Punjab: ਕੈਬਨਿਟ ਮੰਤਰੀ ਮਹਿੰਦਰ ਭਗਤ ਵੱਲੋਂ ਕਿਸਾਨਾਂ ਨੂੰ ਆਮਦਨ ਵਧਾਉਣ ਲਈ ਸਹਾਇਕ ਧੰਦੇ ਅਪਨਾਉਣ ਦਾ ਸੱਦਾ
- ਦੋ ਦਿਨਾ ਬੀ-ਕੀਪਿੰਗ ਸੈਮੀਨਾਰ ’ਚ ਸ਼ਿਰਕਤ, ਕਿਸਾਨਾਂ ਨੂੰ ਮਧੂ ਮੱਖੀ ਪਾਲਣ ਲਈ ਕੀਤਾ ਪ੍ਰੇਰਿਤ
- ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਖੂਨਦਾਨ ਕੈਂਪ ֹ’ਚ ਕੀਤੀ ਨੌਜਵਾਨਾਂ ਦੀ ਹੌਸਲਾ ਅਫਜ਼ਾਈ
ਜਲੰਧਰ, 20 ਮਾਰਚ (ਵਿਸ਼ਵ ਵਾਰਤਾ):- ਬਾਗਬਾਨੀ ਮੰਤਰੀ ਮਹਿੰਦਰ ਭਗਤ ਨੇ ਅੱਜ ਇਥੇ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਬਾਗਬਾਨੀ ਵਿਭਾਗ ਵੱਲੋਂ ਲਗਾਏ ਜ਼ਿਲ੍ਹਾ ਪੱਧਰੀ ਦੋ ਦਿਨਾ ਬੀ-ਕੀਪਿੰਗ ਸੈਮੀਨਾਰ ਵਿੱਚ ਸ਼ਿਰਕਤ ਕਰਦਿਆਂ ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਲਈ ਖੇਤੀ ਸਹਾਇਕ ਧੰਦੇ ਅਪਨਾਉਣ ਦਾ ਸੱਦਾ ਦਿੱਤਾ।
ਕਿਸਾਨਾ ਨੂੰ ਖੇਤੀ ਵਿਭਿੰਨਤਾ ਵੱਲ ਪ੍ਰੇਰਿਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਹਰ ਪੱਖੋਂ ਬਿਹਤਰੀ ਵਾਸਤੇ ਕੰਮ ਕਰ ਰਹੀ ਹੈ ਅਤੇ ਕਿਸਾਨਾਂ ਨੂੰ ਵੀ ਥੋੜਾ ਕੁਦਰਤ ਪ੍ਰਤੀ ਜਾਗਰੂਕ ਹੁੰਦੇ ਹੋਏ ਖੇਤੀ ਸਹਾਇਕ ਧੰਦਿਆਂ ਦੇ ਨਾਲ-ਨਾਲ ਫ਼ਸਲੀ ਵਿਭਿੰਨਤਾ ਅਪਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਕਿਸਾਨਾਂ ਨੂੰ ਰਿਵਾਇਤੀ ਫ਼ਸਲੀ ਚੱਕਰ ਵਿੱਚੋਂ ਕੱਢਣ ਅਤੇ ਬਾਗਬਾਨੀ ਦੇ ਵਿਕਾਸ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਤਾਂ ਜੋ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰਕੇ ਹੋਰ ਖੁਸ਼ਹਾਲ ਹੋ ਸਕਣ।
ਸ਼੍ਰੀ ਭਗਤ ਨੇ ਕਿਹਾ ਕਿ ਬੜੀ ਖੁਸ਼ੀ ਗੱਲ ਹੈ ਕਿ ਜਿਥੇ Punjab ਦੇ ਆਲੂ ਦਾ ਬੀਜ ਦੇਸ਼ ਭਰ ਵਿੱਚ ਸਪਲਾਈ ਕੀਤਾ ਜਾਂਦਾ ਹੈ ਉਥੇ ਸੂਬਾ ਸ਼ਹਿਦ ਦੀ ਪੈਦਾਵਾਰ ਵਿੱਚ ਦੇਸ਼ ਭਰ ਵਿੱਚ ਮੋਹਰੀ ਹੈ। ਉਨ੍ਹਾਂ ਕਿਸਾਨਾਂ ਨੂੰ ਮਧੂ ਮੱਖੀ ਪਾਲਣ ਧੰਦੇ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਸ ਜ਼ਰੀਏ ਕਿਸਾਨ ਸ਼ਹਿਦ ਦੀ ਪੈਦਾਵਾਰ ਰਾਹੀਂ ਆਪਣੀ ਆਮਦਨ ਵਧਾਉਣ ਦੇ ਨਾਲ-ਨਾਲ ਮੱਧੂ ਮੱਖੀ ਪ੍ਰਾਗਣ ਰਾਹੀਂ ਉਪਜ ਵਿੱਚ ਵੀ ਵਾਧਾ ਕਰ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਖੇਤੀ ਸਹਾਇਕ ਧੰਦੇ ਅਪਨਾਉਣ ਦੀ ਅਪੀਲ ਕਰਦਿਆਂ ਵਿਭਾਗ ਵੱਲੋਂ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿਵਾਇਆ।
ਇਸ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ (ਜ) ਅਪਰਨਾ ਐਮ.ਬੀ. ਨੇ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਅਪਨਾਉਣ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਡਿਪਟੀ ਡਾਇਰੈਕਟਰ ਬਾਗਬਾਨੀ ਜਲੰਧਰ ਡਾ. ਨਰਿੰਦਰ ਪਾਲ ਕਲਸੀ, ਮੁੱਖ ਖੇਤੀਬਾੜੀ ਅਫਸਰ ਡਾ. ਰਣਧੀਰ ਸਿੰਘ ਠਾਕੁਰ, ਸਹਾਇਕ ਡਾਇਰੈਕਟਰ ਬਾਗਬਾਨੀ ਜਲੰਧਰ ਡਾ. ਦਲਜੀਤ ਸਿੰਘ ਗਿੱਲ ਤੇ ਡਾ. ਸੁਖਬੀਰ ਸਿੰਘ, ਡਾ. ਹਰਵਿੰਦਰ ਸਿੰਘ ਕੀਟ ਵਿਗਿਆਨੀ ਕੇ.ਵੀ. ਕੇ ਨੂਰਮਹਿਲ, ਡਾ. ਗੁਰਜੀਤ ਸਿੰਘ, ਕੀਟ ਵਿਗਿਆਨੀ, ਡਾ. ਗੁਰਪ੍ਰੀਤ ਸਿੰਘ, ਪੈਥਾਲੋਜਿਸਟ, ਡਾ. ਸ਼ੈਲੀ ਸੰਧੂ ਕੀਟ ਵਿਗਿਆਨੀ, ਸਤਵਿੰਦਰ ਸਿੰਘ ਪੰਜਾਬ ਐਗਰੋ, ਡਾ. ਗੁਰਪ੍ਰੀਤ ਸਿੰਘ (ਐਗਰੀਕਲਚਰ ਅਫ਼ਸਰ ਮਾਰਕਟਿੰਗ) ਇੰਜੀਨੀਅਰ, ਲੁਪਿੰਦਰ ਕੁਮਾਰ ਉਪ-ਮੰਡਲ ਭੂਮੀ ਰੱਖਿਆ ਅਫਸਰ ਆਦਿ ਮਾਹਰਾਂ ਨੇ ਮਧੂਮੱਖੀ ਪਾਲਣ ਸਮੇਤ ਵੱਖ-ਵੱਖ ਪਹਿਲੂਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ, ਡਾ. ਤ੍ਰਿਪਤ ਕੁਮਾਰ, ਬਾਗਬਾਨੀ ਵਿਕਾਸ ਅਫਸਰ. ਡਾ. ਦਮਨਦੀਪ ਸਿੰਘ ਬਾਗਬਾਨੀ ਵਿਕਾਸ ਅਫਸਰ, ਡਾ. ਜੋਬਨਪ੍ਰੀਤ ਸਿੰਘ ਬਾਗਬਾਨੀ ਵਿਕਾਸ ਅਫਸਰ ਵੀ ਮੌਜੂਦ ਸਨ।
ਪੰਜਾਬ ਦੇ ਉੱਘੇ ਮਧੂਮੱਖੀ ਪਾਲਕ ਸਰਵਣ ਸਿੰਘ ਚੰਦੀ ਅਤੇ ਸੁਆਮੀ ਮਨਤੇਸ਼ਰਾ ਨੰਦ ਨੂਰਮਹਿਲ ਨੇ ਸਮੂਹ ਕਿਸਾਨਾਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ। ਇਸ ਮੌਕੇ ਸੈਮੀਨਾਰ ਦੇ ਹਿੱਸੇ ਵਜੋਂ ਇੱਕ ਵਿਸ਼ੇਸ਼ ਫੀਲਡ ਵਿਜ਼ਿਟ ਉੱਘੇ ਮਧੂ-ਮੱਖੀ ਪਾਲਕ ਦੇ ਫਾਰਮ ਤੇ 21 ਮਾਰਚ ਨੂੰ ਕੀਤੀ ਜਾਵੇਗੀ। ਇਸ ਸੈਮੀਨਾਰ ਮੌਕੇ ਬਾਗਬਾਨੀ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਹੂਲਤਾਂ ਜਾਂ ਪਦਾਰਥਾਂ ਸਬੰਧੀ ਇੱਕ ਮੂੰਹ ਬੋਲਦੀ ਪ੍ਰਦਰਸ਼ਨੀ ਵੀ ਕਿਸਾਨਾਂ ਵਾਸਤੇ ਲਗਾਈ ਗਈ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਖੂਨਦਾਨ ਕੈਂਪ ਵਿਖੇ ਵੀ ਪਹੁੰਚੇ, ਜਿੱਥੇ ਉਨ੍ਹਾਂ ਖੂਨਦਾਨ ਕਰਨ ਵਾਲੇ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਹੈ ਖੂਨਦਾਨ ਮਹਾਂ ਦਾਨ ਹੈ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਹਰੇਕ ਸਿਹਤਮੰਦ ਵਿਅਕਤੀ ਨੂੰ ਖੂਨ ਦਾਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਇਸ ਨਾਲ ਕਿਸੇ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਵੀ ਮੌਜੂਦ ਸਨ।