ ਸ਼ੁਰੂਆਤ 30 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਸਕ੍ਰੀਨਿੰਗ ਪ੍ਰੋਗਰਾਮ ਦੀ ਦੇਸ਼ ਵਿਆਪੀ ਸ਼ੁਰੂਆਤ ਦੀ ਤਰਜ਼ ‘ਤੇ ਕੀਤੀ ਗਈ ਹੈ ਅਤੇ ਇਹ ਮੁਹਿੰਮ ਪ੍ਰਾਇਮਰੀ ਸਿਹਤ ਸੰਭਾਲ ਸਹੂਲਤਾਂ ਵਿੱਚ ਆਬਾਦੀ-ਅਧਾਰਤ ਜਾਂਚ ਰਾਹੀਂ ਆਮ ਐਨ.ਸੀ.ਡੀਜ਼ ਦੀ ਜਲਦ ਪਛਾਣ ‘ਤੇ ਕੇਂਦ੍ਰਿਤ ਹੈ। ਇਹ ਮੁਹਿੰਮ 31 ਮਾਰਚ ਤੱਕ ਚੱਲੇਗੀ।
ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਸਿਹਤ ਬਲਾਕ ਬੂਥਗੜ੍ਹ ਦੇ ਪਿੰਡ ਸੈਣੀ ਮਾਜਰਾ ਵਿਖੇ ਇਸ ਮੁਹਿੰਮ ਦੀ ਸ਼ੁਰੂਆਤ ਸਬੰਧੀ ਕਰਵਾਏ ਉਦਘਾਟਨੀ ਸਮਾਗਮ ਦੌਰਾਨ ਵਰਚੁਅਲ ਤੌਰ ‘ਤੇ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਵਿਸ਼ੇਸ਼ ਮੁਹਿੰਮ ਦਾ ਉਦੇਸ਼ ਗੈਰ-ਸੰਚਾਰੀ ਬਿਮਾਰੀਆਂ ਦੇ ਸ਼ੁਰੂਆਤੀ ਨਿਦਾਨ ਲਈ ਜਾਂਚ ਕਰਵਾ ਕੇ ਅਤੇ ਸਮੇਂ ਸਿਰ ਇਲਾਜ ਨੂੰ ਯਕੀਨੀ ਬਣਾ ਕੇ ਨਾਗਰਿਕਾਂ ਦੀ ਭਲਾਈ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਗੈਰ-ਸੰਚਾਰੀ ਬਿਮਾਰੀਆਂ ਆਮ ਤੌਰ ‘ਤੇ ਲੰਬੇ ਸਮੇਂ ਦੀਆਂ ਬਿਮਾਰੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਠੀਕ ਹੋਣ ਵਿੱਚ ਸਮਾਂ ਲੱਗਦਾ ਹੈ, ਅਤੇ ਅਜਿਹੀਆਂ ਬਿਮਾਰੀਆਂ ਦੀ ਨਿਰੰਤਰ ਅਤੇ ਸਮੇਂ ਸਿਰ ਜਾਂਚ ਬੇਹੱਤ ਮਹੱਤਵਪੂਰਨ ਹੁੰਦੀ ਹੈ।
ਉਨ੍ਹਾਂ ਨੇ ਸਹੀ ਢੰਗ ਨਾਲ ਡਾਟਾ ਇਕੱਤਰ ਕਰਨ, ਬਿਮਾਰੀ ਦੇ ਪ੍ਰਸਾਰ ਦੀ ਨਿਗਰਾਨੀ ਕਰਨ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਇਲਾਜ ਕਰਨ ਲਈ ਸਾਰੇ ਜਾਂਚ ਕੀਤੇ ਗਏ ਮਰੀਜ਼ਾਂ ਦੇ ਵਿਸਤ੍ਰਿਤ ਆਨਲਾਈਨ ਰਿਕਾਰਡ ਨੂੰ ਯਕੀਨੀ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਮੁਹਿੰਮ ਦੀ ਸਫਲਤਾ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ, ਉਨ੍ਹਾਂ ਨੇ ਲੋਕਾਂ ਨੂੰ ਇਸ ਪਹਿਲਕਦਮੀ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਆਪਣੀ ਜਾਂਚ ਕਰਵਾਉਣ ਦੀ ਅਪੀਲ ਕੀਤੀ।
ਇਸ ਵਰਚੁਅਲ ਉਦਘਾਟਨੀ ਸਮਾਰੋਹ ਵਿੱਚ ਪ੍ਰਮੁੱਖ ਸਕੱਤਰ ਸਿਹਤ ਕੁਮਾਰ ਰਾਹੁਲ, ਐਮਡੀ ਐਨਐਚਐਮ ਘਨਸ਼ਿਆਮ ਥੋਰੀ, ਸਿਵਲ ਸਰਜਨ ਮੋਹਾਲੀ ਡਾ. ਸੰਗੀਤਾ ਜੈਨ, ਸਹਾਇਕ ਡਾਇਰੈਕਟਰ ਕਮ ਸਟੇਟ ਪ੍ਰੋਗਰਾਮ ਅਫਸਰ ਐਨਪੀ-ਐਨਸੀਡੀ ਡਾ. ਗਗਨਦੀਪ ਸਿੰਘ ਗਰੋਵਰ, ਪੀਓ ਡਾ. ਆਸ਼ੂ ਸ਼ਾਮਲ ਸਨ।