ਸਮੂਹਿਕ ਜਿੰਮੇਵਾਰੀਆਂ ਸਮਝਕੇ ਹੀ PUNJAB ਦਾ ਭਲਾ ਹੋ ਸਕਦਾ ਹੈ- ਜਫ਼ਰ
ਸੂਝ, ਸਿਆਣਪ ਨੂੰ ਜ਼ਿੰਦਗੀ ਦਾ ਕੇਂਦਰ ਮੰਨਣ ‘ਤੇ ਦਿੱਤਾ ਜ਼ੋਰ
ਲਹਿਰਾਗਾਗਾ, 2 ਫਰਵਰੀ (ਵਿਸ਼ਵ ਵਾਰਤਾ): – ਇੱਥੇ ਸੀਬਾ ਕੈਂਪਸ ਵਿਚ ਕਰਵਾਈ ਗਈ ਮਾਪੇ-ਮਿਲਣੀ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਭਾਸ਼ਾ ਵਿਭਾਗ PUNJAB ਦੇ ਡਾਇਰੈਕਟਰ ਅਤੇ ਉੱਘੇ ਕਵੀ ਜਸਵੰਤ ਜਫ਼ਰ ਨੇ ਆਪਣੇ ਸੰਬੋਧਨ ਰਾਹੀਂ ਸਮੂਹਿਕ ਜਿੰਮੇਵਾਰੀ ਦੀ ਭਾਵਨਾ ਸਮਝਣ ਦੀ ਲੋੜ ‘ਤੇ ਜੋਰ ਦਿੱਤਾ। ਉਹਨਾਂ ਕਿਹਾ ਕਿ ਪੰਜਾਬ ਦਾ ਇਤਿਹਾਸ ਜਿਸਤਰ੍ਹਾਂ ਚਿੰਤਨ, ਗਿਆਨ, ਸੂਝ ਅਤੇ ਸਿਆਣਪ ਵਾਲਾ ਰਿਹਾ ਹੈ, ਅਸੀਂ ਉਸਤੋਂ ਪ੍ਰੇਰਨਾ ਲੈ ਕੇ ਅਗਾਂਹ ਵਧਣ ਦੀ ਬਜਾਏ ਪਿਛਾਂਹ ਜਾ ਰਹੇ ਹਾਂ। ਉਹਨਾਂ ਕਿਹਾ ਕਿ ਅਸੀਂ ਮਹਾਨ ਲੋਕਾਂ ਦੇ ਦਿਨ ਤਾਂ ਮਨਾ ਲੈਂਦੇ ਹਾਂ, ਪਰ ਉਹਨਾਂ ਦੇ ਵਿਚਾਰਾਂ ਨੂੰ ਅਮਲੀ ਰੂਪ ‘ਚ ਜ਼ਿੰਦਗੀ ‘ਚ ਨਹੀਂ ਢਾਲਦੇ। ਜਫ਼ਰ ਨੇ ਕਿਹਾ ਕਿ ਜੇਕਰ ਨਾਗਰਿਕ ਵਧੀਆ ਹੋਣ, ਤਾਂ ਸਾਡਾ ਪ੍ਰਬੰਧ ਵੀ ਵਧੀਆ ਹੋ ਸਕਦਾ ਹੈ। ਇਸ ਲਈ ਸਾਨੂੰ ਨਿੱਜ ਨਾਲੋਂ ਸਮਾਜ ਦੀ ਬਿਹਤਰੀ ਲਈ ਸੋਚਣਾ ਹੋਵੇਗਾ। ਮਹਾਨ ਲੋਕਾਂ ਨੂੰ ਇਸ ਕਰਕੇ ਯਾਦ ਕੀਤਾ ਜਾਂਦਾ ਹੈ, ਕਿਉਂਕਿ ਉਹਨਾਂ ਨੇ ਨਿੱਜ ਨਾਲੋਂ ਸਮੂਹਿਕ ਹਿੱਤਾਂ ਦੀ ਗੱਲ ਕੀਤੀ ਸੀ। ਜਿੰਮੇਵਾਰੀ ਨੂੰ ਬੋਝ ਸਮਝਣ ਦੀ ਬਜਾਏ ਫਰਜ਼ ਸਮਝਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਵਿਦੇਸ਼ੀ ਹਾਕਮਾਂ ਵੇਲ਼ੇ ਕਾਨੂੰਨ ਤੋੜਨਾ ਵਿਦਰੋਹ ਦਾ ਪ੍ਰਤੀਕ ਸੀ, ਪ੍ਰੰਤੂ ਹੁਣ ਸਮੁੱਚਾ ਪ੍ਰਬੰਧ ਸਾਡੇ ਲੋਕਾਂ ਦੇ ਹੱਥਾਂ ‘ਚ ਹੈ।ਫੇਰ ਵੀ ਅਸੀਂ ਕਾਨੂੰਨ ਤੋੜ ਕੇ ਮਾਣ ਮਹਿਸੂਸ ਕਰਦੇ ਹਾਂ ਇਹੀ ਅਰਾਜਕਤਾ ਸਮਾਜ ਵਿਚ ਚਿੰਤਾ, ਮਾਨਸਿਕ ਪ੍ਰੇਸ਼ਾਨੀਆਂ, ਨਸ਼ਿਆਂ, ਗੁੰਡਾਗਰਦੀ ਅਤੇ ਟੁੱਟਦੇ ਰਿਸ਼ਤਿਆਂ ਦਾ ਕਾਰਣ ਬਣਦੀ ਹੈ।ਹੁਣ ਸਾਨੂੰ ਵਧੀਆ ਪ੍ਰਬੰਧ ਲਈ ਉੱਦਮ ਕਰਨੇ ਪੈਣਗੇ। ਸੀਬਾ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਇੱਥੇ ਆਉਣਾ ਉਹਨਾਂ ਲਈ ਕਿਸੇ ਤੀਰਥ-ਯਾਤਰਾ ਵਾਂਗ ਹੈ। ਇੱਥੋਂ ਦੇ ਪੜ੍ਹਾਈ ਦੇ ਤਰੀਕੇ, ਵਿਦਿਆਰਥੀ-ਅਧਿਆਪਕ ਸਬੰਧ ਵਿਲੱਖਣ ਅਤੇ ਉਸਾਰੂ ਹਨ। ਸਕੂਲ ਪ੍ਰਬੰਧਕ ਕੰਵਲਜੀਤ ਢੀਂਡਸਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।