PUNJAB : ਅੱਜ ਪੈਰਿਸ ਓਲੰਪਿਕ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ
ਕਾਂਸੀ ਦਾ ਤਗਮਾ ਜਿੱਤਣ ਵਾਲੀ ਹਾਕੀ ਟੀਮ ਦੇ ਖਿਡਾਰੀਆਂ ਨੂੰ ਸਰਕਾਰ ਦੇਵੇਗੀ 1-1 ਕਰੋੜ ਰੁਪਏ ਦੀ ਇਨਾਮੀ ਰਾਸ਼ੀ
ਚੰਡੀਗੜ੍ਹ, 18ਅਗਸਤ(ਵਿਸ਼ਵ ਵਾਰਤਾ)PUNJAB -ਪੈਰਿਸ ਓਲੰਪਿਕ ਵਿੱਚ ਭਾਗ ਲੈਣ ਵਾਲੇ ਪੰਜਾਬ ਦੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਅੱਜ ਸਨਮਾਨਿਤ ਕੀਤਾ ਜਾਵੇਗਾ। ਇਹ ਪ੍ਰੋਗਰਾਮ ਸੈਕਟਰ-26 ਸਥਿਤ ਮਹਾਤਮਾ ਗਾਂਧੀ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਵਿਖੇ ਹੋਵੇਗਾ। ਸਰਕਾਰ ਵੱਲੋਂ ਪ੍ਰੋਗਰਾਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪ੍ਰੋਗਰਾਮ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਕਾਂਸੀ ਦਾ ਤਗਮਾ ਜਿੱਤਣ ਵਾਲੀ ਹਾਕੀ ਟੀਮ ਦੇ ਖਿਡਾਰੀਆਂ ਨੂੰ ਸਰਕਾਰ ਵੱਲੋਂ 1-1 ਕਰੋੜ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਟੀਮ ਵਿੱਚ ਸ਼ਾਮਲ 11 ਖਿਡਾਰੀਆਂ ਵਿੱਚੋਂ ਦਸ ਪੰਜਾਬ ਨਾਲ ਸਬੰਧਤ ਹਨ। ਇਨ੍ਹਾਂ ਵਿੱਚ ਮਿਡਫੀਲਡਰ ਮਨਦੀਪ ਸਿੰਘ, ਸੁਖਜੀਤ ਸਿੰਘ, ਮਿਡਫੀਲਡਰ ਮਨਪ੍ਰੀਤ ਸਿੰਘ, ਹਾਰਦਿਕ ਸਿੰਘ , (ਹਾਕੀ ਟੀਮ ਦੇ ਕਪਤਾਨ) ਹਰਮਨਪ੍ਰੀਤ ਸਿੰਘ ਅੰਮ੍ਰਿਤਸਰ ਤੋਂ, ਮਿਡਫੀਲਡਰ ਗੁਰਜੰਟ ਸਿੰਘ, ਡਿਫੈਂਡਰ ਜਰਮਨਪ੍ਰੀਤ ਸਿੰਘ, ਮਿਡਫੀਲਡਰ ਸ਼ਮਸ਼ੇਰ ਸਿੰਘ, ਬਦਲਵੇਂ ਖਿਡਾਰੀ ਪਾਠਕ ਅਤੇ ਕਪੂਰਥਲਾ ਤੋਂ ਯੁਗਰਾਜ ਸਿੰਘ ਸ਼ਾਮਲ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਖਿਡਾਰੀ ਪੰਜਾਬ ਪੁਲੀਸ ਵਿੱਚ ਡੀਐਸਪੀ ਦੇ ਅਹੁਦੇ ’ਤੇ ਹਨ। ਪੈਰਿਸ ਓਲੰਪਿਕ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਸਰਕਾਰ ਵੱਲੋਂ 15-15 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਵੱਖ-ਵੱਖ ਖੇਡਾਂ ਵਿੱਚ ਕੁੱਲ 19 ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਵਿੱਚ ਸਿਫਤ ਕੌਰ ਸਮਰਾ, ਅੰਜੁਮ ਮੌਦਗਿਲ, ਵਿਜੇਵੀਰ ਸਿੰਘ ਸਿੱਧੂ, ਅਰਜੁਨ ਸਿੰਘ ਚੀਮਾ, ਅਰਜੁਨ ਬਬੂਟਾ ਅਤੇ ਰਾਜੇਸ਼ਵਰੀ ਕੁਮਾਰੀ ਸ਼ਾਮਲ ਹਨ। ਤਜਿੰਦਰਪਾਲ ਸਿੰਘ ਤੂਰ ਸ਼ਾਟ ਪੁਟ ਵਿੱਚ, ਅਕਸ਼ਦੀਪ ਸਿੰਘ ਵਾਕਿੰਗ ਵਿੱਚ, ਗੋਲਫਰ ਗਗਨਜੀਤ ਭੁੱਲਰ ਅਤੇ ਹਾਕੀ ਟੀਮ ਦੇ ਬਾਕੀ ਖਿਡਾਰੀ ਸ਼ਾਮਲ ਹਨ।