PUNJAB ਵਿਧਾਨ ਸਭਾ ਜ਼ਿਮਨੀ ਚੋਣਾਂ : ਜ਼ਿਮਨੀ ਚੋਣਾਂ ਵਿੱਚ ਵੀ ਹੁੰਝਾ ਫੇਰ ਜਿੱਤ ਪ੍ਰਾਪਤ ਕਰੇਗੀ ਆਮ ਆਦਮੀ ਪਾਰਟੀ – ਪ੍ਰਿੰਸੀਪਲ ਬੁੱਧ ਰਾਮ
ਭਗਵੰਤ ਮਾਨ ਸਰਕਾਰ ਦੀ ਵਧਿਆ ਕਾਰਗੁਜ਼ਾਰੀ ਤੋਂ ਖੁਸ਼ ਲੋਕ ਝਾੜੂ ਤੇ ਮੋਹਰ ਲਾਉਣ ਲਈ ਤਿਆਰ
ਚੰਡੀਗੜ੍ਹ, 15ਨਵੰਬਰ (ਵਿਸ਼ਵ ਵਾਰਤਾ) ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਚੋਣ ਪ੍ਰਚਾਰ ਜ਼ੋਰਾਂ ਤੇ ਹੈ। ਪਾਰਟੀ ਉਮੀਦਵਾਰ ਤੇ ਵਰਕਰ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਵਿੱਚ ਲੱਗੇ ਹੋਏ ਹਨ। ਇੰਚਾਰਜ ਅਤੇ ਮੰਤਰੀ ਪਾਰਟੀ ਦੇ ਸਾਰੇ ਸਰਕਲਾਂ ਵਿੱਚ ਸਰਗਰਮ ਹਨ ਅਤੇ ਸਰਕਾਰ ਦੇ ਕੰਮਾਂ ਨੂੰ ਲੋਕਾਂ ਵਿੱਚ ਲਿਜਾ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਤੇ ਜ਼ਿਮਨੀ ਚੋਣਾਂ 20 ਨਵੰਬਰ ਨੂੰ ਹੋਣ ਵਾਲੀਆਂ ਹਨ, ਜਿਹਨਾਂ ਵਿੱਚ ਗਿੱਦੜਬਾਹਾ, ਚੱਬੇਵਾਲ, ਡੇਰਾ ਬਾਬਾ ਨਾਨਕ ਤੇ ਬਰਨਾਲਾ ਸੀਟ ਸ਼ਾਮਿਲ ਹਨ।
ਜ਼ਿਮਨੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਦਾਅਵਾ ਕੀਤਾ ਹੈ ਕਿ ਹੁਣ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਜਲੰਧਰ (ਪੱਛਮੀ) ਵਾਂਗ ਵੱਡੀ ਜਿੱਤ ਪ੍ਰਾਪਤ ਕਰੇਗੀ। ਬੁੱਧ ਰਾਮ ਨੇ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਭਰੋਸਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਚੋਣ ਪੰਜਾਬ ਲਈ ਸੈਮੀਫਾਈਨਲ ਹੈ। ਆਮ ਆਦਮੀ ਪਾਰਟੀ ਨੇ ਸਾਫ਼-ਸੁਥਰਾ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਸਮੇਤ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ। ਜਨਤਾ ਜ਼ਰੂਰ ਸਾਡਾ ਸਾਥ ਦੇਵੇਗੀ। ਉਨ੍ਹਾਂ ਲੋਕਾਂ ਨੂੰ ਡਰ ਦੀ ਪੁਰਾਣੀ ਰਾਜਨੀਤੀ ਨੂੰ ਨਕਾਰ ਕੇ ਪੰਜਾਬ ਨੂੰ ਇਕਜੁੱਟ ਕਰਨ ਅਤੇ ਮਜ਼ਬੂਤ ਬਣਾਉਣ ਦੀ ਅਪੀਲ ਕਰਦਿਆਂ ਦਾਅਵਾ ਕੀਤਾ ਕਿ ‘ਆਪ’ ਦੇ ਉਮੀਦਵਾਰ ਸਾਰੀਆਂ ਚਾਰ ਸੀਟਾਂ ’ਤੇ ਵੱਡੀ ਜਿੱਤ ਹਾਸਲ ਕਰਨਗੇ।
ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਸਮੇਂ ਇਨ੍ਹਾਂ ਵਿਧਾਨ ਸਭਾ ਹਲਕਿਆਂ ਵਿੱਚ ਅਹਿਮ ਸਮਰਥਨ ਹਾਸਲ ਸੀ ਪਰ ਅੱਜ ਇਨ੍ਹਾਂ ਦੀ ਚੋਣਾਂ ਵਿੱਚੋਂ ਗੈਰਹਾਜ਼ਰੀ ਉਨ੍ਹਾਂ ਦੇ ਸਿਆਸੀ ਪਤਨ ਦਾ ਸਪੱਸ਼ਟ ਸੰਕੇਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਚੋਣ ਵਿਚ ਭਾਜਪਾ ਅਤੇ ਕਾਂਗਰਸ ਦੋਵਾਂ ਨੂੰ ਨਕਾਰ ਦੇਣਗੇ ਕਿਉਂਕਿ ਦੋਵਾਂ ਪਾਰਟੀਆਂ ਨੇ ਪੰਜਾਬ ਅਤੇ ਇਸ ਦੇ ਕਿਸਾਨਾਂ ਨੂੰ ਇਤਿਹਾਸਕ ਤੌਰ ‘ਤੇ ਅਣਗੌਲਿਆ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਆਪਣੇ ਉਮੀਦਵਾਰ ਖੜ੍ਹੇ ਨਹੀਂ ਕੀਤੇ। ਇਸ ਤੋਂ ਇਲਾਵਾ ਭਾਜਪਾ ਤੇ ਕਾਂਗਰਸ ਚੱਲੇ ਹੋਏ ਕਾਰਤੂਸ ਹਨ, ਜਿਨ੍ਹਾਂ ਨੇ ਲੋਕਾਂ ਲਈ ਕਦੇ ਕੁਝ ਨਹੀਂ ਕੀਤਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/