PUNJAB : ਪੰਜਾਬ ਦੇ ਵਿਗਿਆਨੀਆਂ ਬਾਰੇ ਲਿਖੀ ‘ਪੰਜਾਬੀ ਖੋਜਕਾਰ’ ਪੁਸਤਕ ਵਿੱਚ ਪ੍ਰੋ.ਅਰਵਿੰਦ ਬਾਰੇ ਲੇਖ ਸ਼ਾਮਲ
ਪਟਿਆਲਾ,19 ਜੁਲਾਈ(ਵਿਸ਼ਵ ਵਾਰਤਾ)PUNJAB- ਪੰਜਾਬ ਦੇ ਉਘੇ ਵਿਗਿਆਨੀਆਂ ਬਾਰੇ ਤਿਆਰ ਕੀਤੀ ਗਈ ਪੁਸਤਕ ਵਿੱਚ ਸ੍ਰੀ ਹਰੀ ਕ੍ਰਿਸ਼ਨ ਮਾਇਰ ਵੱਲੋਂ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ ਵਿਖੇ ਪ੍ਰੋਫੈਸਰ ਅਰਵਿੰਦ ਸਣੇ 22 ਵਿਗਿਆਨੀਆਂ ਬਾਰੇ ਲੇਖ ਪ੍ਰਕਾਸ਼ਿਤ ਕੀਤੇ ਗਏ ਹਨ। ਇਸ ਪੁਸਤਕ ਦੀ ਕਾਪੀ ਪੰਜਾਬੀ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਪ੍ਰੋਫੈਸਰ ਅਨੂਪ ਠਾਕੁਰ ਅਤੇ ਡਾ ਕਰਮਜੀਤ ਸਿੰਘ ਤੇ ਇੰਡੀਅਨ ਪ੍ਰੋਫੈਸਰ ਅਰਵਿੰਦ ਨੂੰ ਅੱਜ ਉਨ੍ਹਾਂ ਦੇ ਦਫਤਰ ਵਿਖੇ ਜਾ ਕੇ ਭੇਂਟ ਕੀਤੀ।
ਕੈਨੇਡੀਅਨ ਲੇਖਕ ਸ੍ਰੀ ਹਰੀ ਕ੍ਰਿਸ਼ਨ ਮਾਇਰ ਵੱਲੋਂ ਲਿਖੀ ਗਈ ਕਿਤਾਬ ‘ਪੰਜਾਬੀ ਖੋਜਕਾਰ’ ਵਿੱਚ ਪੰਜਾਬੀ ਦੇ ਵਿਗਿਆਨੀਆਂ ਦੀ ਜੀਵਨੀਆਂ ਦੀ ਲੜੀ ਸਾਲ 1863 ਜਨਮੇ ਸ੍ਰੀ ਰੁਚੀਰਾਮ ਸਾਹਨੀ ਨਾਲ ਸ਼ੁਰੂ ਕੀਤੀ ਗਈ ਹੈ ਅਤੇ 1968 ਵਿੱਚ ਜਨਮੇ ਪ੍ਰੋਫੈਸਰ ਅਰਵਿੰਦ ਨਾਲ ਖਤਮ ਕੀਤੀ ਗਈ ਹੈ। ਇਸ ਪੁਸਤਕ ਵਿੱਚ ਪ੍ਰੋ. ਅਰਵਿੰਦ ਦੇ ਸਮੁੱਚੇ ਜੀਵਨ ਦੀਆਂ ਘਟਨਾਵਾਂ ਨੂੰ ਦਰਜ ਕਰਨ ਤੋਂ ਇਲਾਵਾ ਉਨ੍ਹਾਂ ਵੱਲੋਂ ਕੀਤੇ ਗਏ ਖੋਜ ਕਾਰਜਾਂ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਵਿੱਚ ਡਾ. ਅਰਵਿੰਦ ਦੇ ਸਿੱਖਿਆ ਅਤੇ ਵਿਗਿਆਨ ਬਾਰੇ ਵਿਚਾਰਾਂ ਨੂੰ ਵੀ ਪੇਸ਼ ਕੀਤਾ ਗਿਆ ਹੈ। ਇਸ ਪੁਸਤਕ ਵਿੱਚ ਪੰਜਾਬ ਦੇ ਬਹੁਤ ਸਾਰੇ ਵਿਗਿਆਨੀਆਂ ਦੀਆਂ ਜੀਵਨੀਆਂ, ਜਿਨਾਂ ਵਿੱਚ ਅਬਦੁਲ ਸਲਾਮ, ਸ਼ਾਂਤੀ ਸਰੂਪ ਭਟਨਾਗਰ, ਪਿਆਰਾ ਸਿੰਘ ਗਿੱਲ, ਹਰਗੋਬਿੰਦ ਖੁਰਾਣਾ, ਖੇਮ ਸਿੰਘ ਗਿੱਲ, ਕਮਲਜੀਤ ਬਾਵਾ, ਗਗਨਦੀਪ ਕੌਰ ਕੰਗ ਆਦਿ ਸ਼ਾਮਿਲ ਹਨ। ਪੰਜਾਬ ਦੇ ਵਿਦਿਆਰਥੀਆਂ ਨੂੰ ਇਸ ਕਿਤਾਬ ਦਾ ਬਹੁਤ ਲਾਭ ਹੋਵੇਗਾ ਤੇ ਉਹਨਾਂ ਨੂੰ ਪੰਜਾਬ ਦੇ ਵਿਗਿਆਨੀਆਂ ਬਾਰੇ ਜਾਣਣ ਦਾ ਮੌਕਾ ਮਿਲੇਗਾ।