PUNJAB : ਪੰਚਾਇਤੀ ਚੋਣਾਂ ਵਿੱਚ ਬੋਲੀ ਲਗਾਉਣ ਦਾ ਮਾਮਲਾ
2 ਕਰੋੜ ਦੀ ਬੋਲੀ ਲਗਾਉਣ ਵਾਲੇ ਨੇ ਫੈਸਲਾ ਲਿਆ ਵਾਪਿਸ
ਡੀ ਸੀ ਨੇ ਜਾਂਚ ਦੇ ਦਿੱਤੇ ਆਦੇਸ਼
ਚੰਡੀਗੜ੍ਹ, 1ਅਕਤੂਬਰ(ਵਿਸ਼ਵ ਵਾਰਤਾ)PUNJAB ਵਿੱਚ ਪੰਚਾਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਪਿੰਡਾਂ ਵਿੱਚ ਸਿਆਸੀ ਪਾਰਾ ਸਿਖ਼ਰਾਂ ਤੇ ਹੈ। ਕੱਲ੍ਹ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਵਾਲ ਕਲਾਂ ਵਿੱਚ ਸਰਪੰਚ ਦੇ ਅਹੁਦੇ ਲਈ 2 ਕਰੋੜ ਰੁਪਏ ਦੀ ਬੋਲੀ ਲੱਗੀ ਸੀ। ਪਰ ਹੁਣ ਸਰਪੰਚ ਦੇ ਅਹੁਦੇ ਲਈ 2 ਕਰੋੜ ਰੁਪਏ ਦੀ ਬੋਲੀ ਲਗਾਉਣ ਵਾਲੇ ਆਤਮਾ ਸਿੰਘ ਨੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਫੈਸਲਾ ਪਿੰਡ ਦੇ ਕੁਝ ਲੋਕਾਂ ਦੇ ਵਿਰੋਧ ਤੋਂ ਬਾਅਦ ਲਿਆ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਆਤਮਾ ਸਿੰਘ ਜਲਦੀ ਹੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਜਾਣਕਾਰੀ ਮੁਤਾਬਕ ਅੱਜ ਬੋਲੀ ਦਾ ਆਖਰੀ ਦਿਨ ਸੀ ਤੇ ਸਰਪੰਚ ਦੇ ਅਹੁਦੇ ਲਈ ਦਾਅਵੇਦਾਰ ਆਤਮਾ ਸਿੰਘ ਵੱਲੋਂ 2 ਕਰੋੜ ਰੁਪਏ ਤੋਂ ਵੱਧ ਦੀ ਬੋਲੀ ਲਾਉਣ ਦਾ ਵੀ ਆਖਰੀ ਦਿਨ ਸੀ। ਪਰ ਅੱਜ ਲੋਕਾਂ ਵੱਲੋਂ ਹੋਏ ਵਿਰੋਧ ਤੋਂ ਬਾਅਦ ਆਤਮਾ ਸਿੰਘ ਨੇ ਨਾਮਜ਼ਦਮੀ ਦਾਖ਼ਲ ਕਰਕੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਉਮਾ ਸ਼ੰਕਰ ਗੁਪਤਾ ਨੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਵਾਲ ਵਿੱਚ ਭਾਜਪਾ ਆਗੂ ਆਤਮਾ ਸਿੰਘ ਵੱਲੋਂ ਆਪਣੇ ਲਈ 2 ਕਰੋੜ ਰੁਪਏ ਦੀ ਬੋਲੀ ਲਾਉਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ- ਰਿਪੋਰਟ ਆਉਣ ਤੋਂ ਬਾਅਦ ਮਾਮਲੇ ‘ਚ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਸ ਮਾਮਲੇ ਦੀ ਜਾਂਚ ਡੇਰਾ ਬਾਬਾ ਨਾਨਕ ਦੇ ਏਡੀਸੀ ਅਤੇ ਐਸਡੀਐਮ ਨੂੰ ਸੌਂਪ ਦਿੱਤੀ ਹੈ।