Punjab: ਕੈਬਨਿਟ ਮੰਤਰੀ ਧਾਲੀਵਾਲ ਨੇ ਸਿਵਲ, ਪੁਲਿਸ ਅਤੇ ਬਿਜਲੀ ਬੋਰਡ ਅਧਿਕਾਰੀਆਂ ਨਾਲ ਕੀਤੀ ਅਹਿਮ ਮੀਟਿੰਗ
ਅੰਮ੍ਰਿਤਸਰ, 24 ਜਨਵਰੀ: ਸਰਹੱਦੀ ਕਸਬਾ ਅਜਨਾਲਾ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ ਅਤੇ ਇਹ ਕਸਬਾ ਰਾਜ ਦੇ ਵਿਕਸਤ ਸ਼ਹਿਰਾਂ ਵਾਂਗ ਹਰ ਸਹੂਲਤਾਂ ਨਾਲ ਲੈਸ ਹੋਵੇਗਾ। ਉਕਤ ਸ਼ਬਦਾ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਵਿਖੇ ਸਿਵਲ, ਪੁਲਿਸ ਅਤੇ ਬਿਜਲੀ ਬੋਰਡ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਕੀਤਾ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਸੜਕਾਂ ਦਾ ਨਿਰਮਾਣ, ਸਟਰੀਟ ਲਾਈਟਾਂ, ਸੁਰੱਖਿਆ ਲਈ ਸੀ:ਸੀ:ਟੀ:ਵੀ ਕੈਮਰੇ ਅਤੇ ਗਲੀਆਂ ਆਦਿ ਨਿਰਮਾਣ ਕੰਮ ਤੇਜੀ ਨਾਲ ਹੋ ਰਹੇ ਹਨ ਅਤੇ ਭਵਿੱਖ ਵਿੱਚ ਸ਼ਹਿਰ ਵਾਸੀਆਂ ਦੀ ਰਾਏ ਅਨੁਸਾਰ ਕੰਮ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਧਾਲੀਵਾਲ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ‘ਚ ਸ਼ਰਾਰਤੀ ਅਨਸਰਾਂ ਤੇ ਤਿੱਖੀ ਨਜਰ ਰੱਖੀ ਜਾਵੇ ਅਤੇ ਲੁੱਟ ਖੋਹ ਕਰਨ ਵਾਲਿਆਂ ਵਿਰੁੱਧ ਸਖਤੀ ਨਾਲ ਕਾਰਵਾਈ ਕੀਤੀ ਜਾਵੇ। ਉਨ੍ਹਾਂ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਆਉਣ ਵਾਲੇ ਝੋਨੇ ਦੇ ਸੀਜਨ ਨੂੰ ਮੁੱਖ ਰੱਖਦੇ ਹੋਏ ਬਿਜਲੀਆਂ ਦੀ ਢਿੱਲੀਆਂ ਤਾਰਾਂ ਦੀ ਮੁਰੰਮਤ ਹੁਣ ਤੋਂ ਸ਼ੁਰੂ ਕਰ ਦਿੱਤੀ ਜਾਵੇ। ਉਨ੍ਹਾ ਕਿਹਾ ਕਿ ਝੋਨੇ ਦੇ ਸੀਜਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ।
ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਸਰਹੱਦੀ ਸ਼ਹਿਰ ਕਦੇ ਵੀ ਸਾਰ ਨਹੀਂ ਲਈ ਜਿਸ ਕਾਰਨ ਇਹ ਸ਼ਹਿਰ ਬਾਕੀ ਪੰਜਾਬ ਨਾਲੋਂ ਬਹੁਤ ਪੱਛੜ ਗਿਆ ਸੀ। ਉਨ੍ਹਾ ਕਿਹਾ ਕਿ ਸੂਬੇ ਵਿੱਚ ਜਦੋਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਹੌਂਦ ਵਿੱਚ ਆਈ ਹੈ ਉਦੋਂ ਤੋਂ ਇਸ ਸ਼ਹਿਰ ਦਾ ਵਿਕਾਸ ਤੇਜੀ ਨਾਲ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇਸ ਸਹਿਰ ਲਈ ਦਿਲ ਖੋਲ ਕੇ ਗ੍ਰਾਂਟਾਂ ਦਿੱਤੀਆਂ ਹਨ ਜਿਸ ਨਾਲ ਅਜਨਾਲਾ ਦੇ ਚਾਰ ਚੁਫੇਰੇ ਸੜਕਾਂ ਦਾ ਨਵਾਂ ਜਾਲ ਵਿਛ ਗਿਆ ਹੈ। ਉਨ੍ਹਾਂ ਕਿਹਾ ਕਿ ਅਜਨਾਲਾ ਸ਼ਹਿਰ ਵਾਸੀਆਂ ਨੂੰ ਸ਼ਹਿਰ ਵਰਗੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।