Punjab ‘ਚ ਫਿਲਮ ‘ਐਮਰਜੈਂਸੀ’ ਨਾ ਚੱਲਣ ‘ਤੇ ਭੜਕੀ ਕੰਗਨਾ ਰਣੌਤ
- ਵੀਡੀਓ ਸੰਦੇਸ਼ ਜਾਰੀ ਕਰ ਕਿਹਾ- “ਇਹ ਚੁਣਿੰਦਾ ਲੋਕਾਂ….”
ਨਵੀ ਦਿੱਲੀ, 20 ਜਨਵਰੀ : ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਨੂੰ ਲੈ ਕੇ ਪੰਜਾਬ ‘ਚ ਕਾਫੀ ਵਿਵਾਦ ਚੱਲ ਰਿਹਾ ਹੈ। ਫਿਲਮ ਦੇ ਖਿਲਾਫ ਕਈ ਥਾਵਾਂ ‘ਤੇ ਪ੍ਰਦਰਸ਼ਨ ਹੋਏ ਅਤੇ ਕਈ ਥਾਵਾਂ ‘ਤੇ ਫਿਲਮ ਦੀ ਰਿਲੀਜ਼ ਨੂੰ ਰੋਕ ਦਿੱਤਾ ਗਿਆ। ਹੁਣ ਕੰਗਨਾ ਨੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਫਿਲਮ ਐਮਰਜੈਂਸੀ ਨੂੰ ਪੰਜਾਬ ‘ਚ ਰਿਲੀਜ਼ ਨਹੀਂ ਹੋਣ ਦਿੱਤਾ ਜਾ ਰਿਹਾ ਹੈ।
ਕੰਗਨਾ ਨੇ ਆਪਣੇ ਵੀਡੀਓ ਸੰਦੇਸ਼ ਵਿੱਚ ਕਿਹਾ, “ਦੋਸਤੋ, ਮੈਂ ਜ਼ੀ ਸਟੂਡੀਓ, ਮਣੀਕਰਨਿਕਾ ਫਿਲਮ ਅਤੇ ਇਜ਼ ਮਾਈ ਟ੍ਰਿਪ ਦੇ ਹਰ ਮੈਂਬਰ ਦੀ ਤਰਫੋਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ। ਤੁਸੀਂ ਸਭ ਨੇ ਸਾਡੀ ਫਿਲਮ ਨੂੰ ਬਹੁਤ ਪਿਆਰ ਅਤੇ ਸਤਿਕਾਰ ਦਿੱਤਾ ਹੈ। ਸਾਡੇ ਕੋਲ ਧੰਨਵਾਦ ਪ੍ਰਗਟ ਕਰਨ ਲਈ ਕੋਈ ਸ਼ਬਦ ਨਹੀਂ ਹਨ। ਪਰ ਮੇਰੇ ਦਿਲ ਵਿੱਚ ਅਜੇ ਵੀ ਕੁਝ ਦਰਦ ਹੈ।”
ਕੰਗਨਾ ਅੱਗੇ ਕਹਿੰਦੀ ਹੈ “ਇੰਡਸਟਰੀ ਵਿੱਚ ਕਿਹਾ ਜਾਂਦਾ ਸੀ ਕਿ ਮੇਰੀਆਂ ਫਿਲਮਾਂ ਪੰਜਾਬ ਵਿੱਚ ਸਭ ਤੋਂ ਵਧੀਆ ਚਲਦੀਆਂ ਹਨ ਅਤੇ ਇਕ ਅੱਜ ਉਹ ਦਿਨ ਹੈ ਜਦੋਂ ਮੇਰੀ ਫਿਲਮ ਨੂੰ ਪੰਜਾਬ ਵਿੱਚ ਰਿਲੀਜ਼ ਤਕ ਨਹੀਂ ਹੋਣ ਦਿੱਤਾ ਜਾ ਰਿਹਾ ਹੈ। ਕੁਝ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਕੈਨੇਡਾ – ਬਰਤਾਨੀਆ ਵਿਚ ਵੀ ਲੋਕਾਂ ਵੱਲੋਂ ਕੀਤੇ ਜਾ ਰਹੇ ਹਨ। ਕੁਝ ਛੋਟੇ-ਮੋਟੇ ਲੋਕਾਂ, ਕੁਝ ਚੁਣਿੰਦਾ ਲੋਕਾਂ ਵਲੋਂ ਇਹ ਅੱਗ ਲਗਾਈ ਜਾ ਰਹੀ ਹੈ। ਇਸ ਅੱਗ ‘ਚ ਤੁਸੀਂ ਅਤੇ ਮੈਂ ਸੜ ਰਹੇ ਹਾਂ। ਦੋਸਤੋ ਮੇਰੀ ਫਿਲਮ ਮੇਰੇ ਵਿਚਾਰ ਅਤੇ ਮੇਰੇ ਦੇਸ਼ ਲਈ ਮੇਰਾ ਪਿਆਰ ਇਸ ਫਿਲਮ ਵਿੱਚ ਝਲਕਦਾ ਹੈ। ਇਸ ਫਿਲਮ ਨੂੰ ਦੇਖਣ ਤੋਂ ਬਾਅਦ ਤੁਸੀਂ ਖੁਦ ਫੈਸਲਾ ਕਰੋ। ਕੀ ਇਹ ਫਿਲਮ ਸਾਨੂੰ ਜੋੜਦੀ ਹੈ ਜਾਂ ਇਹ ਫਿਲਮ ਸਾਨੂੰ ਤੋੜਦੀ ਹੈ?
ਦੱਸ ਦਈਏ ਕਿ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ 17 ਜਨਵਰੀ ਨੂੰ ਰਿਲੀਜ਼ ਹੋਈ। ਫਿਲਮ ਨੇ ਪਹਿਲੇ ਦਿਨ 2.50 ਕਰੋੜ ਰੁਪਏ ਦਾ ਓਪਨਿੰਗ ਕਲੈਕਸ਼ਨ ਕੀਤਾ। ਫਿਲਮ ‘ਚ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਉਣ ਵਾਲੀ ਕੰਗਨਾ ਨੇ ਹੀ ਇਸ ਦਾ ਨਿਰਦੇਸ਼ਨ ਵੀ ਕੀਤਾ ਹੈ। ਇਸ ਫਿਲਮ ‘ਚ ਕੰਗਨਾ ਤੋਂ ਇਲਾਵਾ ਅਨੁਪਮ ਖੇਰ, ਸ਼੍ਰੇਅਸ ਤਲਪੜੇ, ਮਿਲਿੰਦ ਸੋਮਨ ਅਤੇ ਮਰਹੂਮ ਸਤੀਸ਼ ਕੌਸ਼ਿਕ ਵਰਗੇ ਕਲਾਕਾਰ ਵੱਖ-ਵੱਖ ਭੂਮਿਕਾਵਾਂ ‘ਚ ਹਨ। ਫਿਲਮ ਨੇ ਪਹਿਲੇ ਵੀਕੈਂਡ ‘ਤੇ ਕਰੀਬ 10 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/