ਖੇਤੀਬਾੜੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ‘ਚ Punjab ਸਭ ਤੋਂ ਅੱਗੇ: ਮੋਹਿੰਦਰ ਭਗਤ
ਪੰਜਾਬ ਦੇ ਬੈਂਕਾਂ ਨੇ ਹੁਣ ਤੱਕ ₹7,670 ਕਰੋੜ ਦੀ ਲਾਗਤ ਵਾਲੇ 20,000 ਤੋਂ ਵੱਧ ਖ਼ੇਤੀਬਾੜੀ ਪ੍ਰੋਜੈਕਟ ਕੀਤੇ ਮਨਜ਼ੂਰ
ਚੰਡੀਗੜ੍ਹ, ਜਨਵਰੀ 9 (ਵਿਸ਼ਵ ਵਾਰਤਾ):- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖੇਤੀਬਾੜੀ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਕਰਨ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਮੰਤਵ ਦੀ ਪੂਰਤੀ ਲਈ ਬਾਗ਼ਬਾਨੀ ਮੰਤਰੀ ਸ੍ਰੀ ਮੋਹਿੰਦਰ ਭਗਤ ਦੇ ਦਿਸ਼ਾ ਨਿਰਦੇਸ਼ਾ ਹੇਠ ਖੇਤੀਬਾੜੀ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਏ.ਆਈ.ਐਫ ਸਕੀਮ ਅਧੀਨ 20,000 ਤੋਂ ਵੱਧ ਖ਼ੇਤੀਬਾੜੀ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣ ਵਾਲਾ ਪੰਜਾਬ ਪੂਰੇ ਭਾਰਤ ਵਿੱਚ ਲਗਾਤਰ ਅੱਗੇ ਚੱਲ ਰਿਹਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬਾਗ਼ਬਾਨੀ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਦੱਸਿਆ ਕਿ ਭਾਰਤ ਵਿੱਚ ਖੇਤੀਬਾੜੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਮਨਜ਼ੂਰ ਹੋਏ ਪ੍ਰੋਜੈਕਟਾਂ ਦੀ ਗਿਣਤੀ ਵਿੱਚ ਪੰਜਾਬ ਲਗਾਤਰ ਸਭ ਤੋਂ ਅੱਗੇ ਚੱਲ ਰਿਹਾ ਹੈ। ਸ੍ਰੀ ਭਗਤ ਨੇ ਸਿਖ਼ਰ ਦੇ 5 ਰਾਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੁਣ ਤੱਕ ਪੰਜਾਬ ਦੇ ਬੈਂਕਾਂ ਵੱਲੋਂ ₹7,670 ਕਰੋੜ ਦੀ ਲਾਗਤ ਵਾਲੇ 20,024 ਖ਼ੇਤੀਬਾੜੀ ਪ੍ਰੋਜੈਕਟ ਮਨਜੂਰ ਕੀਤੇ ਗਏ ਜਦਕਿ ਮੱਧ ਪ੍ਰਦੇਸ਼ ਨੇ 11135, ਮਹਾਰਾਸ਼ਟਰ ਨੇ 9611, ਤਮਿਲਨਾਡੂ ਨੇ 7323 ਅਤੇ ਉੱਤਰ ਪ੍ਰਦੇਸ਼ ਨੇ 7058 ਪ੍ਰੋਜੈਕਟ ਮਨਜੂਰ ਕੀਤੇ ਹਨ।
ਉਨ੍ਹਾ ਕਿਹਾ ਕਿ ਪੰਜਾਬ ਵਿੱਚ ਖੇਤੀਬਾੜੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੇਂਦਰੀ ਐਗਰੀਕਲਚਰ ਇਨਫਰਾਸਟਰਕਚਰ ਫੰਡ ,ਏ.ਆਈ.ਐਫ, ਸਕੀਮ ਨੂੰ ਬਾਗ਼ਬਾਨੀ ਵਿਭਾਗ ਵੱਲੋਂ ਮਹੱਤਵਪੂਰਨ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ ਤਾਂ ਜੋ ਸੂਬੇ ਦੀ ਖੇਤੀਬੜੀ ਦਾ ਵਿਕਾਸ ਅਤੇ ਕਿਸਾਨਾਂ ਨੂੰ ਆਰਥਿਕ ਪੱਖੋਂ ਹੋਰ ਮਜ਼ਬੂਤ ਕੀਤਾ ਜਾ ਸਕੇ।
ਉਨ੍ਹਾ ਕਿਹਾ ਕਿ ਏ ਆਈ ਐਫ ਸਕੀਮ ਨੂੰ ਲਾਗੂ ਕਰਨ ਲਈ ਪੰਜਾਬ ਦਾ ਬਾਗਬਾਨੀ ਵਿਭਾਗ ਸਟੇਟ ਨੋਡਲ ਏਜੰਸੀ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾ ਕਿਹਾ ਕਿ ਬਾਗ਼ਬਾਨੀ ਵਿਭਾਗ ਨੇ ਇਸ ਯੋਜਨਾ ਨੂੰ ਹੋਰ ਬੇਹਤਰੀਨ ਢੰਗ ਨਾਲ ਲਾਗੂ ਕਰਨ ਲਈ ਵਟਸਐਪ ਹੈਲਪ ਲਾਈਨ ਨੰਬਰ 9056092906 ਜਾਰੀ ਕੀਤਾ ਹੈ। ਇਸ ਨੰਬਰ ਤੇ ਮੇਸੇਜ ਭੇਜ ਕੇ ਕੋਈ ਵੀ ਵਿਅਕਤੀ ਇਸ ਯੋਜਨਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।
****