PUNJAB : ਵਿਰਸਾ ਸਿੰਘ ਵਲਟੋਹਾ ਨੇ ਖ਼ੁਦ ਹੀ ਛੱਡਿਆ ਅਕਾਲੀ ਦਲ
ਚੰਡੀਗੜ੍ਹ, 15ਅਕਤੂਬਰ(ਵਿਸ਼ਵ ਵਾਰਤਾ) ਅੱਜ ਅਕਾਲ ਤਖ਼ਤ ਵਿਖੇ ਪੇਸ਼ ਹੋਣ ਤੋਂ ਬਾਅਦ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਦਿਤਾ ਹੈ। ਸੋਸ਼ਲ ਮੀਡੀਆ ’ਤੇ ਜਾਰੀ ਇਕ ਬਿਆਨ ਅਨੁਸਾਰ ਵਲਟੋਹਾ ਨੇ ਕਿਹਾ, ‘‘ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਅੱਜ ਸਿੰਘ ਸਾਹਿਬਾਨ ਸਾਹਮਣੇ ਹੋਈ ਮੇਰੀ ਪੇਸ਼ੀ ਤੋਂ ਬਾਅਦ ਮੇਰੇ ਬਾਰੇ ਜੋ ਆਦੇਸ਼ ਜਾਰੀ ਕੀਤਾ ਗਿਆ ਹੈ, ਉਸ ਨੂੰ ਸਿਰ ਝੁਕਾ ਕੇ ਪ੍ਰਵਾਨ ਕਰਦਾ ਹਾਂ।’’ ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਹਲਕਾ ਖੇਮਕਰਨ ’ਚ ਪਹਿਲਾਂ ਵਾਂਗ ਹੀ ਸਿਆਸਤ ’ਚ ਸਰਗਰਮ ਰਹਿਣਗੇ ਅਤੇ ਲੋਕਾਂ ਦੇ ਦੁੱਖ-ਸੁੱਖ ਦੇ ਭਾਈਵਾਲ ਤੇ ਕੰਮਾਂ ਲਈ ਹਮੇਸ਼ਾ ਹਾਜ਼ਰ ਰਹਿਣਗੇ।ਗੌਰਤਲਬ ਹੈ ਕਿ ਅੱਜ ਸਵੇਰੇ ਹੀ ਸਿੰਘ ਸਹਿਬਾਨਾਂ ਵੱਲੋਂ ਵਿਰਸਾ ਸਿੰਘ ਵਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਵਿਚੋਂ ਕੱਢਣ ਦਾ ਹੁਕਮ ਜਾਰੀ ਕੀਤਾ ਗਿਆ ਸੀ। ਪੰਜ ਸਿੰਘ ਸਹਿਬਾਨ ਨੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂਦੜ ਨੂੰ ਹੁਕਮ ਦਿੱਤਾ ਕਿ ਵਿਰਸਾ ਸਿੰਘ ਵਲਟੋਹਾ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਅਕਾਲੀ ਦਲ ਵਿਚੋਂ 10 ਸਾਲ ਲਈ ਬਾਹਰ ਕੱਢਿਆ ਜਾਵੇ। ਜਿਸ ਤੋਂ ਬਾਅਦ ਵਲਟੋਹਾ ਨੇ ਆਪਣੇ ਬਿਆਨ ’ਚ ਕਿਹਾ, ‘‘ਇਸ ਆਦੇਸ਼ ਨੂੰ ਲਾਗੂ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਿਸੇ ਵੀ ਸੰਕਟ ‘ਚ ਪਾਏ ਬਿਨਾਂ ਮੈਂ ਖੁਦ ਹੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਨੂੰ ਛੱਡਦਾ ਹਾਂ। ਮੈਨੂੰ ਪਤਾ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਮੈਨੂੰ ਬਹੁਤ ਪਿਆਰ ਕਰਦੀ ਹੈ ਤੇ ਉਹ ਮੈਨੂੰ ਹਮੇਸ਼ਾਂ ਹੀ ਪੰਥਕ ਸੋਚ ਵਾਲੇ ਟਕਸਾਲੀ ਅਕਾਲੀ ਦਾ ਦਰਜਾ ਦੇਂਦੀ ਹੈ। ਮੇਰੀਆਂ ਰਗਾਂ ‘ਚ ਅਕਾਲੀ ਖੂਨ ਵਗਦਾ ਹੈ ਤੇ ਹਮੇਸ਼ਾਂ ਵਗਦਾ ਰਹੇਗਾ।’’ ਉਨ੍ਹਾਂ ਅੱਗੇ ਕਿਹਾ, ‘‘ਮੈਨੂੰ ਸਿੰਘ ਸਾਹਿਬਾਨ ਦਾ ਆਦੇਸ਼ ਇੱਕ ਨਿਮਾਣੇ ਸਿੱਖ ਦੇ ਤੌਰ ‘ਤੇ ਰੂਹ ਤੋਂ ਪ੍ਰਵਾਨ ਹੈ।