Punjab farmers: ਕਿਸਾਨਾਂ ਦਾ ਰੋਹ ਜਾਂ ਸੁਪਰੀਮ ਕੋਰਟ ਦਾ ਹੁਕਮ? ਸਰਕਾਰ ਲਈ ਬਣੇ ਵੱਡੀ ਚੁਣੌਤੀ
- ਕੀ ਡੱਲੇਵਾਲ ਦਾ ਮਰਨ ਵਰਤ ਹੋ ਜਾਵੇਗਾ ਖਤਮ?
- ਸਾਬਕਾ ADGP ਜਸਕਰਨ ਸਿੰਘ ਨੇ ਅੱਜ ਫਿਰ ਕੀਤੀ ਡੱਲੇਵਾਲ ਨਾਲ ਮੁਲਾਕਾਤ
ਚੰਡੀਗੜ੍ਹ : ਅੱਜ 30 ਦਸੰਬਰ ਨੂੰ ਕਿਸਾਨ ਆਗੂ (Punjab farmers) ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ 35ਵਾਂ ਦਿਨ ਹੈ। ਡਾਕਟਰਾਂ ਮੁਤਾਬਕ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਬਹੁਤ ਘੱਟ ਗਿਆ ਹੈ। ਉਨ੍ਹਾਂ ਦੀ ਇਮਿਊਨਿਟੀ ਵੀ ਬਹੁਤ ਕਮਜ਼ੋਰ ਹੋ ਗਈ ਹੈ। ਉਨ੍ਹਾਂ ਨੂੰ ਇਨਫੈਕਸ਼ਨ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਦੀ ਸਿਹਤ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਕਿਸਾਨ ਆਗੂ ਡੱਲੇਵਾਲ ਵੱਲੋਂ ਲਗਾਤਾਰ ਡਾਕਟਰੀ ਸਹਾਇਤਾ ਲੈਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਕਿਸਾਨਾਂ ਵਲੋਂ ਅੱਜ ਡੱਲੇਵਾਲ ਦੀ ਭੁੱਖ ਹੜਤਾਲ ਤੇ ਆਪਣੀਆਂ ਮੰਗਾਂ ਦੇ ਸਮੱਰਥਨ ਵਿੱਚ ਪੰਜਾਬ ਬੰਦ ਵੀ ਕੀਤਾ ਗਿਆ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪੰਜਾਬ ਬੰਦ ਨੂੰ ਸਫਲ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਬੰਦ ਦਾ ਸਮਰਥਣ ਦੇਣ ਲਈ ਉਹ ਪੰਜਾਬ ਵਾਸੀਆਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਬੰਦ ਦੌਰਾਨ ਕਿਸੇ ਪਾਸਿਓਂ ਵੀ ਕੋਈ ਅਣਸੁਖਾਵੀਂ ਘਟਨਾ ਸਾਹਮਣੇ ਨਹੀਂ ਆਈ। ਕਿਤੇ ਵੀ ਕੋਈ ਦੁਕਾਨ ਜ਼ਬਰਦਸਤੀ ਬੰਦ ਕਰਵਾਉਣ ਦੀ ਲੋੜ ਨਹੀਂ ਪਈ ਹੈ। ਲਿਹਾਜ਼ਾ ਉਹ ਪੰਜਾਬੀਆਂ ਨੂੰ ਸਿਜਦਾ ਕਰਦੇ ਹਨ।
ਇੱਕ ਪਾਸੇ ਕਿਸਾਨਾਂ ਦੁਆਰਾ ਪੰਜਾਬ ਬੰਦ ਦੂਜੇ ਪਾਸੇ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਭਲਕੇ 11 ਵਜੇ ਤਕ ਪੰਜਾਬ ਸਰਕਾਰ ਜਵਾਬ ਦਾਖ਼ਲ ਕਰੇ ਕਿ ਡੱਲੇਵਾਲ ਨੂੰ ਹਸਪਤਾਲ ਭਰਤੀ ਕਰਾਇਆ ਜਾਂ ਨਹੀਂ। ਭਲਕੇ ਸੁਪਰੀਮ ਕੋਰਟ ਵਿਚ ਸੁਣਵਾਈ ਹੋਵੇਗੀ। ਅਜਿਹਾ ਨਾ ਹੋਣ ‘ਤੇ ਮੁੱਖ ਸਕੱਤਰ ਅਤੇ ਡੀਜੀਪੀ ਵਿਰੁੱਧ ਮਾਮਲਾ ਵੀ ਦਰਜ ਕੀਤਾ ਜਾ ਸਕਦਾ ਹੈ।
ਦੱਸ ਦਈਏ ਕਿ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਮਾਮਲੇ ਵਿੱਚ ਸੁਪਰੀਮ ਕੋਰਟ ਵਲੋਂ ਬੀਤੇ ਦਿਨੀਂ ਸਖ਼ਤ ਟਿੱਪਣੀਆਂ ਕੀਤੀਆਂ ਗਈਆਂ ਸਨ। ਸੁਪਰੀਮ ਕੋਰਟ ਨੇ ਡੱਲੇਵਾਲ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਉਣ ਲਈ ਆਖਿਆ ਸੀ। ਜਿਸ ਪਿੱਛੋਂ ਪੰਜਾਬ ਪੁਲਸ ਦੇ ਅਧਿਕਾਰੀ ਲਗਾਤਾਰ ਡੱਲੇਵਾਲ ਤੇ ਕਿਸਾਨ ਆਗੂਆਂ ਨੂੰ ਮਨਾਉਣ ਵਿੱਚ ਰੁਝੇ ਹੋਏ ਹਨ।
ਕਿਸਾਨ ਆਗੂ ਜਗਜੀਤ ਡੱਲੇਵਾਲ ਨੂੰ ਪੰਜਾਬ ਸਰਕਾਰ ਹਸਪਤਾਲ ‘ਚ ਦਾਖਲ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਅੱਜ ਵੀ ਸਾਬਕਾ ਏਡੀਜੀਪੀ ਜਸਕਰਨ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਖਨੌਰੀ ਸਰਹੱਦ ’ਤੇ ਪੁੱਜੀ। ਉਨ੍ਹਾਂ ਦੇ ਨਾਲ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੱਧੂ ਅਤੇ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਵੀ ਮੌਜੂਦ ਸਨ। ਬੀਤੇ ਕੱਲ੍ਹ ਵੀ ਪ੍ਰਸ਼ਾਸਨ ਦੀਆਂ ਟੀਮਾਂ ਨੇ ਖਨੌਰੀ ਸਰਹੱਦ ‘ਤੇ ਪਹੁੰਚ ਕੇ ਕਿਸਾਨ ਆਗੂਆਂ ਤੇ ਡੱਲੇਵਾਲ ਨਾਲ ਗੱਲਬਾਤ ਕੀਤੀ ਪਰ ਉਨ੍ਹਾਂ ਦੀ ਗੱਲਬਾਤ ਅਸਫਲ ਰਹੀ। ਕਿਉਕਿ ਕਿਸਾਨ ਆਗੂ ਚਾਹੁੰਦੇ ਹਨ ਕਿ ਕੇਂਦਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨ ਲਵੇ ਜਿਸ ਤੋਂ ਬਾਅਦ ਡੱਲੇਵਾਲ ਭੁੱਖ ਹੜਤਾਲ ਖਤਮ ਕਰ ਦੇਣਗੇ। ਜਗਜੀਤ ਸਿੰਘ ਡੱਲੇਵਾਲ ਨੇ ਵੀ ਇਹ ਕਾਫੀ ਵਾਰ ਸਪਸ਼ਟ ਕੀਤਾ ਹੈ ਕਿ ਜਾਂ ਤਾਂ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਮਿਲੇ ਜਾਂ ਫਿਰ ਉਹ ਜਾਨ ਦੀ ਕੁਰਬਾਨੀ ਦੇਣਗੇ।” ਅਜਿਹੇ ‘ਚ ਡੱਲੇਵਾਲ ਨੂੰ ਜੇਕਰ ਪੁਲਿਸ ਜ਼ਬਰੀ ਚੁੱਕਦੀ ਹੈ ਤਾਂ ਹਾਲਾਤ ਗੰਭੀਰ ਹੋ ਸਕਦੇ ਹਨ। ਇਸ ਵਿਚਾਲੇ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਭਲਕੇ ਡੱਲੇਵਾਲ ਮਾਮਲੇ ‘ਚ ਪੰਜਾਬ ਸਰਕਾਰ ਸੁਪਰੀਮ ਕੋਰਟ ‘ਚ ਕੀ ਜਵਾਬ ਦਾਖਿਲ ਕਰੇਗੀ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/