PUNJAB ਦੇ ਸਰਕਾਰੀ ਸਕੂਲਾਂ ਦੇ 50 ਹੈੱਡਮਾਸਟਰ ਟਰੇਨਿੰਗ ਲਈ ਅਹਿਮਦਾਬਾਦ ਰਵਾਨਾ
ਚੰਡੀਗੜ੍ਹ 7ਅਕਤੂਬਰ (ਵਿਸ਼ਵ ਵਾਰਤਾ): ਪੰਜਾਬ ਦੇ ਸਰਕਾਰੀ ਸਕੂਲਾਂ ਦੇ 50 ਹੈੱਡਮਾਸਟਰਾਂ ਅਤੇ ਹੈੱਡਮਿਸਟ੍ਰੈਸਾਂ ਦੀ ਟੀਮ ਸਿਖਲਾਈ ਲਈ ਆਈਆਈਐਮ ਅਹਿਮਦਾਬਾਦ ਲਈ ਰਵਾਨਾ ਹੋ ਗਈ ਹੈ। ਚੰਡੀਗੜ੍ਹ ਹਵਾਈ ਅੱਡੇ ‘ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟੀਮ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਹੈ। ਇਹ ਤੀਜਾ ਬੈਚ ਹੈ ਜਿਸ ਨੂੰ ਸਿਖਲਾਈ ਲਈ ਅਹਿਮਦਾਬਾਦ ਭੇਜਿਆ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਹੁਣ ਪ੍ਰਾਇਮਰੀ ਸਕੂਲਾਂ ਨੂੰ ਸਿਖਲਾਈ ਲਈ ਫਿਨਲੈਂਡ ਭੇਜਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਦੇ ਲਈ ਪੰਜਾਬ ਸਰਕਾਰ ਨੇ ਫਿਨਲੈਂਡ ਦੀ ਤੁਰਕੂ ਯੂਨੀਵਰਸਿਟੀ ਨਾਲ ਸਮਝੌਤਾ ਕੀਤਾ ਹੈ। ਪਹਿਲੇ ਬੈਚ ਵਿੱਚ ਪ੍ਰਾਇਮਰੀ ਸਕੂਲਾਂ ਦੇ 72 ਅਧਿਆਪਕਾਂ ਨੂੰ ਸਿਖਲਾਈ ਲਈ ਫਿਨਲੈਂਡ ਭੇਜਿਆ ਜਾਵੇਗਾ। ਇਹ ਸਿਖਲਾਈ ਪ੍ਰੋਗਰਾਮ 3 ਹਫ਼ਤਿਆਂ ਦਾ ਹੋਵੇਗਾ। ਸਿੱਖਿਆ ਵਿਭਾਗ ਨੇ ਇੱਛੁਕ ਅਧਿਆਪਕਾਂ ਤੋਂ ਆਨਲਾਈਨ ਅਰਜ਼ੀਆਂ ਮੰਗੀਆਂ ਹਨ।