PUNJAB : ਬਾਰਿਸ਼ ਕਾਰਨ ਮੌਸਮ ਹੋਇਆ ਠੰਡਾ ; ਪਾਵਰਕਾਮ ਨੂੰ ਮਿਲੀ ਰਾਹਤ
ਲੁਧਿਆਣਾ, 9ਅਕਤੂਬਰ (ਵਿਸ਼ਵ ਵਾਰਤਾ):ਪਿਛਲੇ ਕੁਝ ਦਿਨਾਂ ਤੋਂ ਹੋਈ ਹਲਕੀ ਬਾਰਿਸ਼ ਕਾਰਨ ਤਾਪਮਾਨ ‘ਚ ਗਿਰਾਵਟ ਆਈ ਹੈ। ਰਾਜ ਵਿੱਚ ਬਿਜਲੀ ਦੀ ਸਭ ਤੋਂ ਵੱਧ ਮੰਗ 11,204 ਮੈਗਾਵਾਟ ਦਰਜ ਕੀਤੀ ਗਈ। ਪਿਛਲੇ ਸਾਲ ਇਸ ਸਮੇ ਦੌਰਾਨ ‘ਚ ਇਹ ਅੰਕੜਾ 12,518 ਮੈਗਾਵਾਟ ਸੀ। ਮੰਗ ਘਟਣ ਕਾਰਨ ਪਾਵਰਕੌਮ ਨੂੰ ਰਾਹਤ ਮਿਲੀ ਹੈ। ਤਿੰਨ ਦਿਨ ਪਹਿਲਾਂ ਬਿਜਲੀ ਦੀ ਮੰਗ 14 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਗਈ ਸੀ। ਪਾਵਰਕੌਮ ਅਨੁਸਾਰ ਮੰਗਲਵਾਰ ਸ਼ਾਮ ਤੱਕ ਸਰਕਾਰੀ ਅਤੇ ਪ੍ਰਾਈਵੇਟ ਪਾਵਰ ਥਰਮਲ ਪਲਾਂਟਾਂ ਤੋਂ 5164 ਮੈਗਾਵਾਟ ਬਿਜਲੀ ਦਾ ਉਤਪਾਦਨ ਹੋਇਆ ਹੈ। 6 ਅਕਤੂਬਰ ਤੱਕ ਦਿਨ-ਰਾਤ ਬਹੁਤ ਗਰਮੀ ਸੀ, ਜਿਸ ਕਾਰਨ ਲੋਡ ਵਧ ਗਿਆ ਸੀ। ਆਉਣ ਵਾਲੇ ਦਿਨਾਂ ‘ਚ ਮੁੜ ਬਿਜਲੀ ਦੀ ਮੰਗ ਵਧਣ ਦੀ ਸੰਭਾਵਨਾ ਹੈ। ਕਾਰਨ ਇਹ ਹੈ ਕਿ ਦੀਵਾਲੀ ਤੋਂ ਪਹਿਲਾਂ ਘਰਾਂ ਅਤੇ ਬਾਜ਼ਾਰਾਂ ਵਿਚ ਬਿਜਲੀ ਦੇ ਉਪਕਰਨਾਂ ਦੀ ਵਰਤੋਂ ਜ਼ਿਆਦਾ ਹੋਵੇਗੀ। ਮੌਸਮ ਵਿਭਾਗ ਮੁਤਾਬਕ 1 ਜੂਨ ਤੋਂ 30 ਸਤੰਬਰ ਤੱਕ ਮਾਨਸੂਨ ਦੀ 30 ਫੀਸਦੀ ਘੱਟ ਬਾਰਿਸ਼ ਹੋਈ ਹੈ।