Punjab: ਭਲਕੇ 6 ਦਸੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਬਟਾਲਾ ਇਲਾਕੇ ਨੂੰ ਦੇਣਗੇ ਵੱਡਾ ਤੋਹਫ਼ਾ
ਬਟਾਲਾ/ਗੁਰਦਾਸਪੁਰ, 5 ਦਸੰਬਰ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ (Punjab) ਸਰਕਾਰ ਵੱਲੋਂ ਬਟਾਲਾ ਇਲਾਕੇ ਨੂੰ ਵੱਡਾ ਤੋਹਫ਼ਾ ਦਿੱਤਾ ਜਾ ਰਿਹਾ ਹੈ। ਮੁੱਖ ਮੰਤਰੀ ਮਾਨ 6 ਦਸੰਬਰ ਨੂੰ ਸਹਿਕਾਰੀ ਖੰਡ ਮਿੱਲ, ਬਟਾਲਾ ਵਿੱਚ 300 ਕਰੋੜ ਰੁਪਏ ਦੀ ਲਾਗਤ ਵਾਲੇ 3500 ਟੀ.ਸੀ.ਡੀ. ਸਮਰੱਥਾ ਦੇ ਪਲਾਂਟ ਅਤੇ 14 ਮੈਗਾਵਾਟ ਕੋ-ਜਨਰੇਸ਼ਨ ਪ੍ਰੋਜੈਕਟ ਦਾ ਉਦਘਾਟਨ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਟਾਲਾ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 300 ਕਰੋੜ ਰੁਪਏ ਖ਼ਰਚ ਕਰਕੇ ਸੂਬੇ ਦੀ ਦੂਸਰੀ ਸਭ ਤੋਂ ਪੁਰਾਣੀ ਸਹਿਕਾਰੀ ਖੰਡ ਮਿੱਲ ਬਟਾਲਾ ਦੀ ਸਮਰੱਥਾ 1500 ਟੀਸੀਡੀ ਤੋਂ ਵਧਾ ਕੇ 3500 ਟੀਸੀਡੀ (ਜੋ ਭਵਿੱਖ ਵਿੱਚ 5000 ਟੀਸੀਡੀ ਤੱਕ ਵੱਧਣਯੋਗ ਹੈ) ਕੀਤੀ ਗਈ ਹੈ। ਇਸਦੇ ਨਾਲ ਹੀ ਇੱਥੇ 14 ਮੈਗਾਵਾਟ ਕੋ-ਜਨਰੇਸ਼ਨ ਪ੍ਰੋਜੈਕਟ ਵੀ ਲਗਾਇਆ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਸ਼ੂਗਰ ਮਿੱਲ ਦੇ ਇਸ ਨਵੇਂ ਪ੍ਰੋਜੈਕਟ ਰਾਹੀਂ ਹੁਣ ਫਾਰਮਾ ਗਰੇਡ ਦੀ ਖੰਡ ਦਾ ਉਤਪਾਦਨ ਵੀ ਕੀਤਾ ਜਾਵੇਗਾ ਜੋ ਕਿ ਮਾਰਕਿਟ ਵਿੱਚ ਮੌਜੂਦਾ ਖੰਡ ਦੇ ਰੇਟਾਂ ਦੇ ਮੁਕਾਬਲੇ ਲਗਭਗ ਦੁੱਗਣੇ ਰੇਟਾਂ (70-100 ਰੁਪਏ ਪ੍ਰਤੀ ਕਿੱਲੋਗਰਾਮ) ’ਤੇ ਵਿਕੇਗੀ। ਇਸ ਤੋਂ ਇਲਾਵਾ ਕੋ-ਜਨਰੇਸ਼ਨ ਪ੍ਰੋਜੈਕਟ ਤੋਂ ਪੈਦਾ ਹੋਣ ਵਾਲੀ 14 ਮੈਗਾਵਾਟ ਬਿਜਲੀ ਵਿਚੋਂ 5 ਮੈਗਾਵਾਟ ਬਿਜਲੀ ਮਿੱਲ ਵੱਲੋਂ ਵਰਤੀ ਜਾਵੇਗੀ ਅਤੇ 9 ਮੈਗਾਵਾਟ ਸਰਕਾਰੀ ਗਰਿੱਡ ਨੂੰ ਵੇਚੀ ਜਾਵੇਗੀ ਜਿਸ ਨਾਲ ਮਿੱਲ ਨੂੰ ਵਾਧੂ ਵਿੱਤੀ ਲਾਭ ਹੋਵੇਗਾ ਅਤੇ ਮਿੱਲ ਆਪਣੇ ਪੱਧਰ ’ਤੇ ਕਿਸਾਨਾਂ ਨੂੰ ਗੰਨੇ ਦੀ ਕੀਮਤ ਦੀ ਅਦਾਇਗੀ ਕਰਨ ਦੇ ਸਮਰੱਥ ਹੋ ਸਕੇਗੀ।
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲਾ ਖੰਡ ਮਿੱਲ ਦੀ ਸਮਰੱਥਾ ਵਧਣ ਅਤੇ ਕੋ-ਜਨਰੇਸ਼ਨ ਪਲਾਂਟ ਲੱਗਣ ਨਾਲ ਇਲਾਕੇ ਦੇ ਕਿਸਾਨਾਂ ਨੂੰ ਬਹੁਤ ਵੱਡਾ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਬਟਾਲਾ ਸਹਿਕਾਰੀ ਖੰਡ ਮਿੱਲ ਦੀ ਸਮਰੱਥਾ ਵਧਣ ਨਾਲ ਹੁਣ ਇਲਾਕੇ ਦੇ ਕਿਸਾਨਾਂ ਨੂੰ ਆਪਣਾ ਗੰਨਾਂ ਦੂਰ ਦੀਆਂ ਮਿੱਲਾਂ ਵਿੱਚ ਨਹੀਂ ਲਿਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਗੰਨੇ ਦੀ ਕਾਸ਼ਤ ਨੂੰ ਹੁੰਗਾਰਾ ਮਿਲੇਗਾ ਅਤੇ ਕਿਸਾਨਾਂ ਦੀ ਆਰਥਿਕ ਹਾਲਤ ਮਜ਼ਬੂਤ ਹੋਵੇਗੀ। ਸ੍ਰੀ ਕਲਸੀ ਨੇ ਕਿਹਾ ਕਿ ਸ਼ੂਗਰ ਮਿੱਲ ਬਟਾਲਾ ਦਾ ਨਵਾਂ ਪਲਾਂਟ ਸ਼ੁਰੂ ਹੋਣ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ। ਉਨ੍ਹਾਂ ਕਿਹਾ ਕਿ 6 ਦਸੰਬਰ ਦਾ ਦਿਨ ਬਟਾਲਾ ਸ਼ੂਗਰ ਮਿੱਲ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ।