Punjab : ਨਸ਼ਿਆਂ ਖ਼ਿਲਾਫ਼ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ‘ਚ ਵੱਡੀ ਕਾਰਵਾਈ, 16 ਮੁਲਜ਼ਮ ਗ੍ਰਿਫਤਾਰ
ਅੰਮ੍ਰਿਤਸਰ,10 ਜੁਲਾਈ (ਵਿਸ਼ਵ ਵਾਰਤਾ)Punjab: ਪੰਜਾਬ ਪੁਲੀਸ ਵੱਲੋਂ ਚਾਰ ਸਰਹੱਦੀ ਜ਼ਿਲ੍ਹਿਆਂ ਵਿੱਚ ਸ਼ੱਕੀ ਵਿਅਕਤੀਆਂ ਖ਼ਿਲਾਫ਼ ਤਲਾਸ਼ੀ ਮੁਹਿੰਮ ਜਾਰੀ ਹੈ। ਪਿਛਲੇ ਤਿੰਨ ਦਿਨਾਂ ਤੋਂ ਚਲਾਏ ਜਾ ਰਹੇ ਵਿਸ਼ੇਸ਼ ਆਪ੍ਰੇਸ਼ਨ ਦੇ ਹਿੱਸੇ ਵਜੋਂ ਪੁਲਿਸ ਨੇ 16 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਕਰੀਬ ਇੱਕ ਦਰਜਨ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਵੀ ਲਿਆ ਗਿਆ ਹੈ। ਪੁਲਿਸ ਵੱਲੋਂ ਸਰਹੱਦੀ ਪਿੰਡਾਂ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਲਈ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ ਵੱਲੋਂ ਇਹ ਸਰਚ ਆਪ੍ਰੇਸ਼ਨ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਲੋਕਾਂ ਦੀ ਭਾਲ ਵਿੱਚ ਚਲਾਇਆ ਜਾ ਰਿਹਾ ਹੈ। ਇਸ ਅਪਰੇਸ਼ਨ ਦੌਰਾਨ ਪੁਲਿਸ ਵੱਲੋਂ ਕਈ ਸ਼ੱਕੀ ਅਤੇ ਸੰਵੇਦਨਸ਼ੀਲ ਥਾਵਾਂ ਦੀ ਤਲਾਸ਼ੀ ਲਈ ਗਈ ਅਤੇ ਸਮੱਗਲਰਾਂ ਦੀਆਂ ਗਤੀਵਿਧੀਆਂ ਬਾਰੇ ਆਮ ਲੋਕਾਂ ਨੂੰ ਵੀ ਜਾਗਰੂਕ ਕੀਤਾ ਗਿਆ। ਪੁਲਿਸ ਵੱਲੋਂ ਇਹ ਮੁਹਿੰਮ ਪਠਾਨਕੋਟ, ਬਟਾਲਾ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਆਦਿ ਜ਼ਿਲ੍ਹਿਆਂ ਵਿੱਚ ਲਗਾਤਾਰ ਚਲਾਈ ਜਾ ਰਹੀ ਹੈ। ਪੁਲਿਸ ਰਿਕਾਰਡ ਅਨੁਸਾਰ ਇਹ ਜ਼ਿਲ੍ਹੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਦੇ ਸਰਗਰਮ ਸਥਾਨ ਹਨ।