PUNJAB : ਅੱਜ ਮਲੋਟ ਤੋਂ ਹੋਵੇਗੀ ਮਹਿਲਾਵਾਂ ਸਬੰਧੀ ਜਾਗਰੂਕਤਾ ਕੈਂਪਾਂ ਦੀ ਸ਼ੁਰੂਆਤ
ਚੰਡੀਗੜ੍ਹ, 2 ਦਸੰਬਰ (ਵਿਸ਼ਵ ਵਾਰਤਾ):- ਪੰਜਾਬ ਸਰਕਾਰ ਮਹਿਲਾਵਾਂ ਦੀ ਸਿਹਤ, ਸਫਾਈ ਅਤੇ ਉਨ੍ਹਾਂ ਲਈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਜਾਗਰੂਕਤਾ ਕੈਂਪਾਂ ਦੀ ਲੜੀ ਦੀ ਸ਼ੁਰੂਆਤ ਅੱਜ 2 ਦਸੰਬਰ ਤੋਂ ਮਲੋਟ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਕਰੇਗੀ। ਇਹ ਪ੍ਰਗਟਾਵਾ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਬੀਤੇ ਦਿਨੀਂ ਪੰਜਾਬ ਭਵਨ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਕੈਬਨਿਟ ਮੰਤਰੀ ਨੇ ਸੂਬਾ ਸਰਕਾਰ ਦੀ ਮਹਿਲਾਵਾਂ ਅਤੇ ਲੜਕੀਆਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਲਈ ਸੁਰੱਖਿਅਤ ਮਾਹੌਲ ਸਿਰਜਣ ਦੀ ਆਪਣੀ ਵਚਨਬੱਧਤਾ ਪ੍ਰਗਟਾਉਂਦਿਆਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਉਦੇਸ਼ ਮਹਿਲਾਵਾਂ ਦੀ ਜ਼ਰੂਰੀ ਸਿਹਤ ਜਾਂਚ ਕਰਵਾਉਣਾ ਅਤੇ ਵੱਖ-ਵੱਖ ਸਿਹਤ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਉਨਾਂ ਕਿਹਾ ਕਿ ਇਹ ਪਹਿਲਕਦਮੀ ਮਹਿਲਾਵਾਂ ਦੀ ਸੁਰੱਖਿਆ ਅਤੇ ਰੋਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਲਈ ਤਿਆਰ ਕੀਤੀਆਂ ਗਈਆਂ ਵੱਖ-ਵੱਖ ਯੋਜਨਾਵਾਂ ਅਤੇ ਪ੍ਰੋਗਰਾਮਾਂ ਰਾਹੀਂ ਮਹਿਲਾਵਾਂ ਨੂੰ ਸਸ਼ਕਤ ਕਰਨ ਲਈ ਸਰਕਾਰ ਦੀ ਵਿਆਪਕ ਰਣਨੀਤੀ ਦਾ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਕੈਪਾਂ ਵਿੱਚ ਜ਼ਿਲ੍ਹਾ ਹਸਪਤਾਲਾਂ ਦੀਆਂ ਮਾਹਿਰ ਟੀਮਾਂ ਦੁਆਰਾ ਮੁਫ਼ਤ ਸਿਹਤ ਜਾਂਚ ਕੀਤੀ ਜਾਵੇਗੀ। ਇਸ ਮੌਕੇ ਛਾਤੀ, ਸਰਵਾਈਕਲ, ਅਤੇ ਓਰਲ ਕੈਂਸਰ ਦੀ ਜਾਂਚ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਟੈਸਟ, ਅਨੀਮੀਆ ਦੀ ਜਾਂਚ ਕੀਤੀ ਜਾਵੇਗੀ ਅਤੇ ਲੋੜੀਂਦੀਆਂ ਦਵਾਈਆਂ ਦੀ ਦਿੱਤੀਆਂ ਜਾਣਗੀਆਂ। ਇਨ੍ਹਾਂ ਕੈਂਪਾਂ ਵਿੱਚ ਮਹਿਲਾਵਾਂ ਨੂੰ ਮਹੱਤਵਪੂਰਨ ਸਿਹਤ ਵਿਸ਼ਿਆਂ ਜਿਵੇਂ ਕਿ ਗਰਭ ਨਿਰੋਧਕ ਤਰੀਕਿਆਂ, ਪਰਿਵਾਰ ਨਿਯੋਜਨ, ਪਿਸ਼ਾਬ ਨਾਲੀ ਦੀਆਂ ਲਾਗਾਂ (ਯੂਟੀਆਈ), ਮਾਹਵਾਰੀ ਦੀ ਸਫਾਈ ਅਤੇ ਕਿਸ਼ੋਰਾਂ ਦੀ ਸਿਹਤ ਬਾਰੇ ਜਾਗਰੂਕ ਕੀਤਾ ਜਾਵੇਗਾ। ਇਹ ਕੈਂਪ ਰੋਜ਼ਗਾਰ ਉਤਪਤੀ ਵਿਭਾਗ ਅਤੇ ਹੁਨਰ ਵਿਕਾਸ ਵਿਭਾਗ, ਆਯੁਰਵੈਦਿਕ ਵਿਭਾਗ, ਪੇਂਡੂ ਵਿਕਾਸ ਵਿਭਾਗ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾਣਗੇ। ਬੇਟੀ ਬਚਾਓ ਬੇਟੀ ਪੜ੍ਹਾਓ, ਵਨ ਸਟਾਪ ਸੈਂਟਰ ਸਕੀਮ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਪੋਸ਼ਣ, ਬੱਚਿਆਂ ਨਾਲ ਸਬੰਧਤ ਸਕੀਮਾਂ, 181 ਵੂਮਨ ਹੈਲਪਲਾਈਨ ਅਤੇ ਪੈਨਸ਼ਨ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਕੈਂਪਾਂ ਵਿੱਚ ਵੱਖ-ਵੱਖ ਸਟਾਲ ਲਗਾਏ ਜਾਣਗੇ ਅਤੇ ਫਾਰਮ ਭਰੇ ਜਾਣਗੇ।
ਡਾ. ਬਲਜੀਤ ਕੌਰ ਨੇ ਮਹਿਲਾਵਾਂ ਨੂੰ ਸਮੇਂ ਸਿਰ ਸਿਹਤ ਦੀ ਜਾਂਚ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਕੈਂਪਾਂ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ ਪੰਜਾਬ ਸਰਕਾਰ ਮਹਿਲਾਵਾਂ ਅਤੇ ਲੜਕੀਆਂ ਦੇ ਸਸ਼ਕਤੀਕਰਨ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਚ ਵਿੱਚ ਜ਼ਿਲ੍ਹਾ ਪੱਧਰ ਤੇ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ ਜਿਸ ਦੀ ਸ਼ੁਰੂਆਤ 2 ਦਸੰਬਰ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਹੀ 4 ਦਸੰਬਰ ਨੂੰ ਅੰਮ੍ਰਿਤਸਰ, 5 ਦਸੰਬਰ ਨੂੰ ਬਰਨਾਲਾ, 9 ਦਸੰਬਰ ਨੂੰ ਬਠਿੰਡਾ, 10 ਦਸੰਬਰ ਨੂੰ ਫਰੀਦਕੋਟ, 11 ਦਸੰਬਰ ਨੂੰ ਸ੍ਰੀ ਫਤਿਹਗੜ੍ਹ ਸਾਹਿਬ, 12 ਦਸੰਬਰ ਨੂੰ ਫਾਜ਼ਿਲਕਾ, 13ਦਸੰਬਰ ਨੂੰ ਫਿਰੋਜ਼ਪੁਰ, 14 ਦਸੰਬਰ ਨੂੰ ਗੁਰਦਾਸਪੁਰ, 18 ਦਸੰਬਰ ਨੂੰ ਹੁਸ਼ਿਆਰਪੁਰ, 19 ਦਸੰਬਰ ਨੂੰ ਜਲੰਧਰ, 20 ਦਸੰਬਰ ਨੂੰ ਕਪੂਰਥਲਾ, 24 ਦਸੰਬਰ ਨੂੰ ਲੁਧਿਆਣਾ, 2 ਜਨਵਰੀ 2025 ਨੂੰ ਮਾਲੇਰਕੋਟਲਾ, 3 ਜਨਵਰੀ ਨੂੰ ਮਾਨਸਾ, 7 ਜਨਵਰੀ ਨੂੰ ਮੋਗਾ, 8 ਜਨਵਰੀ ਪਠਾਨਕੋਟ, 9 ਜਨਵਰੀ ਨੂੰ ਪਟਿਆਲਾ, 14 ਜਨਵਰੀ ਨੂੰ ਰੂਪਨਗਰ, 15 ਜਨਵਰੀ ਨੂੰ ਸੰਗਰੂਰ, 16 ਜਨਵਰੀ ਨੂੰ ਐਸ.ਏ.ਐਸ ਨਗਰ, 17 ਜਨਵਰੀ ਨੂੰ ਐਸ.ਬੀ.ਐਸ ਨਗਰ, 18 ਜਨਵਰੀ ਨੁੰ ਤਰਨਤਾਰਨ ਵਿੱਚ ਕੈਂਪ ਲਗਾਏ ਜਾਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/