PUNJAB : ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਮੋੜ ਕੇ ਖੇਡ ਮੈਦਾਨ ਵੱਲ ਲੈ ਕੇ ਆਉਣ ਦੇ ਉਦੇਸ਼ ਨਾਲ ਕੰਮ ਕਰ ਰਿਹਾ ਹੈ ਮੰਡੀ ਬੋਰਡ – ਹਰਚੰਦ ਸਿੰਘ ਬਰਸਟ
ਮੋਹਾਲੀ, 17 ਅਗਸਤ(ਸਤੀਸ਼ ਕੁਮਾਰ ਪੱਪੀ )PUNJAB- ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦੀ ਅਗਵਾਈ ਹੇਠ ਪੰਜਾਬ ਮੰਡੀ ਬੋਰਡ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਵਿਕਸਤ ਕਰਨ, ਬੱਚਿਆਂ ਦੇ ਚੰਗੇ ਭਵਿੱਖ ਅਤੇ ਨਸ਼ੇ ਦੇ ਖਾਤਮੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਖੁਸ਼ੀ ਜਤਾਉਂਦਿਆਂ ਸ. ਬਰਸਟ ਨੇ ਦੱਸਿਆ ਕਿ ਆਫ਼ ਸੀਜ਼ਨ ਦੌਰਾਨ ਪੰਜਾਬ ਦੀਆਂ ਮੰਡੀਆਂ ਵਿੱਚ ਵੱਖ-ਵੱਖ ਖੇਡਾਂ ਦੀ ਸਿਖਲਾਈ ਸ਼ੁਰੂ ਕਰ ਦਿੱਤੀ ਗਈ ਹੈ। ਜਿੱਥੇ ਰਾਮਪੁਰਾ ਫੂਲ ਵਿਖੇ ਸਕੇਟਿੰਗ ਅਤੇ ਸੁਲਤਾਨਪੁਰ ਲੋਧੀ ਵਿਖੇ ਬਾਸਕਿਟਬਾਲ ਖੇਡ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਉੱਥੇ ਹੀ ਮਲੋਟ ਵਿਖੇ ਬਾਸਕਿਟ ਬਾਲ ਗਰਾਉਂਡ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਬੈਡਮਿੰਟਨ ਕੋਰਟ ਦਾ ਉਦਘਾਟਨ ਕਰਕੇ ਖਿਡਾਰੀਆਂ ਦੇ ਮੈਚ ਕਰਵਾਏ ਗਏ ਅਤੇ ਜੇਤੂ ਖਿਡਾਰੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਬੱਚੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਧੱਰ ਦੇ ਮੁਕਾਬਲਿਆਂ ਵਿੱਚ ਚੰਗਾ ਪ੍ਰਦਸ਼ਨ ਕਰਕੇ ਪੂਰੀ ਦੁਨਿਆ ਵਿੱਚ ਪੰਜਾਬ, ਦੇਸ਼ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨਗੇ।
ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਵੱਡੇ-ਵੱਡੇ ਕਵਰ ਸ਼ੈੱਡ ਬਣੇ ਹੋਏ ਹਨ, ਜੋ ਝੋਨੇ ਅਤੇ ਕਣਕ ਦੇ ਸੀਜ਼ਨ ਵੇਲੇ ਹੀ ਵਰਤੋਂ ਵਿੱਚ ਆਉਂਦੇ ਹਨ ਤੇ ਬਾਕੀ ਸਮੇਂ ਖਾਲੀ ਰਹਿੰਦੇ ਸਨ। ਇਸ ਲਈ ਬੱਚਿਆਂ ਨੂੰ ਖੇਡਾਂ ਵੱਲ ਉਤਸਾਹਿਤ ਕਰਨ ਲਈ ਆਫ਼ ਸੀਜ਼ਨ ਦੌਰਾਨ ਮੰਡੀਆਂ ਦੇ ਕਵਰ ਸ਼ੈੱਡਾਂ ਨੂੰ ਵੱਖ-ਵੱਖ ਖੇਡਾਂ ਦੀ ਸਿਖਲਾਈ ਦੇਣ ਲਈ ਵਰਤੋਂ ਵਿੱਚ ਲਿਆਉਣ ਦੀ ਯੋਜਨਾ ਤਿਆਰ ਕੀਤੀ ਗਈ ਸੀ। ਯੋਜਨਾ ਨੂੰ ਅਮਲੀ ਜਾਮ੍ਹਾਂ ਪਹਿਣਾਉਂਦਿਆਂ ਹੋਇਆ ਮੰਡੀਆਂ ਵਿੱਚ ਖੇਡਾਂ ਦੀ ਟ੍ਰੇਨਿੰਗ ਦਾ ਆਗਾਜ਼ ਕਰ ਦਿੱਤਾ ਗਿਆ ਹੈ। ਇਨ੍ਹਾਂ ਉਪਰਾਲਿਆਂ ਨਾਲ ਪੰਜਾਬ ਦੀ ਜਵਾਨੀ ਨਸ਼ਿਆਂ ਤੋਂ ਦੂਰ ਹੋ ਕੇ ਖੇਡਾਂ ਨਾਲ ਜੁੜ ਰਹੀ ਹੈ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਜਲਦ ਹੀ ਪੰਜਾਬ ਦੀਆਂ ਹੋਰਨਾਂ ਮੰਡੀਆਂ ਵਿੱਚ ਵੀ ਇਸੇ ਤਰ੍ਹਾਂ ਇਨਡੋਰ ਖੇਡਾਂ ਦੀ ਟ੍ਰੇਨਿੰਗ ਸੁਰੂ ਕਰ ਦਿੱਤੀ ਜਾਵੇਗੀ। ਇਸ ਦੇ ਲਈ ਵੱਖ-ਵੱਖ ਐਨ.ਜੀ.ਓਜ਼, ਸੰਸਥਾਵਾਂ ਤੇ ਰਿਟਾਅਰ ਕੋਚਾਂ ਨਾਲ ਗੱਲਬਾਤ ਚੱਲ ਰਹੀ ਹੈ।
ਸ. ਬਰਸਟ ਨੇ ਕਿਹਾ ਕਿ ਨੌਜਵਾਨ ਪੰਜਾਬ ਅਤੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਲਗਾਉਣਾ ਬਹੁਤ ਜ਼ਰੂਰੀ ਹੈ ਅਤੇ ਇਸ ਲਈ ਖੇਡਾਂ ਤੋਂ ਵਧਿਆ ਕੋਈ ਹੋਰ ਰਾਹ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸਾਹਿਤ ਕਰਨ ਦੇ ਕਾਰਜਾਂ ਵਿੱਚ ਪੰਜਾਬ ਮੰਡੀ ਬੋਰਡ ਵੀ ਆਪਣਾ ਸਹਿਯੋਗ ਦੇ ਰਿਹਾ ਹੈ। ਉਨ੍ਹਾਂ ਨੇ ਉਪਰੋਕਤ ਮੰਡੀਆਂ ਵਿੱਚ ਖੇਡਾਂ ਦੀ ਸਿਖਲਾਈ ਸ਼ੁਰੂ ਹੋਣ ਤੇ ਡੀ.ਐਮ.ਓਜ਼, ਅਧਿਕਾਰੀਆਂ ਤੇ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ ਤੇ ਬਾਕੀ ਜਗ੍ਹਾਂ ਤੇ ਵੀ ਟ੍ਰੇਨਿੰਗ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ।