Punjab: ਮੁੱਖ ਮੰਤਰੀ ਵੱਲੋਂ ਅਬੋਹਰ ਵਾਸੀਆਂ ਨੂੰ 119.16 ਕਰੋੜ ਰੁਪਏ ਦਾ ਤੋਹਫਾ
ਸ਼ਹਿਰ ਵਿੱਚ ਜਲ ਸਪਲਾਈ ਅਤੇ ਸੀਵਰੇਜ ਪ੍ਰਾਜੈਕਟ ਲੋਕਾਂ ਨੂੰ ਕੀਤੇ ਸਮਰਪਿਤ
ਸੂਬੇ ਦੇ ਹਰੇਕ ਸ਼ਹਿਰ ਵਿੱਚ ਬੁਨਿਆਦੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧਤਾ ਦੁਹਰਾਈ
ਅਬੋਹਰ, 5 ਦਸੰਬਰ (ਵਿਸ਼ਵ ਵਾਰਤਾ):- ਅਬੋਹਰ ਸ਼ਹਿਰ ਦੇ ਵਾਸੀਆਂ ਨੂੰ ਵੱਡੀ ਸੌਗਾਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਜਲ ਸਪਲਾਈ ਅਤੇ ਸੀਵਰੇਜ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਜਿਸ ਨਾਲ ਸ਼ਹਿਰੀਆਂ ਨੂੰ ਵੱਡੀ ਸਹੂਲਤ ਹਾਸਲ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਸ਼ਹਿਰ ਵਾਸੀਆਂ ਲਈ ਮੀਲ ਪੱਥਰ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਸ਼ਹਿਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ 119.16 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤੇ ਇਨ੍ਹਾਂ ਪ੍ਰਾਜੈਕਟਾਂ ਦਾ ਉਦੇਸ਼ ਸ਼ਹਿਰ ਦੇ 1.5 ਲੱਖ ਤੋਂ ਵੱਧ ਬਸ਼ਿੰਦਿਆਂ ਨੰਾ ਸਾਫ ਪਾਣੀ ਦੀ ਨਿਰੰਤਰ ਸਪਲਾਈ ਮਿਲੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ 3.50 ਐਮ.ਜੀ.ਡੀ. ਦੀ ਸਮਰੱਥਾ ਵਾਲਾ ਆਟੋਮੈਟਿਕ ਜਲ ਸਪਲਾਈ ਪ੍ਰਾਜੈਕਟ ਲੋਕਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਕਰੇਗਾ। ਮੁੱਖ ਮੰਤਰੀ ਨੇ ਅਬੋਹਰ ਵਾਸੀਆਂ ਨੂੰ ਮਿਆਰੀ ਸੇਵਾਵਾਂ ਪ੍ਰਦਾਨ ਕਰਨ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਇਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਹਰੇਕ ਸ਼ਹਿਰ ਦੇ ਨਾਗਰਿਕਾਂ ਨੂੰ ਮੁਢਲੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ ਦ੍ਰਿੜ ਵਚਨਬੱਧ ਹੈ।
ਮੁੱਖ ਮੰਤਰੀ ਨੇ ਕਿਹਾ ਕਿ 27.06 ਕਰੋੜ ਰੁਪਏ ਦੀ ਲਾਗਤ ਵਾਲੇ ਜਲ ਸਪਲਾਈ ਪ੍ਰਾਜੈਕਟ ਅਬੋਹਰ ਸ਼ਹਿਰ ਦੀ 100 ਫੀਸਦੀ ਵਸੋਂ ਦੀ ਪਾਣੀ ਦੀ ਜ਼ਰੂਰਤ ਪੂਰੀ ਕਰੇਗਾ। ਉਨ੍ਹਾਂ ਕਿਹਾ ਕਿ 92.10 ਕਰੋੜ ਰੁਪਏ ਦੀ ਲਾਗਤ ਵਾਲਾ ਸੀਵਰੇਜ ਪ੍ਰਜੈਕਟ 100 ਫੀਸਦੀ ਆਬਾਦੀ ਨੂੰ ਸਹੂਲਤ ਪ੍ਰਦਾਨ ਕਰੇਗਾ। ਭਗਵੰਤ ਸਿੰਘ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਪ੍ਰਾਜੈਕਟ ਸਮੁੱਚੇ ਸਰਹੱਦੀ ਇਲਾਕੇ ਖਾਸ ਕਰਕੇ ਅਬੋਹਰ ਵਿੱਚ ਤਰੱਕੀ ਤੇ ਖੁਸ਼ਹਾਲੀ ਲਿਆਉਣ ਵਿੱਚ ਸਹਾਈ ਹੋਵੇਗਾ।
—-