PUNJAB : ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਮਨੀ ਚੋਣਾਂ ਨਾ ਲੜਣ ਦਾ ਫੈਸਲਾ
ਚੰਡੀਗੜ੍ਹ, 24ਅਕਤੂਬਰ(ਵਿਸ਼ਵ ਵਾਰਤਾ) ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਵਿੱਚ 13 ਨਵੰਬਰ ਨੂੰ ਹੋਣ ਜਾ ਰਹੀਆਂ ਚਾਰ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਨਾ ਲੜਨ ਦਾ ਫ਼ੈਸਲਾ ਲਿਆ ਗਿਆ ਹੈ। ਪਾਰਟੀ ਦੀ ਵਰਕਿੰਗ ਕਮੇਟੀ ਦੀ ਅੱਜ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿੱਚ ਇਸ ਬਾਰੇ ਰਸਮੀ ਤੌਰ ’ਤੇ ਫ਼ੈਸਲਾ ਲੈ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਅੰਦਰ ਚਾਰ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਬਰਨਾਲਾ ਅਤੇ ਚੱਬੇਵਾਲ ਸ਼ਾਮਲ ਹਨ। ਪਾਰਟੀ ਦੇ ਨੇਤਾ ਦਲਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਪਾਰਟੀ ਪੰਥਕ ਹਿੱਤਾਂ ਨੂੰ ਮੁੱਖ ਰੱਖਦਿਆਂ ਐਤਕੀਂ ਕੋਈ ਵੀ ਜ਼ਿਮਨੀ ਚੋਣ ਨਹੀਂ ਲੜੇਗੀ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਦੇ ਪ੍ਰਧਾਨ ਨੇ ਜ਼ਿੰਮੇਵਾਰੀ ਲਈ ਸੀ ਤਾਂ ਇਹ ਜ਼ਿੰਮੇਵਾਰੀ ਆਪਣੇ ਕਰਕੇ ਨਹੀਂ ਸਗੋਂ ਪਾਰਟੀ ਖਾਤਰ ਹੀ ਲਈ ਸੀ, ਜਿਸ ਕਰਕੇ ਪਾਰਟੀ ਹੁਣ ਕੋਈ ਵੀ ਜ਼ਿਮਨੀ ਚੋਣ ਨਹੀਂ ਲੜੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਲਈ ਹੁਕਮ, ਸਮੁੱਚੀ ਪਾਰਟੀ ਲਈ ਹੁਕਮ ਹੈ। ਉਨ੍ਹਾਂ ਕਿਹਾ ਕਿ ਇਕੱਲੇ ਪ੍ਰਧਾਨ ਨੂੰ ਸਾਰੇ ਕੁਝ ਲਈ ਜ਼ਿੰਮੇਵਾਰ ਨਹੀਂ ਕਿਹਾ ਜਾ ਸਕਦਾ।