Punjab: ਡਾ. ਬਲਜੀਤ ਕੌਰ ਵੱਲੋਂ ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾਉਣ ਲਈ ਯਤਨ ਤੇਜ਼ ਕਰਨ ਦੇ ਹੁਕਮ
ਕਿਹਾ, ਜੇਕਰ ਕਿਸੇ ਬੱਚੇ ਵੱਲੋਂ ਭੀਖ ਮੰਗਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਦੀ ਸੂਚਨਾ ਜ਼ਿਲ੍ਹਾ ਬਾਲ ਸੁਰੱਖਿਆ ਯੁਨਿਟ ਜਾਂ ਬਾਲ ਭਲਾਈ ਕਮੇਟੀ ਨੂੰ ਦਿੱਤੀ ਜਾਵੇ
ਚੰਡੀਗੜ੍ਹ, 22 ਨਵੰਬਰ (ਵਿਸ਼ਵ ਵਾਰਤਾ):- ਪੰਜਾਬ ਸਰਕਾਰ ਵੱਲੋਂ ਬਾਲ ਭੀਖ ਵਰਗੀ ਸਮਾਜਿਕ ਬੁਰਾਈ ਦਾ ਖਾਤਮਾ ਕਰਨ ਲਈ ਸੂਬੇ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਰਾਹੀਂ ਜੀਵਨਜੋਤ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ। ਇਸ ਪਹਿਲਕਦਮੀ ਦਾ ਉਦੇਸ਼ ਭੀਖ ਮੰਗਣ ਵਾਲੇ ਬੱਚਿਆਂ ਨੂੰ ਬਚਾਉਣਾ, ਉਹਨਾਂ ਦਾ ਮੁੜ ਵਸੇਬਾ ਅਤੇ ਪੁਨਰਗਠਨ ਕਰਨਾ ਅਤੇ ਇਹ ਯਕੀਨੀ ਬਣਾਉਣਾ ਕਿ ਉਹਨਾਂ ਨੂੰ ਸ਼ੋਸ਼ਣ ਮੁਕਤ ਜੀਵਨ ਦਾ ਰਾਸਤਾ ਦਿਖਾਇਆ ਜਾ ਸਕੇ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਭੀਖ ਮੰਗਣ ਵਾਲੇ ਬੱਚਿਆਂ ਦੇ ਬਚਪਨ ਨੂੰ ਸੁਰੱਖਿਅਤ ਕਰਨ ਲਈ ਰਾਜ ਵਿੱਚ ਜੀਵਨਜੋਤ ਪ੍ਰੋਜੈਕਟ ਤਹਿਤ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਅਧੀਨ ਭੀਖ ਮੰਗਣ ਵਾਲੇ ਬੱਚਿਆਂ ਨੂੰ ਬਚਾਉਣ ਅਤੇ ਮੁੜ ਵਸੇਬਾ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹ ਮੁਹਿੰਮ ਮਹੀਨੇ ਦੇ ਹਰ ਦੂਜੇ ਹਫਤੇ ਚਲਾਈ ਜਾਂਦੀ ਹੈ।
ਉਹਨਾਂ ਖੁਲਾਸਾ ਕੀਤਾ ਕਿ ਇਸ ਮੁਹਿੰਮ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮਹੀਨਾ ਜੁਲਾਈ ਤੋਂ ਹੁਣ ਤੱਕ ਕੁੱਲ 187 ਬੱਚੇ ਬਚਾਏ ਗਏ ਹਨ ਜਿਨ੍ਹਾਂ ਵਿੱਚੋਂ 18 ਬੱਚਿਆਂ ਦਾ ਕੋਈ ਆਸਰਾ ਨਾਂ ਹੋਣ ਕਰਕੇ ਰਾਜ ਵਿੱਚ ਚਲਾਏ ਜਾ ਰਹੇ ਬਾਲ ਘਰਾਂ ਵਿੱਚ ਭੇਜਿਆ ਗਿਆ ਹੈ। ਇਨ੍ਹਾਂ ਬਾਲ ਘਰਾਂ ਵਿੱਚ ਬੱਚਿਆਂ ਨੂੰ ਪੜਾਈ, ਖਾਣਾ, ਸਿਹਤ ਸਹੂਲਤਾਂ, ਆਦਿ ਦਿੱਤੀਆਂ ਜਾ ਰਹੀਆਂ ਹਨ। ਬਾਕੀ ਬੱਚਿਆਂ ਨੂੰ ਬਾਲ ਭਲਾਈ ਕਮੇਟੀ ਰਾਹੀਂ ਓਨ੍ਹਾਂ ਦੇ ਮਾਪਿਆਂ ਨੂੰ ਸਪੁਰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ 15 ਬੱਚਿਆਂ ਨੂੰ ਸਪੋਂਸਰਸ਼ਿਪ ਸਕੀਮ ਦਾ ਲਾਭ, 80 ਬੱਚਿਆਂ ਨੂੰ ਸਕੂਲ ਵਿੱਚ ਦਾਖਲਾ ਕਰਵਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। 03 ਬੱਚਿਆ ਨੂੰ ਆਂਗਨਵਾੜੀ ਵਿੱਚ ਦਾਖਲ ਕਰਵਾਇਆ ਗਿਆ ਹੈ।
ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੁਵੇਨਾਇਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ ਐਕਟ 2015 ਅਧੀਨ ਰਾਜ ਵਿੱਚ 07 ਸਰਕਾਰੀ ਚਿਲਡਰਨ ਹੋਮ ਅਤੇ 39 ਗੈਰ ਸਰਕਾਰੀ ਹੋਮ ਰਜਿਸਟਰਡ ਕੀਤੇ ਹੋਏ ਹਨ ਜਿਨਾਂ ਵਿਚ ਅਨਾਥ, ਬੇਸਾਹਾਰਾ ਅਤੇ ਸਪੁਰਧ ਕੀਤੇ ਬੱਚਿਆਂ ਨੂੰ ਰੱਖਿਆ ਗਿਆ ਹੈ।
ਕੈਬਨਿਟ ਮੰਤਰੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਦੇ ਧਿਆਨ ਵਿੱਚ ਬੱਚਿਆਂ ਦੇ ਭੀਖ ਮੰਗਣ ਸਬੰਧੀ ਕੋਈ ਮਾਮਲਾ ਆਉਂਦਾ ਹੈ ਤਾਂ ਇਸ ਸਬੰਧੀ ਸੂਚਨਾ ਆਪਣੇ ਜ਼ਿਲ੍ਹੇ ਦੀ ਜ਼ਿਲ੍ਹਾ ਬਾਲ ਸੁਰੱਖਿਆ ਯੁਨਿਟ ਜਾਂ ਬਾਲ ਭਲਾਈ ਕਮੇਟੀ ਜਾਂ ਫੇਰ ਵਿਭਾਗ ਵੱਲੋਂ ਚਲਾਈ ਜਾ ਰਹੀ ਚਾਇਲਡ ਹੈਲਪਲਾਇਨ ਨੰ: 1098 ਤੇ ਦਿੱਤੀ ਜਾ ਸਕਦੀ ਹੈ।